ਅਕਾਲੀ ਦਲ ਯੂ.ਪੀ. ’ਚ 35 ਸੀਟਾਂ ’ਤੇ ਚੋਣ ਲੜੇਗਾ-ਸੁਖਬੀਰ ਬਾਦਲ (ਸੱਤ ਰਾਜਾਂ ਲਈ ਪਾਰਟੀ ਦੇ ਦਰਸ਼ਕਾਂ ਦਾ ਐਲਾਨ)

0
1293

ਚੰਡੀਗੜ 12 ਸਤੰਬਰ –(ਧਰਮਵੀਰ ਨਾਗਪਾਲ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਤਰ ਪ੍ਰਦੇਸ ਵਿੱਚ ਅਗਾਮੀ ਸਤਾਰਵੀਂ ਰਾਜ ਵਿਧਾਨ ਸਭਾ ਦੀਆਂ ਆਮ ਚੋਣਾਂ ਪਾਰਟੀ ਵੱਲੋਂ ਆਪਣੇ ਤੌਰ ’ਤੇ ਲੜੀਆਂ ਜਾਣਗੀਆਂ ਅਤੇ ਇਨਾਂ ਚੋਣਾਂ ਲਈ ਪਾਰਟੀ ਦੀ ਮਜਬੂਤੀ ਅਤੇ ਸਰਗਰਮੀਆਂ ਨੂੰ ਤੇਜ਼ ਕਰਨ ਵਾਸਤੇ ਅਕਾਲੀ ਦਲ ਵੱਲੋਂ ਚੋਣ ਦਰਸ਼ਕ ਵੀ ਨਾਮਜ਼ਦ ਕਰ ਦਿੱਤੇ ਗਏ ਹਨ।
ਅੱਜ ਇੱਥੇ ਇਹ ਐਲਾਨ ਕਰਦਿਆਂ ਅਕਾਲੀ ਦਲ ਦੇ ਸੁਪਰੀਮੋ ਸ. ਬਾਦਲ ਨੇ ਕਿਹਾ ਕਿ ਯੂ.ਪੀ. ’ਚ ਪੰਜਾਬੀਆਂ ਦੀ ਵੱਡੀ ਗਿਣਤੀ ਹੋਣ ਕਰਕੇ ਪਾਰਟੀ ਨੇ ਇਨਾਂ 35 ਸੀਟਾਂ ’ਤੇ ਆਪਣੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਲਿਆ ਹੈ ਅਤੇ ਇਨਾਂ ਹਲਕਿਆਂ ’ਤੇ ਅਕਾਲੀ ਦਲ ਨੂੰ ਬਿਹਤਰ ਨਤੀਜਿਆਂ ਦੀ ਆਸ ਹੈ। ਉਨਾਂ ਕਿਹਾ ਕਿ ਯੂ.ਪੀ. ਵਿਧਾਨ ਸਭਾ ਵਿੱਚ ’ਚ ਪੰਜਾਬੀਆਂ ਦੀ ਨੁਮਾਇੰਦਗੀ ਨਾ ਹੋਣ ਕਾਰਨ ਊਨਾਂ ਨੂੰ ਰਾਜ ਵਿੱਚ ਕਾਫੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਅਕਾਲੀ ਦਲ ਨੇ ਉਤਰ ਪ੍ਰਦੇਸ ਦੇ ਪੰਜਾਬੀਆਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਆਪਣੇ ਚੋਣ ਨਿਸ਼ਾਨ ’ਤੇ 35 ਸੀਟਾਂ ਲੜਨ ਦਾ ਫੈਸਲਾ ਲਿਆ ਹੈ।
ਉਨਾਂ ਦੱਸਿਆ ਕਿ ਉਤਰ ਪ੍ਰਦੇਸ ਵਿੱਚ ਇਨਾਂ 35 ਹਲਕਿਆਂ ’ਤੇ ਚੋਣ ਪ੍ਰਚਾਰ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਅਕਾਲੀ ਦਲ ਦੇ ਚੋਣ ਦਰਸ਼ਕਾਂ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਇਨਾਂ ਚੋਣਾਂ ਲਈ ਪਾਰਟੀ ਰਣਨੀਤੀ ਅਤੇ ਚੋਣ ਏਜੰਡਾ ਵੀ ਤੈਅ ਕੀਤਾ ਜਾਵੇਗਾ।
ਯੂ.ਪੀ. ਸਮੇਤ ਵੱਖ-ਵੱਖ ਰਾਜਾਂ ਵਿੱਚ ਪਾਰਟੀ ਦੀ ਮਜਬੂਤੀ ਅਤੇ ਸਰਗਰਮੀਆਂ ਨੂੰ ਤੇਜ਼ ਕਰਨ ਵਾਸਤੇ ਚੋਣ ਦਰਸ਼ਕਾਂ ਦੀ ਨਾਮਜਦਗੀ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਲੋਕ ਸਭਾ ਮੈਂਬਰ ਤੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪਾਰਟੀ ਦੇ ਐਸ.ਸੀ./ਬੀ.ਸੀ. ਵਿੰਗ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਉਤਰ ਪ੍ਰਦੇਸ ਲਈ ਦਰਸ਼ਕ ਨਾਮਜ਼ਦ ਕੀਤਾ ਹੈ।
ਇਸੇ ਤਰਾਂ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਪੱਛਮੀ ਬੰਗਾਲ, ਮਹਾਰਾਸ਼ਟਰ, ਮੱਧ ਪ੍ਰਦੇਸ, ਅਸਾਮ, ਬਿਹਾਰ ਅਤੇ ਛੱਤੀਸਗੜ ਰਾਜ ਲਈ ਦਰਸ਼ਕ ਨਾਮਜ਼ਦ ਕੀਤਾ ਗਿਆ ਹੈ।