ਅੰਤਰ-ਰਾਸ਼ਟਰੀ ਅਹਿੰਸਾ ਦਿਵਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ

0
1332

ਪਟਿਆਲਾ (ਧਰਮਵੀਰ ਨਾਗਪਾਲ) ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਤਰ-ਰਾਸ਼ਟਰੀ ਅਹਿੰਸਾ ਦਿਵਸ ਮਨਾਇਆ ਗਿਆ। ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਵੱਲੋਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਦੀ ਸਹੁੰ ਚੁਕਾਈ ਗਈ। ਸ਼੍ਰੀ ਰੂਜਮ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਆਮ ਸਭਾ ਵੱਲੋਂ ਸਾਲ 2007 ਵਿੱਚ 2 ਅਕਤੂਬਰ ਨੂੰ ਅੰਤਰ-ਰਾਸ਼ਟਰੀ ਅਹਿੰਸਾ ਦਿਵਸ ਘੋਸ਼ਿਤ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਦਫਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਹੁੰ ਚੁਕਾਉਂਦਿਆਂ ਸ਼੍ਰੀ ਰੂਜਮ ਨੇ ਕਿਹਾ ਕਿ ਸਮੂਹ ਭਾਈਚਾਰੇ ਵਿੱਚ ਅਹਿੰਸਾ ਅਤੇ ਸਹਿਣਸ਼ੀਲਤਾ ਦੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਵਿੱਚ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਲਈ ਵਚਨਬੱਧਤਾ ਅਤੇ ਹਰੇਕ ਨਾਗਰਿਕ ਦੀ ਆਜ਼ਾਦੀ, ਨਿਆਂ ਤੇ ਬਰਾਬਰੀ ਲਈ ਪੂਰੀ ਦ੍ਰਿੜਤਾ ਨਾਲ ਯਤਨਸ਼ੀਲ ਰਹਿਣਾ ਚਾਹੀਦਾ ਹੈ। ਸ਼੍ਰੀ ਰੂਜਮ ਨੇ ਕਿਹਾ ਕਿ ਸਮੁੱਚੀ ਮਾਨਵਤਾ ਦੀ ਸੇਵਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਬਿਨਾਂ ਕਿਸੇ ਹਿੰਸਾ ਤੋਂ ਆਪਣੇ ਇਨ੍ਹਾਂ ਫਰਜ਼ਾਂ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਪੂਰਾ ਕਰਨ ਪ੍ਰਤੀ ਵਚਨਬੱਧ ਰਹਿਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਸਵੱਛਤਾ ਦੀ ਮੁਹਿੰਮ ਨੂੰ ਜਾਰੀ ਰੱਖਣ ਵਿੱਚ ਵੀ ਹਰੇਕ ਨਾਗਰਿਕ ਨੂੰ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਾਜੇਸ਼ ਤ੍ਰਿਪਾਠੀ, ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ, ਐਸ.ਡੀ.ਐਮ ਪਟਿਆਲਾ ਸ਼੍ਰੀ ਗੁਰਪਾਲ ਸਿੰਘ ਚਹਿਲ, ਐਸ.ਡੀ.ਐਮ ਰਾਜਪੁਰਾ ਸ਼੍ਰੀ ਜੇ.ਕੇ ਜੈਨ, ਐਸ.ਡੀ.ਐਮ ਨਾਭਾ ਸ਼੍ਰੀਮਤੀ ਅਮਰਬੀਰ ਕੌਰ ਭੁੱਲਰ, ਐਸ.ਡੀ.ਐਮ ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ, ਐਸ.ਡੀ.ਐਮ ਪਾਤੜਾਂ ਸ਼੍ਰੀ ਜੀ.ਪੀ.ਐਸ ਸਹੋਤਾ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।