ਇਹ ਬਾਦਲ ਲਈ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਸਮਾਂ: ਬਾਜਵਾ

0
1598

 

ਚੰਡੀਗੜ੍ਹ, 15 ਮਈ: (ਧਰਮਵੀਰ ਨਾਗਪਾਲ) ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣ ਲਈ ਕਿਹਾ ਹੈ, ਜਿਨ੍ਹਾਂ ਦੀ ਸੂਬੇ ਦਾ ਪ੍ਰਸ਼ਾਸਨ ਚਲਾਉਣ ਦੀ ਹਿੰਮਤ ਜਵਾਬ ਦੇ ਚੁੱਕੀ ਹੈ ਅਤੇ ਇਕ ਵਾਰ ਫਿਰ ਤੋਂ ਬੱਸ ’ਚ ਸਫਰ ਦੌਰਾਨ ਕੰਡਕਟਰ ਵੱਲੋਂ ਦੋ ਦਲਿਤ ਲੜਕੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ 92 ਸਾਲਾਂ ਦੇ ਹੋ ਚੁੱਕੇ ਬਾਦਲ ਨੂੰ ਰਿਟਾਇਰਮੇਂਟ ਲੈ ਲੈਣੀ ਚਾਹੀਦੀ ਹੈ ਤੇ ਆਪਣੇ ਜੱਦੀ ਪਿੰਡ ’ਚ ਬਣੇ ਵਿਰਧ ਆਸ਼ਰਮ ’ਚ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ’ਚ ਔਰਤਾਂ ਅਸੁਰੱਖਿਅਤ ਹਨ ਤੇ ਹਰ ਥਾਂ ਇਜੱਤ ਦੇ ਲੁਟੇਰੇ ਮੌਜ਼ੂਦ ਹਨ, ਜਿਨ੍ਹਾਂ ਨੂੰ ਸੱਤਾਧਾਰੀ ਲੋਕਾਂ ਦੀ ਸ਼ੈਅ ਪ੍ਰਾਪਤ ਹੈ। ਓਰਬਿਟ ਟਰਾਂਸਪੋਰਟ ਦੀ ਤੇਜ਼ ਰਫਤਾਰ ਬੱਸ ’ਚ ਨੌਜਵਾਨ ਲੜਕੀ ਅਰਸ਼ਦੀਪ ਨਾਲ ਛੇੜਛਾੜ ਤੋਂ ਬਾਅਦ ਉਸਨੂੰ ਬੱਸ ’ਚੋਂ ਬਾਹਰ ਸੁੱਟਣ ਦਾ ਮਾਮਲਾ ਹਾਲੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਅਕਾਲੀ ਦਲ ਦੇ ਲੀਡਰ ਹਰਦੀਪ ਸਿੰਘ ਢਿਲੋਂ ਦੀ ਮਲਕਿਅਤ ਵਾਲੀ ਟਰਾਂਸਪੋਰਟ ਕੰਪਨੀ ਦੇ ਕੰਡਕਟਰ ਵੱਲੋਂ ਦੋ ਦਲਿਤ ਭੈਣਾਂ ਨੂੰ ਪ੍ਰੇਸ਼ਾਨ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਕੰਪਨੀ ਦੀ ਬੱਸ ਦਾ ਘੇਰਾਓ ਕਰਨ ਲਈ 13 ਸਾਲਾਂ ਵਿਦਿਆਰਥੀ ਸਮੇਤ ਕਈ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੰਪਨੀ ਦੇ ਸਟਾਫ ਵੱਲੋਂ ਕਈਆਂ ਨਾਲ ਪੁਲਿਸ ਹਿਰਾਸਤ ’ਚ ਮਾਰਕੁੱਟ ਕੀਤੀ ਗਈ ਤੇ ਬਾਅਦ ’ਚ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਲੜੀ ਹੇਠ ਬੀਤੇ ਦਿਨ ਕਾਂਗਰਸ ਪਾਰਟੀ ਵੱਲੋਂ ਫਰੀਦਕੋਟ ਜੇਲ੍ਹ ਦੇ ਬਾਹਰ ਧਰਨਾ ਲਗਾਏ ਜਾਣ ਤੋਂ ਬਾਅਦ ਧਾਰਾ 307 ਹਟਾ ਲਈ ਗਈ। ਉਨ੍ਹਾਂ ਨੇ ਕਿਹਾ ਕਿ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉ¦ਘਣਾ ਕਰਦਿਆਂ ਬਿਨ੍ਹਾਂ ਜਾਂਚ ਤੋਂ ਲੜਕੀਆਂ ਦੇ ਪਿਤਾ ਦੀ ਸ਼ਿਕਾਇਤ ਦਰਜ਼ ਕਰਨ ਤੋਂ ਇਨਕਾਰ ਕਰ ਦਿੱਤਾ। ਦੋਵੇਂ ਭੈਣਾਂ ਮੁਕਤਸਰ ’ਚ ਆਪਣਾ ਅਧਾਰ ਕਾਰਡ ਬਣਵਾਉਣ ਤੋਂ ਬਾਅਦ ਵਾਪਿਸ ਘਰ ਆ ਰਹੀਆਂ ਸਨ, ਜਿਹੜਾ ਬਾਦਲ ਦਾ ਘਰੇਲੂ ਜ਼ਿਲ੍ਹਾ ਹੈ। ਇਸ ਦੌਰਾਨ ਕੰਡਕਟਰ ਨੇ ਉਨ੍ਹਾਂ ’ਤੇ ਗਲਤ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਲੜਕੀਆਂ ਨੇ ਵਿਰੋਧ ਕੀਤਾ, ਤਾਂ ਉਨ੍ਹਾਂ ਨੂੰ ਬੱਸ ’ਚੋਂ ਉਤਾਰ ਦਿੱਤਾ ਗਿਆ। ਇਸ ਮਾਮਲੇ ’ਚ ਇਕ ਅੰਗਹੀਣ ਕਿਸਾਨ ਮਨਪ੍ਰੀਤ ਸਿੰਘ ਅੱਖੀਂ ਦੇਖਣ ਵਾਲਾ ਹੈ, ਜਿਸਨੇ ਮਾਮਲਾ ਸਾਹਮਣੇ ਲਿਆਉਣ ਦੀ ਪਹਿਲਕਦਮੀ ਕੀਤੀ। ਬਾਜਵਾ ਨੇ ਕਿਹਾ ਕਿ ਸਪੱਸ਼ਟ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਅਕਤੀਆਂ ਨੇ ਗੁੰਡਿਆਂ ਨੂੰ ਭਰਤੀ ਕੀਤਾ ਹੋਇਆ ਹੈ, ਜਿਨ੍ਹਾਂ ਨੇ ਸੂਬੇ ਨੂੰ ਮਾਫੀਆ ਰਾਜ ਬਣਾ ਦਿੱਤਾ ਹੈ। ਇਨ੍ਹਾਂ ਨੂੰ ਕਾਨੂੰਨ ਦਾ ਡਰ ਨਹੀਂ। ਜਦਕਿ ਪੁਲਿਸ ਅਕਾਲੀ ਲੀਡਰਾਂ ਦੇ ਬਿਜਨੇਸ ਹਿੱਤਾਂ ਦੀ ਰਾਖੀ ਕਰਨ ਲੱਗੀ ਹੋਈ ਹੈ, ਭਾਵੇਂ ਉਹ ਰੇਤ ਮਾਫੀਆ ਹੋਵੇ ਜਾਂ ਟਰਾਂਸਪੋਰਟ ਮਾਫੀਆ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਹਾਲਾਤਾਂ ਨੂੰ ਜਾਰੀ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਕਾਂਗਰਸ ਇਸ ਸਰਕਾਰ ਨੂੰ ਉਖਾੜ ਸੁੱਟਣ ਲਈ ਤਿੱਖਾ ਵਿਰੋਧ ਕਰੇਗੀ।