ਊਰਜਾ ਦੀ ਬੱਚਤ ਲਈ ਪੇਡਾ ਵੱਲੋਂ ਸੈਮੀਨਾਰ ਦਾ ਆਯੋਜਿਨ

0
1476

ਲੁਧਿਆਣਾ 09 ਮਾਰਚ (ਸੀ ਐਨ ਆਈ )- ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦਫ਼ਤਰ ਵੱਲੋਂ ਊਰਜਾ ਦੀ ਬੱਚਤ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਹੋਟਲ ਮਾਹਲ ਲੁਧਿਆਣਾ ਵਿਖੇ ਕੀਤਾ ਗਿਆ। ਇਸ ਟ੍ਰੇਨਿੰਗ ਸਬੰਧੀ ਜਿਲਾ ਮੇਨੈਜ਼ਰ ਪੇਡਾ ਸ੍ਰੀ ਅਨੁਪਮ ਨੰਦਾ ਵੱਲੋਂ ਦੱਸਿਆ ਗਿਆ ਕਿ ਇਮਾਰਤਾਂ ਦੀ ਉਸਾਰੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਇਮਾਰਤਾਂ ਦੀ ਉਸਾਰੀ ਸਮੇਂ ਲੋਕਾਂ ਵੱਲੋਂ ਨਵੀਂ ਕਿਸਮ ਦੇ ਊਰਜਾ ਦੇ ਉਪਕਰਨ ਲਗਾਉਣ ਨਾਲ ਕੇਵਲ ਸਾਡੀ ਊਰਜਾ ਦੀ ਬੱਚਤ ਹੀ ਨਹੀਂ ਹੁੰਦੀ, ਬਲਕਿ ਸਾਡੀਆਂ ਲੋੜਾਂ ਦੀ ਘੱਟ ਖਰਚੇ ਨਾਲ ਪੂਰਤੀ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਅਜਿਹੇ ਜਾਣਕਾਰੀ ਵਰਧਕ ਸੈਮੀਨਾਰ ਲਗਾਉਣ ਲਈ ਹਮੇਸ਼ਾ ਹੀ ਪ੍ਰੇਰਿਤ ਕੀਤਾ ਗਿਆ ਹੈ। ਜਿਲਾ ਮੇਨੈਜ਼ਰ ਪੇਡਾ ਨੇ ਦੱਸਿਆ ਕਿ ਉਦਯੋਗਿਕ ਅਧਾਰਤ ਕਮਰਸ਼ੀਅਲ ਅਤੇ ਸਰਕਾਰੀ ਬਿਲਡਿੰਗਾਂ ਨੂੰ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਰਾਹੀਂ ਲਗਵਾਉਣ ਦਾ ਮਸ਼ਵਰਾ ਵੀ ਦਿੱਤਾ ਗਿਆ ਹੈ। ਇਸ ਸੈਮੀਨਾਰ ਵਿੱਚ ਵੱਖ-ਵੱਖ ਅਦਾਰੇ ਨਗਰ-ਨਿਗਮ, ਗਲਾਡਾ, ਪੀ.ਡਬਲਯੂ.ਡੀ. ਅਤੇ ਹੋਰ ਅਦਾਰਿਆਂ ਵੱਲੋਂ ਹਿੱਸਾ ਲਿਆ ਗਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਊਰਜਾ ਦੇ ਮਾਹਿਰ ਅਨੁਰਾਗ ਬਾਜਪਾਈ, ਮਿਨਾਕਸ਼ੀ ਕੰਧਾਰੀ ਅਤੇ ਅਨੁਰਾਗ ਕੰਧਾਰੀ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਦਾ ਇਸਤੇਮਾਲ ਕਰਨ ਦੀ ਜਾਣਕਾਰੀ ਦਿੱਤੀ। ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਨਵੀਆਂ ਸਕੀਮਾਂ ਅਤੇ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤਾਂ ਕਿ ਊਰਜਾ ਦੀ ਬੱਚਤ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਹਨਾਂ ਇਸ ਮੌਕੇ ਇਹ ਵੀ ਸੁਝਾਅ ਦਿੱਤਾ ਕਿ 100 ਕਿਲੋਵਾਟ ਤੋਂ ਵੱਧ ਲੋਡ ਵਾਲੇ ਕੁਨੈਕਸ਼ਨਾਂ ‘ਤੇ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਲਾਗੂ ਕੀਤਾ ਜਾਵੇ। ਇਸ ਸੈਮੀਨਾਰ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਸਬੰਧੀ ਸੁਆਲ ਪੁੱਛੇ ਗਏ, ਜਿਨਾ ਦੇ ਢੁਕਵੇਂ ਜੁਆਬ ਦੇ ਕੇ ਸ਼ੰਕੇ ਦੂਰ ਕਰ ਦਿੱਤੇ ਗਏ।