ਕਾਨੂੰਨੀ ਜਾਗਰੂਕਤਾ ਸੰਬੰਧੀ ਜਸਟਿਸ ਮਾਨ ਵੱਲੋਂ ਕਈ ਕੇਂਦਰਾਂ ਦਾ ਦੌਰਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਅਤੇ ਝੁੱਗੀ ਝੌਂਪੜੀ ਵਾਲੇ ਬੱਚਿਆਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਬਾਰੇ ਲਈ ਜਾਣਕਾਰੀ

0
1679

ਲੁਧਿਆਣਾ, 18 ਨਵੰਬਰ (ਸੀ ਐਨ ਆਈ ) ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਚਲਾਈ ਗਈ ਮੁਹਿੰਮ ‘ਕੁਨੈਕਟਿੰਗ ਟੂ ਸਰਵ’ ਤਹਿਤ ਅੱਜ ਜਸਟਿਸ ਸ੍ਰ. ਟੀ. ਪੀ. ਐੱਸ. ਮਾਨ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਮ ਕਾਰਜਕਾਰੀ ਚੇਅਰਮੈਨ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਸ਼ਹਿਰ ਲੁਧਿਆਣਾ ਦੇ ਕਈ ਕੇਂਦਰਾਂ ਦਾ ਦੌਰਾ ਕੀਤਾ ਗਿਆ, ਜਿੱਥੇ ਕਾਨੂੰਨੀ ਸੇਵਾਵਾਂ ਬਾਰੇ ਲੋਕਾਂ ਅਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ, ਉਥੇ ਹੀ ਉਨਾਂ ਦੀਆਂ ਕਾਨੂੰਨੀ ਪੱਖ ਤੋਂ ਸਮੱਸਿਆਵਾਂ ਨੂੰ ਵੀ ਸੁਣਿਆ ਗਿਆ।
ਜਮਾਲਪੁਰ ਸਥਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਵਿਖੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਜਸਟਿਸ ਮਾਨ ਨੇ ਉਨਾਂ ਦੀਆਂ ਲੋੜਾਂ ਅਤੇ ਮੁਸ਼ਕਿਲਾਂ ਬਾਰੇ ਪੁੱਛਿਆ। ਉਨਾਂ ਮੌਕੇ ‘ਤੇ ਹਾਜ਼ਰ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਮੁਸ਼ਕਿਲਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਅਤੇ ਮੈਡੀਕਲ ਸਹੂਲਤ ਦਾ ਵੀ ਜਾਇਜ਼ਾ ਲਿਆ।
ਉਨਾਂ ਬੱਚਿਆਂ ਦੇ ਖਾਣੇ, ਰਸੋਈ ਅਤੇ ਹੋਸਟਲ ਦੀ ਵੀ ਚੈਕਿੰਗ ਕੀਤੀ। ਉਨਾਂ ਹਦਾਇਤ ਕੀਤੀ ਕਿ ਇਨਾ ਬੱਚਿਆਂ ਦੀ ਸਿਹਤ ਸੁਰੱਖਿਆ ਲਈ ਡਾਕਟਰ ਜਾਂ ਅਟੈਂਡੈਂਟ ਬੱਚਿਆਂ ਦੇ ਨਾਲ ਰਹਿਣਾ ਚਾਹੀਦਾ ਹੈ। ਬੱਚਿਆਂ ਨਾਲ ਸੰਬੰਧਤ ਹਰ ਤਰਾਂ ਦਾ ਰਿਕਾਰਡ ਬਕਾਇਦਾ ਤਿਆਰ ਕਰਨਾ ਚਾਹੀਦਾ ਹੈ। ਬੱਚਿਆਂ ਅਤੇ ਸੰਸਥਾ ਦੀ ਸੁਰੱਖਿਆ ਪੁਖ਼ਤਾ ਹੋਣੀ ਚਾਹੀਦੀ ਹੈ। ਇਸ ਮੌਕੇ ਉਨਾਂ ਬੱਚਿਆਂ ਨੂੰ ਖੇਡਣ ਲਈ ਕ੍ਰਿਕਟ ਦੀ ਕਿੱਟ ਵੀ ਪ੍ਰਦਾਨ ਕੀਤੀ।
ਇਸ ਉਪਰੰਤ ਉਨਾਂ ਹਬਰਾ ਸੜਕ ਸਥਿਤ ਸਲੱਮ ਏਰੀਆ ਦਾ ਵੀ ਦੌਰਾ ਕੀਤਾ, ਜਿੱਥੇ ਕਿ ਚੱਲ ਰਹੇ ਗਰੀਬ ਬੱਚਿਆਂ ਦੇ ਸਕੂਲ ਵਿਖੇ ਇੱਕ ਕਾਨੂੰਨੀ ਜਾਗਰੂਕਤਾ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਉਨਾਂ ਸਕੂਲ ਦਾ ਦੌਰਾ ਕਰਦਿਆਂ ਬੱਚਿਆਂ ਤੋਂ ਕਵਿਤਾਵਾਂ ਵੀ ਸੁਣੀਆਂ। ਇਸ ਮੌਕੇ ਉਨਾਂ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਥੇ ਹਾਜ਼ਰ ਸੰਬੰਧਤ ਅਧਿਕਾਰੀਆਂ ਨੂੰ ਇਨਾ ਦਾ ਹੱਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਅਤੇ ਖਾਣ-ਪੀਣ ਦਾ ਸਮਾਨ ਵੀ ਵੰਡਿਆ।
ਇਸ ਮੌਕੇ ਉਨਾਂ ਨਾਲ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀਮਤੀ ਹਰਪ੍ਰੀਤ ਕੌਰ, ਜਿਲਾ ਅਤੇ ਸੈਸ਼ਨ ਜੱਜ ਸ੍ਰ. ਗੁਰਬੀਰ ਸਿੰਘ, ਸ੍ਰੀ ਆਰ. ਕੇ. ਜੈਨ ਵਧੀਕ ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਡਾ. ਗੁਰਪ੍ਰੀਤ ਕੌਰ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਜਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰ ਪ੍ਰੀਤ ਕੌਰ ਅਤੇ ਹੋਰ ਮੌਜੂਦ ਸਨ।