ਖੇਤੀ ਅਤੇ ਫ਼ਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਬਸਿਡੀ-ਡਿਪਟੀ ਕਮਿਸ਼ਨਰ

0
1454

ਲੁਧਿਆਣਾ, 24 ਜਨਵਰੀ (ਸੀ ਐਨ ਆਈ)-ਸਰਕਾਰ ਵੱਲੋਂ ਫ਼ਸਲਾਂ ਦੀ ਰਹਿੰਦ ਖੂੰਹਦ/ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਅਤੇ ਠੀਕ ਢੰਗ ਨਾਲ ਖੇਤ ਵਿੱਚ ਮਿਲਾਉਣ ਲਈ ਵੱਖ-ਵੱਖ ਮਸ਼ੀਨਾਂ/ਸੰਦਾਂ ਰਾਂਹੀ ਸਾਂਭਣ ਦੇ ਯਤਨਾਂ ਸਦਕਾ ਸਬ-ਮਿਸ਼ਨ ਆਨ ਐਗ੍ਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਮਸ਼ੀਨਾਂ/ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ 40 ਪ੍ਰਤੀਸ਼ਤ ਸਬਸਿਡੀ ਉਪਲਬਧ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਪੱਧਰ ‘ਤੇ ਵਿਸ਼ੇਸ਼ ਫਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ 80 ਪ੍ਰਤੀਸ਼ਤ ਦੀ ਦਰ ਵਾਲੀ ਸਕੀਮ ਵੀ ਉਪਲਬਧ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਖੇਤੀ ਮਸ਼ੀਨਰੀ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਵਿੱਚ 65 ਪੈਡੀ ਸਟਰਾਅ ਚੌਪਰ ਸ਼ਰੈਂਡਰ/ਮਲਚਰ, 100 ਸਬ ਸੋਆਇਲਰ ਅਤੇ 10 ਰਿਵਰਸੀਬਲ ਹਾਈਡਰੋਲਿਕ ਮੋਲਡ ਬੋਲਡ ਪਲੋਅ (ਉਲਟਾਵਾਂ ਹਲ) ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਇਹ ਸਬਸਿਡੀ ਸਰਕਾਰ ਵੱਲੋਂ ਸਮੈਮ (ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ) ਸਕੀਮ ਤਹਿਤ ਦਿੱਤੀ ਜਾ ਰਹੀ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਕਸਟਮ ਹਾਇਰਿੰਗ ਸੈਂਟਰ/ਫਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ 2 ਸੈਂਟਰ, ਜੋ 10 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਹੋਣਗੇ ‘ਤੇ ਸਬਸਿਡੀ ਦੀ ਰਕਮ 80 ਪ੍ਰਤੀਸ਼ਤ ਹੋਵੇਗੀ ਅਤੇ ਇਹ ਘੱਟੋ-ਘੱਟ 8 ਕਿਸਾਨ ਗਰੁੱਪ ਬਣਾ ਕੇ ਲੈ ਸਕਣਗੇ, ਜਦ ਕਿ ਇਸ ਵਿੱਚ ਟਰੈਕਟਰ ਮਿਲਣਯੋਗ ਨਹੀ ਹੋਵੇਗਾ। ਇਸ ਤੋਂ ਇਲਾਵਾ 1 ਸੈਂਟਰ 25 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਹੋਵੇਗਾ, ਜਿਸ ‘ਤੇ ਵੱਧ ਤੋਂ ਵੱਧ ਸਬਸਿਡੀ 40 ਪ੍ਰਤੀਸ਼ਤ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਦੇਵ ਸਿੰਘ ਨੇ ਦੱਸਿਆ ਕਿ ਹਾਰਵੈਸਟਰ ਕੰਬਾਇਨ ਨਾਲ ਲੱਗਣ ਵਾਲੇ 100 ਸੁਪਰ ਐੱਸਐੱਮ.ਐੱਸ ਦਿੱਤੇ ਜਾਣਗੇ, ਜਿਸ ‘ਤੇ ਸਬਸਿਡੀ ਦੀ ਰਕਮ ਵੱਧ ਤੋਂ ਵੱਧ 50 ਹਜਾਰ ਰੁਪਏ ਹੋਵੇਗੀ। ਓਹਨਾ ਦੱਸਿਆ ਕਿ ਇਹ ਸਬਸਿਡੀ ਹਾਸਲ ਕਰਨ ਵਾਲੇ ਕਿਸਾਨ 6 ਫਰਵਰੀ 2018 ਤੱਕ ਅਰਜੀਆਂ ਜਮਾ ਕਰਵਾ ਸਕਦੇ ਹਨ ਅਤੇ ਅਰਜ਼ੀ ਦਾ ਨਮੂਨਾ ਜਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਉਪਲੱਬਧ ਹੈ। ਉਹਨਾਂ ਦੱਸਿਆ ਕਿ ਜਿੰਨਾ ਕਿਸਾਨਾਂ ਦੀ ਮਸ਼ੀਨਰੀ ਲੈਣ ਲਈ ਚੋਣ ਹੋਵੇਗੀ, ਉਹ ਕਿਸਾਨ ਇਹ ਮਸ਼ੀਨਰੀ ਖਰੀਦ ਕਰਨ ਉਪਰੰਤ ਆਪਣੇ ਖੇਤਾਂ ਵਿੱਚ ਅੱਗ ਨਹੀ ਲਾ ਸਕਣਗੇ ਅਤੇ ਅਜਿਹਾ ਕਰਨ ਦੀ ਸੂਰਤ ਵਿੱਚ ਕਿਸਾਨ ਸਬਸਿਡੀ ਦੀ ਰਕਮ ਵਿਆਜ ਸਮੇਤ ਵਾਪਸ ਕਰਨ ਦੇ ਪਾਬੰਧ ਹੋਣਗੇ। ਓਹਨਾ ਦੱਸਿਆ ਕਿ ਜਿਹੜੇ ਕਿਸਾਨ/ਗਰੁੱਪ ਇਹ ਮਸ਼ੀਨਰੀ ਜਾਂ ਕਸਟਮ ਹਾਇਰਿੰਗ ਸੈਂਟਰ/ਫਾਰਮ ਮਸੀਨਰੀ ਬੈਂਕ ਸਥਾਪਿਤ ਕਰਨ ਦੇ ਚਾਹਵਾਨ ਹੋਣ ਉਹ ਆਪਣੀ ਅਰਜੀ ਫ਼ਾਰਮ ਨਾਲ ਜਮੀਨ ਦੀ ਫਰਦ, ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ, ਟਰੈਕਟਰ ਦੀ ਆਰ ਸੀ ਦੀ ਕਾਪੀ ਆਦਿ ਲੋੜੀਂਦੇ ਦਸਤਾਵੇਜ਼ ਲਗਾ ਕੇ 6 ਫਰਵਰੀ 2018 ਤੱਕ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਜਾਂ ਮੁੱਖ ਖੇਤੀਬਾੜੀ ਦਫ਼ਤਰ ਵਿੱਚ ਜਮਾਂ ਕਰਵਾ ਸਕਦੇ ਹਨ। ਓਹਨਾ ਦੱਸਿਆ ਕਿ ਸਥਾਪਿਤ ਕੀਤੇ ਜਾਣ ਵਾਲੇ ਕਸਟਮ ਹਾਇਰਿੰਗ ਸੈਂਟਰ/ ਫਾਰਮ ਮਸ਼ੀਨਰੀ ਬੈਂਕ ਵਿਚ ਫਸਲ ਦੀ ਰਹਿੰਦ ਖੂੰਹਦ/ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਵਰਤੇ ਜਾਂਦੇ ਖੇਤੀ ਸੰਦ/ਮਸ਼ੀਨਰੀ ਜਿਵੇਂ ਰਿਵਰਸੀਬਲ ਐਮ.ਬੀ.ਪਲਾਓ, ਮਲਚਰ, ਜੀਰੋ ਟਿੱਲ ਡਰਿੱਲ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ ਸ਼ਰੈਡਰ ਆਦਿ ਲੈਣੇ ਲਾਜ਼ਮੀ ਹੋਣਗੇ। ਓਹਨਾ ਦੱਸਿਆ ਕਿ ਦਿੱਤੀ ਜਾਣ ਵਾਲੀ ਮਸ਼ੀਨਰੀ ਦੇ ਯੋਗ ਪਾਏ ਜਾਣ ਵਾਲੇ ਕਿਸਾਨ ਆਪਣੇ ਖੇਤੀ ਕੰਮ ਤੋਂ ਇਲਾਵਾ ਇਲਾਕੇ ਦੇ ਹੋਰ ਕਿਸਾਨਾਂ ਦਾ ਘੱਟ ਰੇਟ ‘ਤੇ ਕੰਮ ਕਰਨ ਦੇ ਪਾਬੰਧ ਹੋਣਗੇ। ਐੱਸ. ਸੀ., ਐੱਸ. ਟੀ. ਅਤੇ ਕਿਸਾਨ ਔਰਤਾਂ ਦੇ ਕੇਸ ਪਹਿਲ ਦੇ ਆਧਾਰ ‘ਤੇ ਵਿਚਾਰੇ ਜਾਣਗੇ।