ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਾਉਣ ਵਿੱਚ ਦਿੱਕਤ ਪੇਸ਼ ਨਾ ਆਵੇ-ਚੇਅਰਮੈਨ ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਲੱਭਣ ਲਈ ਪੰਜਾਬ ਸਰਕਾਰ ਦਾ ਧੰਨਵਾਦ,

0
1579

ਲੁਧਿਆਣਾ, 28 ਨਵੰਬਰ (ਸੀ ਐਨ ਆਈ )-ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਨ ਨੇ ਅੱਜ ਸਥਾਨਕ ਈਸਾ ਨਗਰ (ਲੁਧਿਆਣਾ) ਵਿਖੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਦਾ ਮੌਕੇ ‘ਤੇ ਹੱਲ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਉਨਾਂ ਨੂੰ ਆਪਣੀ ਜਾਤੀ ਨਾਲ ਸੰਬੰਧਤ ਸਰਟੀਫਿਕੇਟ ਜਾਰੀ ਕਰਾਉਣ ਲਈ ਕਾਫੀ ਜੱਦੋਜਹਿਦ ਕਰਨੀ ਪੈਂਦੀ ਹੈ, ਜਿਸ ਨੂੰ ਕਾਫੀ ਗੰਭੀਰਤਾ ਨਾਲ ਲੈਂਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ ਨੇ ਜਿਲਾ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਅਜਿਹੇ ਸਰਟੀਫਿਕੇਟ ਜਾਰੀ ਕਰਨ ਵਿੱਚ ਤੈਅ ਸਮੇਂ ਤੋਂ ਜਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ ਹੈ।
ਉਨਾਂ ਦੇ ਧਿਆਨ ਵਿੱਚ ਆਇਆ ਕਿ ਸ਼ਹਿਰ ਦੇ ਕਬਰਿਸਤਾਨ ਵਿੱਚ ਕਾਫੀ ਗੰਦ ਪਿਆ ਰਹਿੰਦਾ ਹੈ ਅਤੇ ਨਗਰ ਨਿਗਮ ਦੀ ਅਣਦੇਖੀ ਕਾਰਨ ਇਹ ਕੂੜੇ ਕਰਕਟ ਦਾ ਸਥਾਨ ਬਣ ਗਿਆ ਹੈ, ਜਿਸ ‘ਤੇ ਚੇਅਰਮੈਨ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਬਰਿਸਤਾਨ ਦੇ ਅੰਦਰੋਂ ਅਤੇ ਬਾਹਰੋਂ ਤੁਰੰਤ ਕੂੜਾ ਕਰਕਟ ਉਠਵਾਇਆ ਜਾਵੇ ਅਤੇ ਇਸ ਜਗਾ ਦੀ ਰੋਜ਼ਾਨਾ ਸਫਾਈ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਭਾਈਚਾਰੇ ਵੱਲੋਂ ਅਜਿਹੀ ਸ਼ਿਕਾਇਤ ਪ੍ਰਾਪਤ ਨਹੀਂ ਹੋਣੀ ਚਾਹੀਦੀ ਹੈ, ਜਿਸ ਦੀ ਨਗਰ ਨਿਗਮ ਦੀ ਜਿੰਮੇਵਾਰੀ ਬਣਦੀ ਹੈ।
ਉਨਾਂ ਹਦਾਇਤ ਕੀਤੀ ਕਿ ਅਗਲੇ ਦਿਨਾਂ ਦੌਰਾਨ ਈਸਾਈ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਜਾਣੀਆਂ ਹਨ, ਜਿਸ ਦੌਰਾਨ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਭਾਈਚਾਰੇ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਉਨਾਂ ਸ਼ੋਭਾ ਯਾਤਰਾਵਾਂ ਦੌਰਾਨ ਅਤੇ ਹੋਰ ਤਿਉਹਾਰਾਂ ਦੌਰਾਨ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਸਰਕਾਰੇ ਦਰਬਾਰੇ ਪੂਰੀ ਸੁਣਵਾਈ ਕੀਤੀ ਜਾਵੇ।
ਇਸ ਮੌਕੇ ਉਨਾਂ ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਲੱਭਣ ਲਈ ਪੰਜਾਬ ਪੁਲਿਸ (ਖਾਸ ਕਰਕੇ ਲੁਧਿਆਣਾ ਪੁਲਿਸ) ਅਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨਾਂ ਨਾਲ ਹਾਜ਼ਰ ਕਮਿਸ਼ਨ ਦੇ ਮੈਂਬਰ ਅਲਬਰਟ ਦੂਆ ਨੇ ਕਿਹਾ ਕਿ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਲੱਭਣ ਨਾਲ ਈਸਾਈ ਭਾਈਚਾਰੇ ਦਾ ਪੰਜਾਬ ਸਰਕਾਰ ਵਿੱਚ ਹੋਰ ਵਿਸ਼ਵਾਸ਼ ਵਧਿਆ ਹੈ।ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।
ਇਸ ਮੌਕੇ ਉਨਾਂ ਨਾਲ ਸ੍ਰੀ ਤਹਿਸੀਨ ਅਹਿਮਦ, ਸ੍ਰੀ ਸੰਜੀਵ ਜੈਨ, ਸ੍ਰੀ ਅਬਦੁਲ ਸ਼ਕੂਰ ਮਾਂਗਟ (ਸਾਰੇ ਮੈਂਬਰ), ਸ੍ਰ. ਰਿਸ਼ੀਪਾਲ ਸਿੰਘ ਵਧੀਕ ਕਮਿਸ਼ਨਰ ਨਗਰ ਨਿਗਮ, ਐੱਸ. ਡੀ. ਐੱਮ. ਲੁਧਿਆਣਾ ਪੂਰਬੀ ਸ੍ਰ. ਅਮਰਜੀਤ ਸਿੰਘ ਬੈਂਸ, ਸ੍ਰ. ਰਤਨ ਸਿੰਘ ਬਰਾੜ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਹਾਇਕ ਕਮਿਸ਼ਨਰ ਪੁਲਿਸ ਸ੍ਰ. ਗੁਰਦੇਵ ਸਿੰਘ, ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਲੋਕ ਹਾਜ਼ਰ ਸਨ।