ਛੋਟੀਆਂ ਸਨਅਤਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ- ਗਿਰੀ ਰਾਜ ਸਿੰਘ ਜੀ.ਐਸ.ਟੀ. ਦਾ 80 ਫੀਸਦੀ ਹਿੱਸਾ ਰਾਜਾਂ ਨੂੰ ਮਿਲੇਗਾ , ਕੇਂਦਰੀ ਮੰਤਰੀ ਵੱਲੋਂ ਲੁਧਿਆਣਾ ਵਿਖੇ ਕੇਂਦਰੀ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ,

0
1355

ਲੁਧਿਆਣਾ 25 ਦਸੰਬਰ (ਸੀ ਐਨ ਆਈ )- ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਗਿਰੀ ਰਾਜ ਸਿੰਘ ਨੇ ਕਿਹਾ ਹੈ ਕਿ ਦੇਸ਼ ਦੇ ਸਰਬ-ਪੱਖੀ ਵਿਕਾਸ ਦੇ ਜਿੱਥੇ ਵੱਡੇ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਛੋਟੀਆਂ ਸਨਅਤਾਂ ਨੂੰ ਵੀ ਅਪਗ੍ਰੇਡ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਬਹੁਤ ਹੀ ਵਧੀਆ ਨਤੀਜੇ ਵੀ ਮਿਲ ਰਹੇ ਹਨ। ਉਹ ਅੱਜ ਸਥਾਨਕ ਸਰਕਟ ਹਾਊਸ ਵਿਖੇ ਆਪਣੇ ਮੰਤਰਾਲੇ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਪ੍ਰਗਤੀ ਜਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ਼੍ਰੀ ਗਿਰੀ ਰਾਜ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਸੂਬੇ ਨੂੰ ਉੱਥੋਂ ਦੀ ਭੂਗੋਲਿਕ ਪ੍ਰਸਥਿਤੀ ਦੇ ਹਿਸਾਬ ਨਾਲ ਵਿਕਸਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸੂਬਿਆਂ ਦੇ ਵੱਡੇ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਛੋਟੀਆਂ ਸਨਅਤਾਂ ਨੂੰ ਵੀ ਵੱਧ ਤੋਂ ਵੱਧ ਰਿਆਇਤਾਂ ਦੇ ਕੇ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਛੋਟੀਆਂ ਸਨਅਤਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਜੀ.ਐਸ.ਟੀ. ਨਾਲ ਦੇਸ਼ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਮਾਰਚ 2018 ਤੱਕ ਜੀ.ਐਸ.ਟੀ. ਸਹੀ ਤਰੀਕੇ ਨਾਲ ਲਾਗੂ ਹੋ ਜਾਵੇਗਾ ਅਤੇ ਇਸ ਦੇ ਉਮੀਦ ਮੁਤਾਬਿਕ ਨਤੀਜੇ ਮਿਲਣ ਲੱਗ ਜਾਣਗੇ। ਉਨਾਂ ਸਪੱਸ਼ਟ ਕੀਤਾ ਕਿ ਜੀ.ਐਸ.ਟੀ. ਤੋਂ ਇੱਕਤਰ ਹੋਣ ਵਾਲੀ ਰਾਸ਼ੀ ਦਾ 80 ਫੀਸਦੀ ਹਿੱਸਾ ਰਾਜਾਂ ਦੇ ਵਿਕਾਸ ਲਈ ਖਰਚਿਆਂ ਜਾਵੇਗਾ। ਉਨਾਂ ਕਿਹਾ ਕਿ 2ਜੀ ਸਪੈਕਟਰਮ ਘੋਟਾਲੇ ਦੇ ਦੋਸ਼ੀ ਕਿਸੇ ਵੀ ਹੀਲੇ ਬਖਸ਼ੇ ਨਹੀਂ ਜਾਣਗੇ। ਇਸ ਮਾਮਲੇ ਵਿੱਚ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ। ਤਿੰਨ ਤਲਾਕ ਦੇ ਮੁੱਦੇ ਬਾਰੇ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਇਸ ਸਬੰਧੀ ਕਾਨੂੰਨ ਬਣਨ ਨਾਲ ਔਰਤਾਂ ਦਾ ਅਸਲ ਸਸ਼ਕਤੀਕਰਨ ਹੋਵੇਗਾ ਅਤੇ ਔਰਤਾਂ ਖਿਲਾਫ ਅਪਰਾਧਾਂ ਵਿੱਚ ਕਮੀ ਆਵੇਗੀ।
ਇਸ ਮੌਕੇ ਉਨਾਂ ਮੰਤਰਾਲੇ ਅਧੀਨ ਆਉਂਦੇ ਵਿਭਾਗੀ ਅਧਿਕਾਰੀਆਂ ਤੋਂ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਇਨਾ ਯੋਜਨਾਵਾਂ ਤਹਿਤ ਵੱਖ-ਵੱਖ ਉਦਯੋਗਾਂ ਨੂੰ ਬਣਦੇ ਲਾਭ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿ), ਸ਼੍ਰੀਮਤੀ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰ. ਇਕਬਾਲ ਸਿੰਘ ਸੰਧੂ, ਸਹਾਇਕ ਕਮਿਸ਼ਨਰ (ਜ), ਸ੍ਰ. ਅਮਰਿੰਦਰ ਸਿੰਘ ਮੱਲੀ, ਐਮ.ਐਸ.ਐਮ.ਈ. ਦੇ ਡਾਇਰੈਕਟਰ ਸ੍ਰ. ਮੇਜਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।