ਜਿਲਾ ਪੱਧਰੀ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ 3 ਅਤੇ 4 ਨੂੰ ਬੱਦੋਵਾਲ ਵਿਖੇ -ਰਜਿਸਟ੍ਰੇਸ਼ਨ 2 ਨਵੰਬਰ ਨੂੰ, 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ,

0
1388

ਲੁਧਿਆਣਾ 24 ਅਕਤੂਬਰ (ਸੀ ਐਨ ਆਈ ) ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਅਤੇ ਲਾਹੇਵੰਦ ਬਣਾਉਣ ਦੇ ਯਤਨਾਂ ਦੀ ਲੜੀ ਤਹਿਤ ਜਿਲਾ ਪੱਧਰੀ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ ਮਿਤੀ 3 ਅਤੇ 4 ਨਵੰਬਰ, 2017 ਨੂੰ ਸੂਬੇਦਾਰ ਗੁਰਬਖ਼ਸ਼ ਸਿੰਘ ਗਰੇਵਾਲ ਖੇਡ ਸਟੇਡੀਅਮ, ਪਿੰਡ ਬੱਦੋਵਾਲ (ਜਿਲਾ ਲੁਧਿਆਣਾ) ਵਿਖੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਦੀਆਂ ਤਿਆਰੀਆਂ ਸੰਬੰਧੀ ਇੱਕ ਮੀਟਿੰਗ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਊਨਾ ਦੇ ਦਫ਼ਤਰ ਵਿਖੇ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਜਾਣਕਾਰੀ ਦਿੰਦਿਆਂ ਸ੍ਰੀਮਤੀ ਮਲਿਕ ਨੇ ਕਿਹਾ ਕਿ ਮੇਲੇ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਦਾ ਕੰਮ 2 ਨਵੰਬਰ ਨੂੰ ਸਵੇਰੇ 11.00 ਵਜੇ ਤੋਂ ਸ਼ੁਰੂ ਹੋ ਜਾਵੇਗਾ। ਮੁਕਾਬਲਿਆਂ ਦੇ ਐਂਟਰੀ ਫਾਰਮ ਅਤੇ ਸ਼ਡਿਊਲ ਆਫ਼ ਈਵੈਂਟਸ ਪਸ਼ੂ ਪਾਲਣ ਵਿਭਾਗ ਦੀਆਂ ਜਿਲਾ ਲੁਧਿਆਣਾ ਵਿੱਚ ਸਥਿਤ ਸਾਰੀਆਂ ਸੰਸਥਾਵਾਂ ਵਿੱਚੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਮੇਲੇ ਵਿੱਚ ਪਸ਼ੂਆਂ ਅਤੇ ਪਸ਼ੂ ਪਾਲਕਾਂ ਨੂੰ ਠਹਿਰਾਉਣ ਅਤੇ ਹਰੇ ਚਾਰੇ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੋ ਰੋਜ਼ਾ ਮੇਲੇ ਦੌਰਾਨ ਪਸ਼ੂਆਂ ਦੇ ਦੁੱਧ ਚੁਆਈ, ਨਸਲੀ ਮੁਕਾਬਲੇ ਅਤੇ ਡੌਗ ਸ਼ੋਅ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਪੰਜਾਬ ਸਰਕਾਰ ਵੱਲੋਂ 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਲੁਧਿਆਣਾ ਡਾ. ਗੁਰਚਰਨ ਸਿੰਘ ਤੂਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।