ਜਿਲਾ ਪੱਧਰੀ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲਿਆਂ ਸੰਬੰਧੀ ਵੇਰਵਾ ਜਾਰੀ, ਮੁਕਾਬਲੇ 3 ਅਤੇ 4 ਨੂੰ ਬੱਦੋਵਾਲ ਵਿਖੇ, ਰਜਿਸਟ੍ਰੇਸ਼ਨ 2 ਨੂੰ, 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ

0
2037

ਲੁਧਿਆਣਾ, 1 ਨਵੰਬਰ (ਸੀ ਐਨ ਆਈ )-ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਅਤੇ ਲਾਹੇਵੰਦ ਬਣਾਉਣ ਦੇ ਯਤਨਾਂ ਦੀ ਲੜੀ ਤਹਿਤ ਜਿਲਾ ਪੱਧਰੀ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ ਮਿਤੀ 3 ਅਤੇ 4 ਨਵੰਬਰ, 2017 ਨੂੰ ਸੂਬੇਦਾਰ ਗੁਰਬਖ਼ਸ਼ ਸਿੰਘ ਗਰੇਵਾਲ ਖੇਡ ਸਟੇਡੀਅਮ, ਪਿੰਡ ਬੱਦੋਵਾਲ (ਜਿਲਾ ਲੁਧਿਆਣਾ) ਵਿਖੇ ਕਰਵਾਏ ਜਾ ਰਹੇ ਹਨ। ਇਥੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਦਾ ਵੇਰਵਾ ਜਾਰੀ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਦਾ ਕੰਮ 2 ਨਵੰਬਰ ਨੂੰ ਸਵੇਰੇ 11.00 ਵਜੇ ਤੋਂ ਸ਼ੁਰੂ ਹੋ ਜਾਵੇਗਾ। ਮੁਕਾਬਲਿਆਂ ਦੇ ਐਂਟਰੀ ਫਾਰਮ ਅਤੇ ਸ਼ਡਿਊਲ ਆਫ਼ ਈਵੈਂਟਸ ਪਸ਼ੂ ਪਾਲਣ ਵਿਭਾਗ ਦੀਆਂ ਜਿਲਾ ਲੁਧਿਆਣਾ ਵਿੱਚ ਸਥਿਤ ਸਾਰੀਆਂ ਸੰਸਥਾਵਾਂ ਵਿੱਚੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਮੇਲੇ ਵਿੱਚ ਪਸ਼ੂਆਂ ਅਤੇ ਪਸ਼ੂ ਪਾਲਕਾਂ ਨੂੰ ਠਹਿਰਾਉਣ ਅਤੇ ਹਰੇ ਚਾਰੇ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੋ ਰੋਜ਼ਾ ਮੇਲੇ ਦੌਰਾਨ ਪਸ਼ੂਆਂ ਦੇ ਦੁੱਧ ਚੁਆਈ, ਨਸਲੀ ਮੁਕਾਬਲੇ ਅਤੇ ਡੌਗ ਸ਼ੋਅ ਕਰਵਾਏ ਜਾਣਗੇ। ਇਨਾ ਮੁਕਾਬਲਿਆਂ ਦੇ ਜੇਤੂਆਂ ਨੂੰ ਪੰਜਾਬ ਸਰਕਾਰ ਵੱਲੋਂ 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਮਿਤੀ 3 ਨਵੰਬਰ ਨੂੰ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਦੁਪਹਿਰ 12.00 ਵਜੇ ਕੀਤਾ ਜਾਵੇਗਾ, ਜਦਕਿ ਮਿਤੀ 4 ਨਵੰਬਰ ਨੂੰ ਸ਼ਾਮ 3.00 ਵਜੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਇਨਾਮਾਂ ਦੀ ਵੰਡ ਕਰਨਗੇ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਲੁਧਿਆਣਾ ਡਾ. ਗੁਰਚਰਨ ਸਿੰਘ ਤੂਰ ਨੇ ਦੱਸਿਆ ਕਿ ਮਿਤੀ 3 ਨਵੰਬਰ ਨੂੰ ਨੁੱਕਰੇ ਵਛੇਰੇ, ਮਾਰਵਾੜੀ ਵਛੇਰੇ, ਮੁਰੱਹਾ ਕੱਟੀ, ਐੱਚ. ਐੱਫ਼./ਐੱਚ. ਐੱਫ. ਕਰਾਸ ਵੱਛੀ, ਬੱਕਰਾ, ਮੁਰੱਹਾ ਝੋਟੀ, ਐੱਚ. ਐੱਫ਼./ਐੱਚ. ਐੱਫ. ਕਰਾਸ ਵਹਿੜੀ, ਨੁੱਕਰੀ ਵਛੇਰੀ, ਮਾਰਵਾੜੀ ਵਛੇਰੀ, ਨੀਲੀ ਰਾਵੀ ਕੱਟੀ, ਬੱਕਰੀ, ਜਰਸੀ/ਜਰਸੀ ਗਾਂ ਵਹਿੜੀ, ਨੀਲੀ ਰਾਵੀ ਝੋਟੀ, ਭੇਡੂ, ਐੱਚ. ਐੱਫ਼./ਐੱਚ. ਐੱਫ. ਕਰਾਸ ਗਾਂ, ਨੁਕਰਾ ਵਛੇਰਾ, ਮਾਰਵਾੜੀ ਵਛੇਰਾ, ਭੇਡ, ਮੁਰੱਹਾ ਮੱਝ, ਐੱਚ. ਐੱਫ਼./ਐੱਚ. ਐੱਫ. ਕਰਾਸ ਗਾਂ, ਨੁੱਕਰੀ ਵਛੇਰੀ, ਮਾਰਵਾੜੀ ਵਛੇਰੀ, ਨੀਲੀ ਰਾਵੀ ਮੱਝ, ਜਰਸੀ/ਜਰਸੀ ਕਰਾਸ ਗਾਂ ਤੋਂ ਇਲਾਵਾ ਕੁੱਤਿਆਂ ਦੇ ਨਸਲ ਮੁਕਾਬਲੇ ਕਰਵਾਏ ਜਾਣਗੇ।
ਇਸੇ ਤਰਾਂ ਮਿਤੀ 4 ਨਵੰਬਰ ਨੂੰ ਨੁੱਕਰੀ ਘੋੜੀ, ਮਾਰਵਾੜੀ ਘੋੜੀ, ਮੁਰੱਹਾ ਮੱਝ, ਸਾਹੀਵਾਲ/ਕੋਈ ਵੀ ਦੇਸੀ ਨਸਲ ਵੱਛੀ, ਦੇਸੀ ਮੁਰਗਾ, ਨੀਲੀ ਰਾਵੀ ਮੱਝ, ਸਾਹੀਵਾਲ/ਕੋਈ ਵੀ ਦੇਸੀ ਨਸਲ ਵੈਹੜੀ, ਸੂਰ, ਮੁਰੱਹਾ ਕੱਟਾ ਦੁੱਧ ਦੰਦ, ਸਾਹੀਵਾਲ/ਕੋਈ ਵੀ ਦੇਸੀ ਨਸਲ ਗਾਂ, ਸੂਰੀ, ਨੁਕਰਾ ਘੋੜਾ, ਮਾਰਵਾੜੀ ਘੋੜਾ, ਮੁਰੱਹਾ ਕੱਟਾ, ਸਾਹੀਵਾਲ/ਕੋਈ ਵੀ ਦੇਸੀ ਨਸਲ ਗਾਂ, ਮੁਰੱਹਾ ਤੇ ਨੀਲੀ ਰਾਵੀ ਕੱਟੀ, ਐੱਚ. ਐੱਫ਼./ਜਰਸੀ ਕਰਾਸ ਵੱਛੀ, ਸਾਹੀਵਾਲ/ਕੋਈ ਵੀ ਦੇਸੀ ਨਸਲ, ਨੀਲੀ ਰਾਵੀ ਕੱਟਾ, ਸਾਹੀਵਾਲ/ਕੋਈ ਵੀ ਦੇਸੀ ਨਸਲ ਵੱਛਾ, ਮੁਰੱਹਾ ਝੋਟਾ, ਸਾਹੀਵਾਲ/ਕੋਈ ਵੀ ਦੇਸੀ ਨਸਲ ਸਾਨ• ਅਤੇ ਨੀਲੀ ਰਾਵੀ ਝੋਟਾ ਦੇ ਮੁਕਾਬਲੇ ਕਰਵਾਏ ਜਾਣਗੇ। ਘੋੜਿਆਂ ਦੇ ਨਾਚ ਅਤੇ ਸਜਾਵਟ ਮੁਕਾਬਲੇ ਵੀ 4 ਨਵੰਬਰ ਨੂੰ ਦੁਪਹਿਰ 1.00 ਵਜੇ ਕਰਵਾਏ ਜਾਣਗੇ।
ਉਨਾ ਦੱਸਿਆ ਕਿ ਦੁੱਧ ਚੁਆਈ ਮੁਕਾਬਲਿਆਂ ਸੰਬੰਧੀ ਲੇਵਿਆਂ ਨੂੰ ਖਾਲੀ ਕਰਾਉਣ ਦਾ ਸਮਾਂ 2 ਨਵੰਬਰ ਨੂੰ ਸ਼ਾਮ 5.00 ਵਜੇ ਤੋਂ 6.00 ਵਜੇ ਤੱਕ ਹੋਵੇਗਾ। ਪਹਿਲੀ ਚੁਆਈ ਮਿਤੀ 3 ਨਵੰਬਰ ਨੂੰ ਸਵੇਰੇ 5 ਵਜੇ, ਦੂਜੀ ਚੁਆਈ ਸ਼ਾਮ 5 ਵਜੇ ਅਤੇ ਤੀਜੀ ਚੁਆਈ 4 ਨਵੰਬਰ ਨੂੰ ਸਵੇਰੇ 5 ਵਜੇ ਦਰਜ ਕੀਤੀ ਜਾਵੇਗੀ।,