ਲੁਧਿਆਣਾ, 30 ਨਵੰਬਰ (ਸੀ ਐਨ ਆਈ )-ਵੈਸੇ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੋਜ਼ਾਨਾ ਸੈਂਕੜੇ ਲੋਕ ਆਪਣੇ ਕੰਮਾਂ ਕਾਰਾਂ ਸੰਬੰਧੀ ਪਹੁੰਚਦੇ ਹਨ ਪਰ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵਿਸ਼ੇਸ਼ ਮਹਿਮਾਨ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਵਿਸ਼ੇਸ਼ ਲੋੜਾਂ (ਮਾਨਸਿਕ ਤੌਰ ‘ਤੇ ਅਵਿਕਸਤ) ਵਾਲੇ ਬੱਚੇ ਸਨ। ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣਾ ਕੁਆਲਿਟੀ ਸਮਾਂ ਬਤੀਤ ਕੀਤਾ ਅਤੇ ਉਨਾਂ ਨਾਲ ਚਾਹ ਪਾਣੀ ਦਾ ਆਨੰਦ ਲਿਆ।
ਦੱਸਣਯੋਗ ਹੈ ਕਿ ਇਨਾ ਵਿਸ਼ੇਸ਼ ਮਹਿਮਾਨਾਂ ਵਿੱਚ 9 ਉਹ ਵਿਦਿਆਰਥੀ ਸ਼ਾਮਿਲ ਸਨ, ਜਿਨ੍ਹਾਂ ਨੇ ਬੀਤੇ ਸਮੇਂ ਦੌਰਾਨ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਕੇ ਜ਼ਿਲਾ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ। ਇਨਾ ਬੱਚਿਆਂ ਵਿੱਚ ਸ਼ਾਮਿਲ ਰਾਜਵੀਰ ਸਿੰਘ ਨੇ ਲਾਸ ਏਂਜਲਸ (ਅਮਰੀਕਾ) ਵਿਖੇ ਹੋਏ ਅੰਤਰਰਾਸ਼ਟਰੀ ਸਾਈਕਲਿੰਗ ਮੁਕਾਬਲੇ ਵਿੱਚ ਦੋ ਸੋਨ ਤਮਗੇ ਜਿੱਤੇ ਸਨ, ਜਦਕਿ ਅਰਸ਼ਪ੍ਰੀਤ ਸਿੰਘ ਨੇ ਚੇਨੱਈ (ਤਾਮਿਲਨਾਡੂ) ਵਿਖੇ ਹੋਏ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਵੱਲੋਂ ਖੇਡਦਿਆਂ 4 ਗੋਲ ਦਾਗੇ ਸਨ।
ਇਸੇ ਤਰਾਂ ਰੋਹਿਤ, ਧਰੂਵ, ਕਮਲਪ੍ਰੀਤ ਅਤੇ ਜਤਿੰਦਰਪਾਲ ਨੇ ਪਟਿਆਲਾ ਵਿਖੇ ਹੋਈਆਂ ਸਪੈਸ਼ਲ ਉਲੰਪਿਕਸ ਸਟੇਟ ਗੇਮਜ਼ ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਜਸਵਿੰਦਰ, ਖੁਸ਼ਵਿੰਦਰ ਅਤੇ ਕਮਲਜੀਤ ਕੌਰ ਨੇ ਟੌਹੜਾ ਕਬੱਡੀ ਕੱਪ (ਜ਼ਿਲਾ ਪਟਿਆਲਾ) ਵਿੱਚ ਭਾਗ ਲਿਆ ਸੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਰਾਜਵੀਰ ਦੇ ਦੋ ਅੰਤਰਰਾਸ਼ਟਰੀ ਸੋਨ ਤਮਗਿਆਂ ਤੋਂ ਬਿਨਾ ਇਨਾ ਬਾਕੀ ਸਾਰੇ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 8 ਸੋਨ, 1 ਚਾਂਦੀ ਅਤੇ 7 ਕਾਂਸੀ ਦੇ ਤਮਗੇ ਜਿੱਤੇ ਹਨ।
ਸ੍ਰੀ ਅਗਰਵਾਲ ਨੇ ਇਨਾ ਬੱਚਿਆਂ ਦੀਆਂ ਪ੍ਰਾਪਤੀਆਂ ਦੀ ਸਰਾਹਨਾ ਕਰਦਿਆਂ ਕਾਮਨਾ ਕੀਤੀ ਕਿ ਇਹ ਬੱਚੇ ਭਵਿੱਖ ਵਿੱਚ ਵੀ ਇਸੇ ਤਰਾਂ ਅੱਗੇ ਵੱਧਦੇ ਰਹਿਣ ਅਤੇ ਆਪਣਾ, ਮਾਪਿਆਂ ਅਤੇ ਜ਼ਿਲਾ ਲੁਧਿਆਣਾ ਦਾ ਨਾਮ ਰੌਸ਼ਨ ਕਰਨ। ਸ੍ਰੀ ਅਗਰਵਾਲ ਨੇ ਇਨਾ ਬੱਚਿਆਂ ਨਾਲ ਆਪਣੇ ਜੀਵਨ ਦੇ ਸੰਘਰਸ਼ਮਈ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਹਰ ਸਮੇਂ ਇਕਾਗਰਤਾ ਨਾਲ ਆਪਣੇ ਟੀਚੇ ਪ੍ਰਾਪਤ ਕਰਨ ਲਈ ਕਾਰਜਸ਼ੀਲ ਬਣੇ ਰਹਿਣ ਦੀ ਪ੍ਰੇਰਨਾ ਦਿੱਤੀ। ਉਨਾਂ ਕਿਹਾ ਕਿ ਉਨਾਂ ਦੀਆਂ ਇਨਾ ਪ੍ਰਾਪਤੀਆਂ ਨਾਲ ਹੋਰ ਬੱਚਿਆਂ ਨੂੰ ਵੀ ਪ੍ਰੇਰਨਾ ਮਿਲੇਗੀ। ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਦੀ ਸੰਗਤ ਵਿੱਚ ਬੱਚੇ ਬਹੁਤ ਹੀ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆ ਰਹੇ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਸ੍ਰੀਮਤੀ ਜਸਪ੍ਰੀਤ ਕੌਰ, ਜ਼ਿਲਾ ਸਿੱਖਿਆ ਅਫ਼ਸਰ (ਸੈਕੰ.) ਸ੍ਰੀਮਤੀ ਸਵਰਨਜੀਤ ਕੌਰ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਸ੍ਰ. ਕੁਲਦੀਪ ਸਿੰਘ, ਕੋਆਰਡੀਨੇਟਰ ਸ੍ਰੀ ਗੁਲਜ਼ਾਰ ਸ਼ਾਹ, ਡੀ. ਐੱਸ. ਈ. ਪ੍ਰਦੀਪ ਰਾਏ, ਬੱਚਿਆਂ ਦੇ ਕੋਚ ਅਤੇ ਹੋਰ ਹਾਜ਼ਰ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਵੇਲੇ 87 ਰਿਸੋਰਸ ਰੂਮ ਚੱਲ ਰਹੇ ਹਨ, ਜਿਨ੍ਹਾਂ ਵਿੱਚ ਉਪਰੋਕਤ ਬੱਚਿਆਂ ਸਮੇਤ 843 ਬੱਚੇ ਸਿੱਖਿਆ ਗ੍ਰਹਿਣ ਕਰਨ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ।