ਲੁਧਿਆਣਾ 9 ਮਾਰਚ (ਸੀ ਐਨ ਆਈ )- ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਐਡਮਨਿਸਟ੍ਰੇਸ਼ਨ ਪੰਜਾਬ (ਮੈਗਸੀਪਾ) ਰਿਜ਼ਨਲ ਸੈਂਟਰ ਪਟਿਆਲਾ ਵੱਲੋਂ ਸੂਚਨਾ ਦਾ ਅਧਿਕਾਰ ਐਕਟ-2005 ਵਿਸ਼ੇ ‘ਤੇ ਆਯੋਜਿਤ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਸਮਾਪਤ ਹੋ ਗਿਆ। ਇਸ ਟ੍ਰੇਨਿੰਗ ਸੈਮੀਨਾਰ ਵਿੱਚ ਵੱਖ-ਵੱਖ ਵਿਭਾਗਾਂ ਦੇ ਦੇ 30 ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ।
ਇਹ ਤਿੰਨ ਦਿਨਾਂ ਪ੍ਰੋਗਰਾਮ ਕੇਂਦਰ ਸਰਕਾਰ ਦੇ ਅਮਲਾ ਅਤੇ ਸਿਖਲਾਈ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਇਸ ਦਾ ਮੁੱਖ ਆਦੇਸ਼ ਆਰ.ਟੀ.ਆਈ ਐਕਟ-2005 ਸਬੰਧੀ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਗਰੂਕ ਕਰਨਾ ਸੀ।
ਸ੍ਰੀ ਅਮਰਜੀਤ ਸਿੰਘ ਸੋਢੀ ਪ੍ਰੋਜੈਕਟ ਡਾਇਰੈਕਟਰ ਮੈਗਸੀਪਾ ਰਿਜ਼ਨਲ ਸੈਂਟਰ ਪਟਿਆਲਾ ਵੱਲੋਂ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਆਰ.ਟੀ.ਆਈ ਮਾਹਿਰ ਡਾ. ਵਿਸ਼ਾਲੀ ਠਾਕੁਰ, ਪ੍ਰੋਫੈਸਰ ਲਾਅ ਵਿਭਾਗ, ਪੰਜਾਬ ਯੂਨੀਵਰਸਿਟੀ ਪਟਿਆਲਾ ਸੈਂਟਰ, ਲੁਧਿਆਣਾ, ਸ੍ਰੀ ਯਸ਼ਪਾਲ ਮੰਨਵੀਂ ਸਾਬਕਾ ਸਹਾਇਕ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਰ.ਟੀ.ਆਈ. ਐਕਟ ਰਾਹੀਂ ਮਿਲੀਆਂ ਸਫ਼ਲਤਾਵਾਂ ਦੱਸੀਆ।
ਬਾਅਦ ਵਿੱਚ ਸ੍ਰੀ ਪ੍ਰਭਦੀਪ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਅਤੇ ਕਿਹਾ ਕਿ ਉਮੀਦ ਹੈ ਇਹ ਆਰ.ਟੀ.ਆਈ. ਟ੍ਰੇਨਿੰਗ ਪ੍ਰੋਗਰਾਮ ਉਹਨਾਂ ਲਈ ਸਹਾਇਕ ਸਿੱਧ ਹੋਵੇਗਾ।