ਪਿੰਡ ਬੱਦੋਵਾਲ ਵਿਖੇ ਦੋ ਰੋਜ਼ਾ ਪਸ਼ੂਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲੇ ਸ਼ੁਰੂ ਪਸ਼ੂਧੰਨ ਕਿਸੇ ਵੀ ਦੇਸ਼ ਜਾਂ ਸੂਬੇ ਦਾ ਵੱਡਾ ਸਰਮਾਇਆ-ਡਿਪਟੀ ਕਮਿਸ਼ਨਰ

0
1588

ਲੁਧਿਆਣਾ, 3 ਨਵੰਬਰ (ਸੀ ਐਨ ਆਈ )-ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀ ਨਸਲ ‘ਚ ਸੁਧਾਰ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਬੱਦੋਵਾਲ ਦੇ ਖੇਡ ਸਟੇਡੀਅਮ ਵਿਖੇ ਦੋ ਰੋਜ਼ਾ ਪੰਜਾਬ ਰਾਜ ਜਿਲਾ ਪੱਧਰੀ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਦੇ ਮੁਕਾਬਲਿਆਂ ਦਾ ਉਦਘਾਟਨ ਕਰਨ ਉਪਰੰਤ ਪਸ਼ੂ ਮੇਲੇ ਵਿੱਚ ਪੁੱਜੇ ਵੱਡੀ ਗਿਣਤੀ ਵਿੱਚ ਪਸ਼ੂ ਪਾਲਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ਼੍ਰੀ ਅਗਰਵਾਲ ਨੇ ਕਿਹਾ ਕਿ ਪਸ਼ੂਧੰਨ ਕਿਸੇ ਵੀ ਦੇਸ਼ ਜਾਂ ਸੂਬੇ ਦਾ ਵੱਡਾ ਸਰਮਾਇਆ ਹੁੰਦਾ ਹੈ। ਉਹਨਾਂ ਕਿਹਾ ਕਿ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪਸ਼ੂ ਪਾਲਣ ਵਿਭਾਗ ਬੜੀ ਗੰਭੀਰਤਾ ਨਾਲ ਉਪਰਾਲੇ ਕਰ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਫਸਲਾਂ ਦੀ ਕਾਸ਼ਤ ਦੇ ਨਾਲ-ਨਾਲ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪਸ਼ੂ, ਮੁਰਗੀ, ਮੱਛੀ, ਸੂਰ ਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਸਹਾਇਕ ਧੰਦੇ ਵੀ ਅਪਨਾਉਣ।
ਸ੍ਰੀ ਅਗਰਵਾਲ ਨੇ ਕਿਹਾ ਕਿ ਪਿੰਡ ਬੱਦੋਵਾਲ ਵਿਖੇ ਲੱਗੇ ਪਸ਼ੂਧੰਨ ਮੇਲੇ ਵਿੱਚ ਜੇਤੂ ਰਹਿਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ 7 ਲੱਖ ਰੁਪਏ ਦੇ ਨਗਦ ਇਨਾਮ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਜਾਵੇਗੀ। ਇਸ ਮੌਕੇ ਸ਼੍ਰੀ ਅਗਰਵਾਲ ਨੇ ਮੇਲੇ ਦਾ ਗੇੜਾ ਲਗਾ ਕੇ ਪਸ਼ੂ ਪਾਲਕਾਂ ਨੂੰ ਵੀ ਮਿਲੇ। ਊਨਾ ਦੱਸਿਆ ਕਿ ਇਸ ਦੋ ਰੋਜ਼ਾ ਮੇਲੇ ਵਿੱਚ ਪਸ਼ੂ ਪਾਲਕਾਂ ਲਈ ਬਿਹਤਰ ਪ੍ਰਬੰਧ ਕੀਤੇ ਗਏ ਹਨ। ਮੇਲੇ ਦੌਰਾਨ ਮੁਰਾ ਨੀਲੀ ਰਾਵੀ ਨਸਲ ਦੀਆਂ ਮੱਝਾਂ, ਸਾਹੀਵਾਲ ਤੇ ਜਰਸੀ ਨਸਲ ਦੀਆਂ ਗਾਵਾਂ, ਨੁੱਕਰੇ ਘੋੜੇ, ਬੱਕਰੀਆਂ ਅਤੇ ਵੱਖ-ਵੱਖ ਨਸਲਾਂ ਦੇ ਕੁੱਤੇ ਖਿੱਚ ਦਾ ਕੇਂਦਰ ਸਨ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਤੂਰ ਨੇ ਦੱਸਿਆ ਕਿ ਇਸ ਦੋ ਰੋਜ਼ਾ ਮੇਲੇ ਦੌਰਾਨ ਪਸ਼ੂਆਂ ਦੇ ਦੁੱਧ ਚੁਆਈ, ਨਸਲੀ ਮੁਕਾਬਲੇ ਅਤੇ ਡੌਗ ਸ਼ੋਅ ਕਰਵਾਏ ਜਾਣਗੇ। ਇਨਾ ਮੁਕਾਬਲਿਆਂ ਦੇ ਜੇਤੂਆਂ ਨੂੰ ਪੰਜਾਬ ਸਰਕਾਰ ਵੱਲੋਂ 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਮਿਤੀ 4 ਨਵੰਬਰ ਨੂੰ ਸ਼ਾਮ 3.00 ਵਜੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਇਨਾਮਾਂ ਦੀ ਵੰਡ ਕਰਨਗੇ।
ਊਨਾ ਦੱਸਿਆ ਕਿ ਪਹਿਲੇ ਦਿਨ ਨੁੱਕਰੇ ਵਛੇਰੇ, ਮਾਰਵਾੜੀ ਵਛੇਰੇ, ਮੁਰੱਹਾ ਕੱਟੀ, ਐੱਚ. ਐੱਫ਼./ਐੱਚ. ਐੱਫ. ਕਰਾਸ ਵੱਛੀ, ਬੱਕਰਾ, ਮੁਰੱਹਾ ਝੋਟੀ, ਐੱਚ. ਐੱਫ਼./ਐੱਚ. ਐੱਫ. ਕਰਾਸ ਵਹਿੜੀ, ਨੁੱਕਰੀ ਵਛੇਰੀ, ਮਾਰਵਾੜੀ ਵਛੇਰੀ, ਨੀਲੀ ਰਾਵੀ ਕੱਟੀ, ਬੱਕਰੀ, ਜਰਸੀ/ਜਰਸੀ ਗਾਂ ਵਹਿੜੀ, ਨੀਲੀ ਰਾਵੀ ਝੋਟੀ, ਭੇਡੂ, ਐੱਚ. ਐੱਫ਼./ਐੱਚ. ਐੱਫ. ਕਰਾਸ ਗਾਂ, ਨੁਕਰਾ ਵਛੇਰਾ, ਮਾਰਵਾੜੀ ਵਛੇਰਾ, ਭੇਡ, ਮੁਰੱਹਾ ਮੱਝ, ਐੱਚ. ਐੱਫ਼./ਐੱਚ. ਐੱਫ. ਕਰਾਸ ਗਾਂ, ਨੁੱਕਰੀ ਵਛੇਰੀ, ਮਾਰਵਾੜੀ ਵਛੇਰੀ, ਨੀਲੀ ਰਾਵੀ ਮੱਝ, ਜਰਸੀ/ਜਰਸੀ ਕਰਾਸ ਗਾਂ ਤੋਂ ਇਲਾਵਾ ਕੁੱਤਿਆਂ ਦੇ ਨਸਲ ਮੁਕਾਬਲੇ ਕਰਵਾਏ ਗਏ।
ਇਸੇ ਤਰਾਂ ਮਿਤੀ 4 ਨਵੰਬਰ ਨੂੰ ਨੁੱਕਰੀ ਘੋੜੀ, ਮਾਰਵਾੜੀ ਘੋੜੀ, ਮੁਰੱਹਾ ਮੱਝ, ਸਾਹੀਵਾਲ/ਕੋਈ ਵੀ ਦੇਸੀ ਨਸਲ ਵੱਛੀ, ਦੇਸੀ ਮੁਰਗਾ, ਨੀਲੀ ਰਾਵੀ ਮੱਝ, ਸਾਹੀਵਾਲ/ਕੋਈ ਵੀ ਦੇਸੀ ਨਸਲ ਵੈਹੜੀ, ਸੂਰ, ਮੁਰੱਹਾ ਕੱਟਾ ਦੁੱਧ ਦੰਦ, ਸਾਹੀਵਾਲ/ਕੋਈ ਵੀ ਦੇਸੀ ਨਸਲ ਗਾਂ, ਸੂਰੀ, ਨੁਕਰਾ ਘੋੜਾ, ਮਾਰਵਾੜੀ ਘੋੜਾ, ਮੁਰੱਹਾ ਕੱਟਾ, ਸਾਹੀਵਾਲ/ਕੋਈ ਵੀ ਦੇਸੀ ਨਸਲ ਗਾਂ, ਮੁਰੱਹਾ ਤੇ ਨੀਲੀ ਰਾਵੀ ਕੱਟੀ, ਐੱਚ. ਐੱਫ਼./ਜਰਸੀ ਕਰਾਸ ਵੱਛੀ, ਸਾਹੀਵਾਲ/ਕੋਈ ਵੀ ਦੇਸੀ ਨਸਲ, ਨੀਲੀ ਰਾਵੀ ਕੱਟਾ, ਸਾਹੀਵਾਲ/ਕੋਈ ਵੀ ਦੇਸੀ ਨਸਲ ਵੱਛਾ, ਮੁਰੱਹਾ ਝੋਟਾ, ਸਾਹੀਵਾਲ/ਕੋਈ ਵੀ ਦੇਸੀ ਨਸਲ ਸਾਨ• ਅਤੇ ਨੀਲੀ ਰਾਵੀ ਝੋਟਾ ਦੇ ਮੁਕਾਬਲੇ ਕਰਵਾਏ ਜਾਣਗੇ। ਘੋੜਿਆਂ ਦੇ ਨਾਚ ਅਤੇ ਸਜਾਵਟ ਮੁਕਾਬਲੇ ਵੀ 4 ਨਵੰਬਰ ਨੂੰ ਦੁਪਹਿਰ 1.00 ਵਜੇ ਕਰਵਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸ੍ਰ. ਮੇਜਰ ਸਿੰਘ ਭੈਣੀ ਅਤੇ ਇਲਾਕੇ ਦੀਆਂ ਕਈ ਪ੍ਰਮੁੱਖ ਸਖ਼ਸ਼ੀਅਤਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਅਤੇ ਦਰਸ਼ਕ ਪਹੁੰਚੇ ਹੋਏ ਸਨ।