ਪੁਲਿਸ ਕਮਿਸ਼ਨਰ ਨੇ ਵਾਹਨਾਂ ‘ਤੇ ਬਿਨਾ ਢਕੇ ਰੇਤਾ ਢੋਆ-ਢੁਆਈ , ਲਾਊਡ ਸਪੀਕਰ ਚਲਾਉਣ ਅਤੇ ਮੈਰਿਜ ਪੈਲੇਸਾਂ ਅੰਦਰ ਲਾਇਸੰਸੀ ਅਸਲਾ ਲੈ ਕੇ ਜਾਣ ‘ਤੇ ਪਾਬੰਦੀ ਲਗਾਈ ,

0
1510

ਲੁਧਿਆਣਾ, 24 ਅਕਤੂਬਰ (ਸੀ ਐਨ ਆਈ )-ਪੁਲਿਸ ਕਮਿਸ਼ਨਰ, ਲੁਧਿਆਣਾ ਸ੍ਰੀ ਆਰ.ਐਨ.ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ ਖੁਲੇਆਮ ਰੇਤਾ ਵਾਹਨ ਵਿੱਚ ਲੈ ਕੇ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਵਾਹਨਾਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਰੇਤਾ ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਹੀ ਚੱਲਿਆ ਜਾਵੇ।
ਊਨਾ ਕਿਹਾ ਕਿ ਜੋ ਵਾਹਨ ਰੇਤਾ ਢੋਆ-ਢੁਆਈ ਦਾ ਕੰਮ ਕਰਦੇ ਹਨ ਉਹ ਰੇਤੇ ਨੂੰ ਢਕਣਾ ਜ਼ਰੂਰੀ ਨਹੀਂ ਸਮਝਦੇ, ਜਿਸ ਕਾਰਨ ਸੜਕਾਂ ‘ਤੇ ਰੇਤਾ ਉੱਡਦਾ ਹੈ ਅਤੇ ਵਾਹਨਾਂ ਵਿੱਚੋਂ ਪਾਣੀ ਚੋਂਦਾ ਹੈ, ਜਿਸ ਕਾਰਨ ਆਮ ਰਾਹਗੀਰਾਂ ਨੂੰ ਸੜਕ ‘ਤੇ ਚੱਲਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਅਤੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹੇ ਹਾਦਸੇ ਰੋਕਣ ਲਈ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਵਿੱਚ ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਉੱਚੀ ਅਵਾਜ਼ ‘ਚ ਲਾਊਡ ਸਪੀਕਰ ਚਲਾਉਣ ਅਤੇ ਹੋਰ ਉੱਚੀ ਅਵਾਜ਼ ਵਿੱਚ ਚੱਲਣ ਵਾਲੀਆਂ ਆਈਟਮਾਂ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਜਾਣ ਬੁੱਝ ਕੇ ਉੱਚੀ ਅਵਾਜ਼ ਵਿੱਚ ਲਾਊਡ ਸਪੀਕਰ ਚਲਾ ਕੇ ਸੰਬੰਧਤ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉੱਚੀ ਅਵਾਜ ਵਿੱਚ ਲਾਊਡ ਸਪੀਕਰ ਚੱਲਣ ਨਾਲ ਆਮ ਨਾਗਰਿਕ, ਜਾਨਵਰ, ਪੰਛੀਆਂ ਅਤੇ ਬਿਮਾਰ ਤੇ ਲਚਾਰ ਵਿਅਕਤੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਕਟ ਅਨੁਸਾਰ ਰਾਤ 10.00 ਵਜੇ ਸਵੇਰੇ 6.00 ਵਜੇ ਤੱਕ ਉਚੀ ਅਵਾਜ਼ ‘ਚ ਲਾਊਡ ਸਪੀਕਰ ਚਲਾਉਣ ਅਤੇ ਹੋਰ ਉਚੀ ਅਵਾਜ਼ ਵਿੱਚ ਚੱਲਣ ਵਾਲੀਆਂ ਆਈਟਮਾਂ ‘ਤੇ ਪਾਬੰਦੀ ਲਗਾਈ ਹੋਈ ਹੈ, ਜੇਕਰ ਇਸ ਸਮੇਂ ਦੌਰਾਨ ਕੋਈ ਉੱਚੀ ਲਾਊਡ ਸਪੀਕਰ ਦਾ ਪ੍ਰੋਗਰਾਮ ਹੈ ਤਾਂ ਸਬੰਧਤ ਅਧਿਕਾਰੀ ਪਾਸੋਂ ਇਸ ਦੀ ਆਗਿਆ ਲੈਣੀ ਹੁੰਦੀ ਹੈ। ਆਮ ਲੋਕਾਂ ਅਤੇ ਬਿਮਾਰ ਤੇ ਲਚਾਰ ਵਿਅਕਤੀਆਂ ਦੇ ਹਿੱਤ ਵਿੱਚ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਇੱਕ ਵੱਖਰੇ ਹੁਕਮ ਵਿੱਚ ਪੁਲਿਸ ਕਮਿਸ਼ਨਰ ਵੱਲੋਂ ਸਮੂਹ ਮੈਰਿਜ ਪੈਲੇਸਾਂ ਅੰਦਰ ਲਾਇਸੰਸੀ ਅਸਲਾ ਤੇ ਐਮੂਨੀਸ਼ਨ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਊਨਾ ਦੇ ਧਿਆਨ ਵਿੱਚ ਆਇਆ ਹੈ ਕਿ ਵਿਆਹ/ਸ਼ਾਦੀਆਂ ਸਮੇਂ ਆਮ ਵਿਅਕਤੀਆਂ ਵੱਲੋਂ ਲਾਇਸੰਸੀ ਅਸਲਾ ਲੈ ਕੇ ਵਿਆਹ ਸ਼ਾਦੀਆਂ ਵਿਚ ਖੁਲੇਆਮ ਘੁੰਮਿਆ ਜਾਂਦਾ ਹੈ ਅਤੇ ਕਈ ਵਾਰੀ ਮਾਮੂਲੀ ਤਕਰਾਰਬਾਜ਼ੀ ਹੋਣ ਕਾਰਨ ਅਤੇ ਨਸ਼ੇ ਦੀ ਹਾਲਤ ਵਿੱਚ ਲਾਇਸੰਸੀ ਅਸਲੇ ਦੀ ਨਜਾਇਜ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਆਮ ਜਨਤਾ ਦੀ ਜਾਨ ਮਾਲ ਦਾ ਖਤਰਾ ਬਣ ਸਕਦਾ ਹੈ। ਅਗਰ ਕੋਈ ਵਿਅਕਤੀ ਲਾਇਸੰਸੀ/ਐਮੂਨੀਸ਼ਨ ਅਸਲਾ ਲੈ ਕੇ ਮੈਰਿਜ ਪੈਲੇਸ ਵਿਚ ਦਾਖ਼ਲ ਹੁੰਦਾ ਹੈ ਤਾਂ ਮੈਰਿਜ ਪੈਲੇਸ ਦਾ ਮਾਲਕ ਸਬੰਧਤ ਥਾਣੇ ਨੂੰ ਤੁਰੰਤ ਸੂਚਿਤ ਕਰਨ ਦਾ ਜ਼ਿੰਮੇਵਾਰ ਹੋਵੇਗਾ ਅਤੇ ਅਗਰ ਕਿਸੇ ਵਿਅਕਤੀ ਵੱਲੋਂ ਲਾਇਸੰਸੀ ਅਸਲੇ ਦੀ ਵਿਆਹ ਸ਼ਾਦੀ ਦੌਰਾਨ ਨਜਾਇਜ਼ ਵਰਤੋਂ ਕੀਤੀ ਜਾਂਦੀ ਹੈ ਤਾਂ ਸਬੰਧਿਤ ਵਿਅਕਤੀ ਅਤੇ ਮੈਰਿਜ ਪੈਲੇਸ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਰਹਿੰਦੇ ਆਮ ਲੋਕਾਂ, ਮਕਾਨ ਮਾਲਕਾਂ, ਮਕਾਨਾਂ ਉੱਪਰ ਕਾਬਜ਼ ਵਿਅਕਤੀਆਂ, ਫੈਕਟਰੀਆਂ ਦੇ ਮਾਲਕਾਂ, ਵੱਖ-ਵੱਖ ਵਿੱਤੀ ਅਦਾਰਿਆਂ ਦੇ ਮਾਲਕਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਕਰ, ਡਰਾਈਵਰ, ਚੌਕੀਦਾਰ, ਮਾਲੀ ਅਤੇ ਕਿਰਾਏਦਾਰ ਆਦਿ ਰੱਖਣ ਵੇਲੇ ਉਨਾਂ ਦੇ ਪਿਛੋਕੜ ਬਾਰੇ ਜ਼ਰੂਰ ਜਾਣਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਨੌਕਰੀ ਜਾਂ ਕਿਰਾਏ ‘ਤੇ ਰੱਖਣ ਤੋਂ ਪਹਿਲਾਂ ਸੰਬੰਧਤ ਵਿਅਕਤੀ ਜਾਂ ਪਰਿਵਾਰ ਤੋਂ ਮੁਕੰਮਲ ਰਿਹਾਇਸ਼ੀ ਪਤਾ, ਫੋਟੋ, ਲੈਂਡਲਾਈਨ ਜਾਂ ਮੋਬਾਈਲ ਨੰਬਰ, ਸ਼ਨਾਖ਼ਤੀ ਕਾਰਡ, ਫਿੰਗਰ ਪ੍ਰਿੰਟਸ, ਆਧਾਰ ਕਾਰਡ ਹਾਸਿਲ ਕਰਕੇ ਜਾਂ ਅਧਿਕਾਰਤ ਏਜੰਸੀ ਰਾਹੀਂ ਲੈ ਕੇ ਸੰਬੰਧਤ ਪੁਲਿਸ ਚੌਕੀ/ਥਾਣਾ ਵਿੱਚ ਤੁਰੰਤ ਦਰਜ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਸੰਬੰਧਤ ਵਿਅਕਤੀ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਸ੍ਰੀ ਢੋਕੇ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਬਾਹਰਲਿਆਂ ਸੂਬਿਆਂ ਤੋਂ ਆ ਕੇ ਵਸੇ ਹੋਏ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ, ਪ੍ਰਾਈਵੇਟ ਸੁਰੱਖਿਆ ਏਜੰਸੀਆਂ, ਵੱਖ-ਵੱਖ ਵਪਾਰਕ ਕੰਪਨੀਆਂ, ਵਿੱਤੀ ਅਦਾਰਿਆਂ ਅਤੇ ਰੋਜ਼ਾਨਾ ਪੱਧਰ ‘ਤੇ ਨਗਦੀ ਆਦਿ ਇਕੱਤਰ ਕਰਨ ਅਤੇ ਸੰਭਾਲਣ ਆਦਿ ਦਾ ਕੰਮ ਕਰਦੇ ਹਨ। ਕੁਝ ਲੋਕ ਘਰੇਲੂ ਕੰਮਾਂ ਕਾਰਾਂ ਵਿੱਚ ਵੀ ਹੱਥ ਵਟਾਉਂਦੇ ਹਨ। ਅਜਿਹੇ ਵਿਅਕਤੀਆਂ ਨੂੰ ਕੰਮ ਜਾਂ ਕਿਰਾਏ ‘ਤੇ ਰੱਖਣ ਤੋਂ ਪਹਿਲਾਂ ਕੋਈ ਵੀ ਜਾਣਕਾਰੀ ਲੈਣੀ ਜ਼ਰੂਰੀ ਨਹੀਂ ਸਮਝੀ ਜਾਂਦੀ। ਜਿਸ ਕਾਰਨ ਅਜਿਹੇ ਲੋਕ ਮਾਲਕਾਂ ਦਾ ਵਿਸ਼ਵਾਸ਼ ਜਿੱਤ ਕੇ ਵੱਡੀ ਲੁੱਟ ਮਾਰ ਕਰ ਲੈਂਦੇ ਹਨ ਅਤੇ ਕਈ ਵਾਰ ਮਾਲਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਜਿਸ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਦੁਕਾਨਦਾਰਾਂ ਵੱਲੋਂ ਅਣ-ਅਧਿਕਾਰਤ ਤੌਰ ‘ਤੇ ਬਿਨਾ ਆਈ.ਐਸ.ਆਈ. ਮਾਰਕਾ ਹੈਲਮਟ ਵੇਚਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਕਿਸੇ ਅਣ-ਸੁਖਾਵੀਂ ਘਟਨਾ ਸਮੇਂ ਬਿਨਾ ਆਈ.ਐਸ.ਆਈ ਮਾਰਕਾ ਹੈਲਮਟ ਟੁੱਟ ਜਾਂਦੇ ਹਨ ਅਤੇ ਵਾਹਨ ਚਾਲਕ ਸਖ਼ਤ ਜਖ਼ਮੀ ਹੋ ਜਾਂਦਾ ਹੈ ਅਤੇ ਕਈ ਵਾਰ ਉਸ ਦੀ ਮੌਤ ਹੋ ਜਾਂਦੀ ਹੈ। ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਸੁਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।
ਇਸ ਤੋਂ ਇਲਾਵਾ ਉਨਾਂ ਲੁਧਿਆਣਾ ਸ਼ਹਿਰ ਦੇ ਅੰਦਰੂਨੀ ਖੇਤਰ (ਨਗਰ ਨਿਗਮ ਦਾ ਖੇਤਰ) ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਰਾਤ 10.30 ਵਜੇ ਤੱਕ ਕਮਰਸ਼ੀਅਲ ਵਾਹਨਾਂ ਦੇ ਦਾਖ਼ਲੇ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੀਡੀਅਮ ਅਤੇ ਲਾਈਟ ਮੋਟਰ ਵਹੀਕਲਜ਼ (ਕਮਰਸ਼ੀਅਲ) ਨੂੰ ਸ਼ਹਿਰ ਦੇ ਅੰਦਰ ਦਾਖ਼ਿਲ ਹੋਣ ਦੀ ਆਗਿਆ ਦਿੱਤੀ ਹੈ। ਇਹ ਹੁਕਮ ਅਗਲੇ 17 ਦਸੰਬਰ, 2017 ਤੱਕ ਲਾਗੂ ਰਹੇਗਾ।