ਬੇਮੌਸਮੀ ਬਰਸਾਤ ਕਾਰਨ ਹਾੜੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਦੇ ਕਿਸਾਨਾਂ ਨੂੰ 717 ਕਰੋੜ ਰੁਪਏ ਮੁਆਵਜਾ ਦੇਣ ਦੀ ਤਜ਼ਵੀਜ ਭੇਜੀ : ਡਾ. ਸੰਧੂ

0
1676

ਐਸ.ਏ.ਐਸ.ਨਗਰ ਵਿਖੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਬਾਰੇ ਨਵੀਨਤਮ ਜਾਣਕਾਰੀ ਦੇਣ ਲਈ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਜੂਨ 2015 ਤੱਕ ਦਸ ਹਜ਼ਾਰ ਕਿਸਾਨਾਂ ਦੀ ਪੈਨਸ਼ਨ ਸਕੀਮ ਅਧੀਨ ਰਜਿਸਟਰੇਸ਼ਨ ਕੀਤੀ ਜਾਵੇਗੀ

ਐਸ.ਏ.ਐਸ.ਨਗਰ: (ਧਰਮਵੀਰ ਨਾਗਪਾਲ) ਪੰਜਾਬ ਵਿੱਚ ਬੇਮੌਸਮੀ ਬਰਸਾਤ ਹੋਣ ਕਾਰਣ ਹਾੜੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਦੇ  ਕਿਸਾਨਾਂ ਨੂੰ 717 ਕਰੋੜ ਰੁਪਏ ਮੁਆਫਜ਼ ਦੇਣ ਲਈ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਤਜ਼ਵੀਜ ਭੇਜੀ ਗਈ ਹੈ । ਜਿਸ ਵਿਚ ਖੇਤਬਾੜੀ ਵਿਭਾਗ ਨਾਲ ਸਬੰਧਤ 628 ਕਰੋੜ ਰੁਪਏ, ਸਬਜ਼ੀਆਂ ਅਤੇ ਬਾਗਬਾਨੀ ਲਈ 43 ਕਰੋੜ ਰੁਪਏ ਪਸ਼ੂਆਂ ਦੇ ਚਾਰੇ ਲਈ 46 ਕਰੋੜ ਰੁਪਏ ਮੁਆਵਜੇ ਦੇ ਰੂਪ ਵਿਚ ਕਿਸਾਨਾਂ ਨੂੰ ਵੰਡਣ ਲਈ ਮੰਗ ਗਏ ਹਨ।  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਮੰਗਲ ਸਿੰਘ ਸੰਧੂ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਐਗਰੀਕਲਚਰ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਦੇ ਸਹਿਯੋਗ ਨਾਲ ਕਮਿਊਨਿਟੀ ਸੈਂਟਰ ਫੇਜ਼ 7 ਵਿਖੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਡਾ .ਸੰਧੂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਆਪਣੀਆਂ ਰਵਾਇਤੀ ਫ਼ਸਲਾਂ ਝੋਨੇ ਅਤੇ ਕਣਕ ਦੀ ਬਜਾਏ ਮੱਕੀ, ਦਾਲਾਂ, ਫ਼ਲ, ਫੁੱਲ, ਸਬਜ਼ੀਆਂ ਆਦਿ ਪੈਦਾ ਕਰਨ ਦੀ ਲੋੜ ਹੈ। ਸਰਕਾਰ ਵੱਲੋਂ ਮੱਕੀ ਦਾਲਾਂ ਦੇ ਬੀਜ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੇ ਜਾਣਗੇ ਅਤੇ ਖੇਤੀਬਾੜੀ ਵਿਭਾਗ ਰਾਜ ਦੇ ਕਿਸਾਨਾਂ ਦੀਆਂ ਹੇਠਲੇ ਪੱਧਰ ਤੱਕ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੇ ਪਰਿਵਾਰਾਂ ਵਿੱਚ ਵਰਕ ਕਲਚਰ ਦਿਨ ਪ੍ਰਤੀ ਦਿਨ ਖਤਮ ਹੁੰਦਾ ਜਾ ਰਿਹਾ ਹੈ ਅਤੇ ਅਸੀਂ ਹੱਥੀਂ ਕੰਮ ਕਰਨ ਤੋਂ ਗੁਰੇਜ ਕਰਨ ਲੱਗ ਪਏ ਹਾਂ ਜਿਸ ਨਾਲ ਖੇਤੀ ਲਾਗਤ ਵਿੱਚ ਵਾਧਾ ਹੋਇਆ ਹੈ ਅਤੇ ਕਿਸਾਨੀ ਦਾ ਹਰੇਕ ਕੰਮ ਮਸ਼ੀਨਾਂ ਨਾਲ ਕਰਨ ਨੂੰ ਤਰਜੀਹ ਦਿੰਦੇ ਹਾਂ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਧੰਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੀ ਸਹਿਯੋਗ ਲੈਣ ਅਤੇ ਕਿਰਸਾਨੀ ਲਈ ਔਰਤਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਖੇਤੀਬਾੜੀ ਧੰਦਾ ਲਾਹੇਵੰਦ ਹੋ ਸਕੇ। ਡਾ. ਸੰਧੂ ਨੇ ਦੱਸਿਆ ਕਿ ਕਿਸਾਨ ਆਪਣਾ ਬੁਢੇਪਾ ਸ਼ਾਨੋ ਸ਼ੋਕਤ ਨਾਲ ਗੁਜ਼ਾਰਨ ਲਈ 18 ਤੋਂ 60 ਸਾਲ ਦੇ ਉਮਰ ਦੇ ਕਿਸਾਨ 6 ਹਜ਼ਾਰ ਰੁਪਏ ਸਲਾਨਾ ਪੈਨਸ਼ਨ ਸਕੀਮ ਵਿਚ ਜਮ੍ਹਾਂ ਕਰਵਾਕੇ 60 ਸਾਲ ਦੀ ਉਮਰ ਤੋਂ ਬਾਅਦ ਅੰਤਮ ਸਮੇਂ ਤੱਕ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ। ਵਿਭਾਗ ਵੱਲੋਂ ਇਸ ਸਾਲ ਜੂਨ ਤੱਕ 10 ਹਜ਼ਾਰ ਕਿਸਾਨਾਂ ਨੂੰ ਪੈਨਸ਼ਨ ਸਕੀਮ ਅਧੀਨ ਰਜਿਸਟਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਇਸ ਮੌਕੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਸਬੰਧੀ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਫਾਇਦਾ ਉਠਾਉਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸਿਫ਼ਾਰਸਾਂ ਨਾਲ ਹੀ ਫ਼ਸਲਾਂ ਪੈਦਾ ਕਰਨੀਆਂ ਚਾਹੀਦੀਆਂ ਹਨ । ਉਹਨਾਂ ਹੋਰ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ। ਕਿਸਾਨ ਜਦੋਂ ਫ਼ਸਲਾਂ ਦੇ ਬੀਜ, ਦਵਾਈਆਂ ਆਦਿ ਖਰੀਦਦੇ ਹਨ ਤਾਂ ਉਹਨਾਂ ਦਾ ਬਿੱਲ ਜਰੂਰ ਲੈਣੇ ਤਾਂ ਜੋ ਨਕਲੀ ਬੀਜ ਅਤੇ ਦਵਾਈਆਂ ਆਦਿ ਵੇਚਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਡਾ. ਸੰਧੂ ਨੇ ਖੇਤੀਬਾੜੀ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਵੱਲੋਂ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ । ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਸਰਕਾਰ ਵੱਲੋਂ ਝੋਨੇ ਦੀਆਂ ਆਮ ਕਿਸਮਾਂ ਦੀ ਬਿਜਾਈ 15 ਜੂਨ ਤੋਂ ਅਤੇ ਬਾਸਮਤੀ ਦੀ ਬਿਜਾਈ 20 ਜੁਲਾਈ ਤੋਂ ਬਾਅਦ ਸ਼ੁਰੂ  ਕਰਨ ਦਾ ਸਮਾਂ ਨਿਰਧਾਰਤ ਕੀਤਾ ਹੈ ਤਾਂ ਜੋ ਫਸਲਾਂ ਦੇ ਪੱਕਣ ਸਮੇਂ ਝਾੜ ਨਾ ਘਟੇ ਅਤੇ ਸੰਭਾਲ ਵਿਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸੇ ਕਾਰਣ ਨੁਕਸਾਨੀਆਂ ਗਈਆਂ ਫਸਲਾਂ ਦਾ ਉਚਿਤ ਮੁਆਵਜ਼ਾ ਲੈਣ ਲਈ ਗਰਦਾਵਰੀਆਂ ਸਹੀ ਕਰਵਾਈਆਂ ਜਾਣ।
ਇਸ ਮੌਕੇ ਡਾ. ਕੰਵਰਜੀਤ ਸਿੰਘ ਸੋਢੀ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਦਿੱਤੇ ਜਾਣ ਵਾਲੇ ਖੇਤੀਬਾੜੀ ਦੇ ਸਾਜੋ ਸਮਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ ਬੈਂਸ ਨੇ ਪਾਣੀ ਦੀ ਬੱਚਤ ਅਤੇ ਝੋਨੇ ਦੀ ਸਿੱਧੀ ਬਜਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ ਅਤੇ ਲੇਜ਼ਰ ਲੈਵਲਰ ਨਾਲ ਖੇਤਾਂ ਨੂੰ ਪੱਧਰ ਕਰਕੇ ਬਿਜਾਈ ਕੀਤੀ ਜਾਵੇ। ਫਸਲੀ ਵਿਭਿੰਨਤਾ ਜਿਵੇਂ ਦਾਲਾਂ, ਮੱਕੀ  ਅਤੇ ਬਾਸਮੀਤ ਹੇਠ ਰਕਬਾ ਵਧਾਉਣ ਚਾਹੀਦਾ ਹੈ ਅਤੇ ਮੀਂਹ ਦੇ ਪਾਣੀ ਨੂੰ ਰੀਚਾਰਜ ਕੀਤਾ ਜਾਵੇ। ਸ਼ਿਫਾਰਸ ਸੁਦਾ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।  ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਡਾ. ਮਹੇਸ਼ ਨਾਰੰਗ ਇੰਜੀਨੀਅਰਿੰਗ, ਡਾ.ਅਮਰਜੀਤ ਸਿੰਘ ਪੌਦਾ ਰੋਗ ਵਿਗਿਆਨੀ, ਡਾਂ. ਮਨਮੋਹਣਜੀਤ ਸਿੰਘ ਭੂਮੀ ਵਿਗਿਆਨੀ, ਡਾ. ਠਾਕੁਰ ਸਿੰਘ ਮੁੱਖੀ ਫਸਲ ਵਿਗਿਆਨ, ਡਾ. ਜੇ.ਐਸ. ਕੁਲਾਰ ਕੀਟ ਵਿਗਿਆਨੀ ਅਤੇ ਡਾ. ਐਸ.ਪੀ.ਐਸ ਬਰਾੜ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਕਰਨ ਸਬੰਧੀ ਨਵੀਂਆਂ ਵਿਕਸਿਤ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਕੈਂਪ ਵਿਚ ਜਿਲ੍ਹਾ ਮਾਲ ਅਫਸਰ ਸ੍ਰੀ ਅਮਨਦੀਪ ਸਿੰਘ ਥਿੰਦ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ.ਪ੍ਰਭਮਨਿੰਦਰ ਕੌਰ, ਖੇਤੀਬਾੜੀ ਅਫਸਰ ਖਰੜ ਡਾ. ਰਾਜੇਸ਼ ਕੁਮਾਰ, ਖੇਤੀਬਾੜੀ ਅਫਸਰ  ਕੁਰਾਲੀ ਡਾ. ਜਸਮਿੰਦਰ ਸਿੰਘ, ਸ੍ਰੀ ਚਮਨ ਲਾਲ,ਸ. ਜ਼ੋਰਾ ਸਿੰਘ ਭੁੱਲਰ, ਸ. ਬਿਕਰਮਜੀਤ ਸਿੰਘ ਗੀਗੇ ਮਾਜਰਾ, ਦਰਸ਼ਨ ਸਿੰਘ ਦੈੜੀ  ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਪਤਵੰਤੇ ਮੌਜੂਦ ਸਨ।  ਇਸ ਮੌਕੇ ਖੇਤੀਬਾੜੀ ਤੇ ਅਧਾਰਿਤ ਲਗਾਈ ਗਈ ਵਿਸ਼ਾਲ ਪ੍ਰਦਰਸ਼ਨੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਰਹੀ।