ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣ ਲਈ ਨਵੀਂ ਸ਼ੁਰੂਆਤ, ਜਲੰਧਰ-ਜਗਰਾਂਉ ਹਾਈਵੇ ‘ਤੇ ਹਾਈਟੈਕ ਸਹੂਲਤਾਂ ਨਾਲ ਲੈੱਸ ਪੋਸਟ ਬਣਾਈ

0
1577

ਲੁਧਿਆਣਾ, 7 ਨਵੰਬਰ ( ਸੀ ਐਨ ਆਈ ) ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਲਈ ਨਵੀਂ ਸ਼ੁਰੂਆਤ ਕੀਤੀ ਗਈ ਹੈ।ਇਸ ਨਵੀਂ ਸ਼ੁਰੂਆਤ ਵਿੱਚ ਜਿਲਾ ਦੇ ਸੀਲਿੰਗ ਪੁਆਇੰਟਾਂ ‘ਤੇ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਨਜਾਇਜ਼ ਹਥਿਆਰ ਰੱਖਣ ਵਾਲਿਆਂ ਦੀ ਚੈਕਿੰਗ ਲਈ ਹਾਈਟੈੱਕ ਪੋਸਟਾਂ ਬਣਾਈਆਂ ਗਈਆਂ ਹਨ।ਇਸੇ ਤਰਾਂ ਇੱਕ ਚੈੱਕ ਪੋਸਟ ਜਲੰਧਰ-ਜਗਰਾਂਉ ਹਾਈਵੇ ਉੱਪਰ ਸਿੱਧਵਾਂ ਬੇਟ ਦੇ ਨੇੜੇ ਸਤਲੁਜ ਦਰਿਆ ਦੇ ਪੁਲ ‘ਤੇ ਬਣਾਈ ਗਈ ਹੈ। ਜਿੱਥੇ ਦਿਨ-ਰਾਤ ਇਸ ਜਗਾ ਤੋਂ ਲੰਘਣ ਵਾਲੇ ਜਲੰਧਰ-ਜਗਰਾਂਉ ਨੂੰ ਆਉੁਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ।
ਇਸ ਚੈੱਕ ਪੋਸਟ ‘ਤੇ ਇੱਕ ਚੇਜਿੰਗ ਜਿਪਸੀ ਲਗਾਈ ਗਈ ਹੈ।ਜਿਸ ਪਰ ਐਲ.ਐਮ.ਜੀ ਫਿੱਟ ਕੀਤੀ ਗਈ ਹੈ, ਇਹ ਵਾਹਨ ਅਪਰਾਧੀਆਂ ਦਾ ਪਿੱਛਾ ਕਰਨ ਵਾਸਤੇ ਲਗਾਈ ਗਈ ਹੈ, ਜੋ ਨਾਕਾ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ।ਇਸ ਚੈੱਕ ਪੋਸਟ ਤੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਕਰੀਬ ਇੱਕ ਦਰਜਨ ਮੁਲਾਜਮ ਜਿਹਨਾਂ ਵਿੱਚ 1 ਸਹਾਇਕ ਥਾਣੇਦਾਰ ਅਤੇ 2 ਮਹਿਲਾ ਸਿਪਾਹੀ ਹਨ, ਇੱਕ ਸ਼ਿਫਟ ਵਿੱਚ ਹਾਜ਼ਰ ਰਹਿੰਦੇ ਹਨ। ਇਸ ਚੈੱਕ ਪੋਸਟ ‘ਤੇ ਤਿੰਨ ਸ਼ਿਫਟਾਂ ਵਿੱਚ ਕਰੀਬ 35 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।ਜੋ ਸ਼ਿਫਟ ਵਾਈਜ਼ ਡਿਊਟੀ ਕਰਦੇ ਹਨ।ਚੈੱਕ ਪੋਸਟ ‘ਤੇ ਤਾਇਨਾਤ ਕਰਮਚਾਰੀਆਂ ਨੂੰ ਗੈਂਗਸਟਰਾਂ/ਅਪਰਾਧੀਆਂ ਦਾ ਮੁਕਾਬਲਾ ਕਰਨ ਲਈ ਆਧੁਨਿਕ ਹਥਿਆਰ, ਜਿਵੇਂ ਕਿ ਏ.ਕੇ-47, ਏ.ਐਲ.ਆਰ ਆਦਿ ਮੁਹੱਈਆ ਕਰਵਾਏ ਗਏ ਹਨ।
ਇਸ ਤੋਂ ਇਲਾਵਾ ਇਸ ਚੈੱਕ ਪੋਸਟ ‘ਤੇ ਕਰੀਬ 1 ਦਰਜਨ ਤੋਂ ਵੱਧ ਹਾਈਡਿਮੈਂਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।2 ਸੀ.ਸੀ.ਟੀ.ਵੀ. ਕੈਮਰੇ ਟੋਲ-ਪਲਾਜ਼ਾ ਉੱਪਰ ਲਗਾਏ ਗਏ ਹਨ।ਸਾਰੇ ਕੈਮਰੇ ਵਾਹਨ ਡਾਟ ਕਾਮ ਨਾਲ ਅਟੈਚ ਹਨ, ਜੋ ਟੈਬ ਰਾਹੀਂ ਗਲਤ ਨੰਬਰ ਪਲੇਟ ਚੈੱਕ ਕਰਦੇ ਹਨ।ਚੈੱਕ ਪੋਸਟ ਉੱਪਰ ਰਾਤ ਸਮੇਂ ਐਂਟੀਸਾਬੋਟੇਜ਼ ਚੈਕਿੰਗ ਵਾਸਤੇ ਗੱਡੀਆਂ ਦੇ ਹੇਠਲੇ ਹਿੱਸੇ ਨੂੰ ਚੈੱਕ ਕਰਨ ਲਈ ਸ਼ੀਸ਼ਾ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਪੁੱਲ ਪਰ ਫਲੱਡ ਲਾਈਟਾਂ ਵੀ ਲਗਾਈਆਂ ਗਈਆਂ ਹਨ।ਇਸ ਚੈੱਕ ਪੋਸਟ ਉੱਪਰ ਇੱਕ ਹਾਈਟੈੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜੋ ਇੰਟਰਨੈਟ ਤੇ ਵਾਇਰਲੈੱਸ ਸਿਸਟਮ ਨਾਲ ਲੈੱਸ ਹੈ।
ਸ੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜੀ.ਪੀ, ਜ਼ੋਨ-2 ਜਲੰਧਰ ਨੇ ਇਸ ਚੈੱਕ ਪੋਸਟ ਦੀ ਇੰਸਪੈਕਸ਼ਨ ਕਰਦੇ ਸਮੇਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਕਰਾਈਮ ਨੂੰ ਕੰਟਰੋਲ ਕਰਨ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਅਤੇ ਨਜਾਇਜ਼ ਹਥਿਆਰਾਂ ਦੀ ਚੈਕਿੰਗ ਕਰਨ ਲਈ ਇੱਕ ਅਸਰਦਾਰ ਕਦਮ ਸਿੱਧ ਹੋਵੇਗਾ।ਇਹ ਚੈੱਕ ਪੋਸਟ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਹਰਕਤਾਂ, ਨਜਾਇਜ਼ ਹਥਿਆਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚੈੱਕ ਕਰਨ ਵਿੱਚ ਸਹਾਈ ਹੋਵੇਗਾ।ਖਾਸ ਤੌਰ ‘ਤੇ ਗੈਂਗਸਟਰਾਂ ਦੀ ਚੈਕਿੰਗ ਕੀਤੀ ਜਾਵੇਗੀ, ਜੋ ਇੱਕ ਜਗਾ ਤੋਂ ਦੂਜੀ ਜਗਾ ਉੱਪਰ ਜਾਂਦੇ ਹਨ।ਇਹ ਚੈੱਕ ਪੋਸਟਾਂ ਗੈਂਗਸਟਰਾਂ ਦੀਆਂ ਕਾਰਵਾਈਆਂ ਨੂੰ ਰੋਕਣ ਅਤੇ ਉਹਨਾਂ ਨੂੰ ਟਰੇਸ ਕਰਨ ਵਿੱਚ ਵੀ ਸਹਾਈ ਹੋਣਗੀਆਂ। ਇਸ ਤੋਂ ਇਲਾਵਾ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣਗੀਆਂ।
ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਨੇ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਕਰਾਈਮ ਨੂੰ ਰੋਕਣ ਦਾ ਹੈ।ਇਸ ਮੌਕੇ ਸ੍ਰੀ ਸੁਰਜੀਤ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਚੈੱਕ ਪੋਸਟਾਂ ‘ਤੇ ਇਸ ਕੰਮ ਲਈ ਬਹੁਤ ਹੀ ਵਧੀਆ, ਤਜ਼ਰਬੇਕਾਰ, ਆਪਣੇ ਕੰਮ ਵਿੱਚ ਦਿਲਚਸਪੀ ਰੱਖਣ ਵਾਲੇ, ਸਰੀਰਕ ਤੌਰ ‘ਤੇ ਫਿੱਟ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਪੋਸਟ ‘ਤੇ ‘ਟਾਇਰ ਬਸਟਰ’ ਲਗਾਇਆ ਗਿਆ ਹੈ, ਜੋ ਨਾਕੇ ਤੋਂ ਭੱਜਣ ਵਾਲੇ ਵਾਹਨਾਂ ਨੂੰ ਕਾਬੂ ਕਰਨ ਵਿੱਚ ਮਦਦ ਕਰੇਗਾ।