ਲੁਧਿਆਣਾ ਨਗਰ ਨਿਗਮ ਚੋਣਾਂ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ , 24 ਜਨਵਰੀ ਤੱਕ ਦਿੱਤੇ ਜਾ ਸਕਣਗੇ ਦਾਅਵੇ ਅਤੇ ਇਤਰਾਜ਼

0
1606

ਲੁਧਿਆਣਾ, 15 ਜਨਵਰੀ (ਸੀ ਐਨ ਆਈ ) ਜਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਵੋਟਰ ਸੂਚੀ 2018 ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ 18 ਜਨਵਰੀ, 2018 ਨੂੰ ਕੀਤੀ ਜਾਵੇਗੀ। ਇਸ ਸਬੰਧੀ ਦਾਅਵੇ ਅਤੇ ਇਤਰਾਜ 24 ਜਨਵਰੀ, 2018 ਤੱਕ ਦਿੱਤੇ ਜਾ ਸਕਣਗੇ। 31 ਜਨਵਰੀ, 2018 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਉਪਰੰਤ 3 ਫਰਵਰੀ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨਾ ਨੇ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਜਿਸ ਕਿਸੇ ਨੇ ਵੀ ਨਵੀਂ ਵੋਟ ਬਣਾਉਣੀ ਹੈ, ਜਾਂ ਕੋਈ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਆਪਣੇ ਬੀ.ਐਲ.ਓ. ਨਾਲ ਰਾਬਤਾ ਕਰ ਸਕਦਾ ਹੈ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਜਿਲਾ ਚੋਣ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।