ਲੋਕ ਵਿਰਾਸਤ ਅਕੈਡਮੀ ਵੱਲੋਂ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਦਾ ਚੇਅਰਮੈਨ ਬਣਨ ਤੇ ਸਨਮਾਨ

0
1275

ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਦੇ ਉਦਯੋਗਕ ਵਿਕਾਸ ਨਾਲ ਸਬੰਧਿਤ ਕਾਰਪੋਰੇਸ਼ਨ ਦੇ ਨਵ ਨਿਯੁਕਤ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੂੰ   ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦਾ ਚੇਅਰਮੈਨ ਬਣਨ ਤੇ ਸਨਮਾਨਿਤ ਕੀਤਾ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਤੇ ਮਾਲਵਾ ਸਭਿਆਚਾਰ ਮੰਚ ਦੇ ਚੇਅਰਮੈਨ ਸ਼੍ਰੀ ਬਾਵਾ ਇਸ ਤੋਂ ਪਹਿਲਾਂ ਦੋ ਵਾਰ ਹਾਊਸਫੈੱਡ ਪੰਜਾਬ ਦੇ ਚੇਅਰਮੈਨ ਰਹਿ ਚੁਕੇ ਹਨ।
ਸ਼੍ਰੀ ਬਾਵਾ ਦੇ ਸਵਾਗਤ ਚ ਬੋਲਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਵੇ ਦੱਸਿਆ ਕਿ ਸ਼੍ਰੀ ਬਾਵਾ ਨੇ 1980 ਤੋਂ ਸ: ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਨਾਲ ਸਿਆਸਤ, ਸਮਾਜ ਸੇਵਾ, ਪੇਂਡੂ ਵਿਕਾਸ ਤੇ ਸਭਿਆਚਾਰ ਦੇ ਖੇਤਰ ਵਿੱਚ ਸਰਗਰਮੀ ਸ਼ੁਰੂ ਕੀਤੀ। ਪਿੰਡ ਰਕਬਾ (ਲੁਧਿਆਣਾ)  ਜੰਮਪਲ ਸ਼੍ਰੀ ਬਾਵਾ ਨੇ 26 ਸਾਲ ਪਹਿਲਾਂ ਸਾਡੇ ਸਭ ਦੇ ਸੰਗ ਸਾਥ ਹਰ ਸਾਲ ਧੀਆਂ ਦਾ ਲੋਹੜੀ ਮੇਲਾ ਸ਼ੁਰੂ ਕੀਤਾ ਤਾਂ ਜੋ ਭਰੂਣ ਹੱਤਿਆ ਦੇ ਖਿਲਾਫ਼ ਲੋਕ ਆਵਾਜ਼ ਬੁਲੰਦ ਹੋ ਸਕੇ। ਇਸ ਦਾ ਆਰੰਭ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੋਂ ਲੈ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਬੁੱਤਾਂ ਤੀਕ ਹਜ਼ਾਰਾਂ ਲੋਕਾਂ ਦੇ ਕਾਫ਼ਲੇ ਦੀ ਅਗਵਾਈ ਕਰਕੇ ਕੀਤਾ।
ਸ਼੍ਰੀ ਬਾਵਾ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਲੰਮਾ ਸਮਾਂ ਮੀਤ ਪ੍ਰਧਾਨ ਰਹੇ ਪ੍ਰਸਿੱਧ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਤੇ ਇਤਿਹਾਸਕ ਯੋਗਦਾਨ ਬਾਰੇਬਾਵਾ ਜੀ ਨੇ ਦੇਸ਼ ਬਦੇਸ਼ ਵਿੱਚ ਲੋਕਾਂ ਨੂੰ ਲਗਾਤਾਰ ਸੁਚੇਤ ਕੀਤਾ ਅਤੇ ਰਕਬਾ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬਾਣੀਕਾਰਾਂ ਦੇ ਚਿੱਤਰ ਅਰ ਐੱਮ ਸਿੰਘ ਤੋਂ ਤਿਆਰ ਕਰਵਾ ਕੇ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਰੂਪ ਵਿੱਚ ਕੌਮ ਨੂੰ ਸਮਰਪਿਤ ਕੀਤਾ ਹੈ।
ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ  ਸਿੰਘ ਨੇ ਕਿਹਾ ਕਿ ਬਾਵਾ ਜੀ ਨੇ ਸਿਰਫ਼ ਸਿਆਸਤ ਨਹੀਂ ਕੀਤੀ ਸਗੋਂ ਸਰਬ ਧਰਮਾਂ  ਦੇ ਮਹਾਨ ਵਿਚਾਰਵਾਨਾਂ ਨੂੰ ਇਕਸਾਰ ਸਨਮਾਨ ਦੇ ਕੇ ਸਮਾਜ ਵਿੱਚ ਸਤਿਕਾਰ ਲਿਆ ਹੈ। ਹੁਣ ਉਹ ਸਿਰਫ਼ ਮਾਲਵਾ ਖੇਤਰ ਦੇ ਨਹੀਂ ਸਗੋਂ ਪੂਰੇ ਸੰਸਾਰ ਚ ਵੱਸਦੇ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਬਣ ਗਏ ਹਨ।
ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਉਹ ਇਕੱਲੇ ਕੁਝ ਵੀ ਨਹੀਂ ਹਨ ਸਗੋਂ ਹਰ ਖੇਤਰ ਦੇ ਆਗੂਆਂ ਦੀ ਪ੍ਰੇਰਨਾ ਨਾਲ ਹੀ ਮੈਂ ਉੱਸਰ ਸਕਿਆ ਹਾਂ। ਉਨ੍ਹਾਂ ਕਿਹਾ ਕਿ ਆਪਣੇ ਪਿਤਾ ਜੀ ਸ਼੍ਰੀ ਬਲਭੱਦਰ ਦਾਸ ਜੀ ਪਾਸੋਂ ਜੀਵਨ ਸੰਘਰਸ਼ ਦੀ ਦਾਤ, ਜੱਸੋਵਾਲ ਜੀ ਤੋਂ ਸਿਆਸਤ ਦੇ ਨਾਲ ਨਾਲ ਸਮਾਜ ਦਾ ਸਰਬਪੱਖੀ ਵਿਕਾਸ ਅਤੇ ਹਰ ਖੇਤਰ ਦੇ ਸ਼ਾਹ ਸਵਾਰਾਂ ਕੋਲੋਂ ਸਹਿਯੋਗ ਲੈ ਕੇ ਗੋਹੜੇ ਚੋਂ ਸਿਰਫ਼ ਕੁਝ ਪੂਣੀਆਂ ਕੱਤੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਲਈ ਕਸਬਿਆਂ ਚ ਉਦਯੋਗਕ ਵਿਕਾਸ ਕਰਨ ਦੀ ਲੋੜ ਹੈ। ਇਸ ਸਬੰਧੀ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਉਦਯੋਗ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ ਦੀ ਦਿਸ਼ਾ ਨਿਰਦੇਸ਼ਨਾ ਅਧੀਨ ਪਾਰਦਰਸ਼ੀ ਸਮਰੱਥ ਨੀਤੀ ਤਿਆਰ ਕੀਤੀ ਜਾਵੇਗੀ ਅਤੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਨਵੇਂ ਉੱਦਮੀਆਂ ਨੂੰ ਪੰਜਾਬ ਚ ਉਦਯੋਗ ਲਾਉਣ ਲਈ ਪ੍ਰੇਰਿਆ ਜਾਵੇਗਾ।
ਪਿੰਡ ਦਾਦ ਦੇ ਸਰਪੰਚ ਸ: ਜਗਦੀਸ਼ਪਾਲ ਸਿੰਘ ਗਰੇਵਾਲ ਨੇ ਸ਼੍ਰੀ ਕ ਕ ਬਾਵਾ ਨੂੰ ਪਿੰਡ ਪੰਚਾਇਤ ਵੱਲੋਂ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸ: ਬਲਕਾਰ ਸਿੰਘ, ਪਰਮਜੀਤ ਸਿੰਘ, ਗਗਨਦੀਪ ਬਾਵਾ ਤੇ ਅਰਜਨ ਬਾਵਾ ਵੀ ਹਾਜ਼ਰ  ਸਨ।