ਵਾਹਨਾਂ ‘ਤੇ ਬਿਨਾ ਢਕੇ ਰੇਤਾ ਢੋਆ-ਢੁਆਈ ,ਧਾਰਮਿਕ ਸੰਸਥਾਵਾਂ ਵਿੱਚ ਉੱਚੀ ਅਵਾਜ਼ ‘ਚ ਲਾਊਡ ਸਪੀਕਰ ਅਤੇ ਕਿਰਾਏਦਾਰ ਰੱਖਣ ਤੋਂ ਪਹਿਲਾਂ ਸੰਬੰਧਤ ਬਾਰੇ ਜਾਣਕਾਰੀ ਪੁਲਿਸ ਕੋਲ ਰਿਪੋਰਟ ਦਰਜ ਕਰਾਉਣੀ ਜ਼ਰੂਰੀ ,ਪੁਲਿਸ ਕਮਿਸ਼ਨਰ

0
1369

ਲੁਧਿਆਣਾ, 05 ਮਾਰਚ (ਸੀ ਐਨ ਆਈ )-ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ (ਐਕਟ ਨੰਬਰ-2 ਆਫ਼ 1974) ਦੀ ਧਾਰਾ 144 ਤਹਿਤ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਰਹਿੰਦੇ ਆਮ ਲੋਕਾਂ, ਮਕਾਨ ਮਾਲਕਾਂ, ਮਕਾਨਾਂ ਉੱਪਰ ਕਾਬਜ਼ ਵਿਅਕਤੀਆਂ, ਫੈਕਟਰੀਆਂ ਦੇ ਮਾਲਕਾਂ, ਵੱਖ-ਵੱਖ ਵਿੱਤੀ ਅਦਾਰਿਆਂ ਦੇ ਮਾਲਕਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਕਰ, ਡਰਾਈਵਰ, ਚੌਕੀਦਾਰ, ਮਾਲੀ ਅਤੇ ਕਿਰਾਏਦਾਰ ਆਦਿ ਰੱਖਣ ਵੇਲੇ ਉਨ੍ਹਾਂ ਦੇ ਪਿਛੋਕੜ ਬਾਰੇ ਜ਼ਰੂਰ ਜਾਣਨਾ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਨੌਕਰੀ ਜਾਂ ਕਿਰਾਏ ‘ਤੇ ਰੱਖਣ ਤੋਂ ਪਹਿਲਾਂ ਸੰਬੰਧਤ ਵਿਅਕਤੀ ਜਾਂ ਪਰਿਵਾਰ ਤੋਂ ਮੁਕੰਮਲ ਰਿਹਾਇਸ਼ੀ ਪਤਾ, ਫੋਟੋ, ਲੈਂਡਲਾਈਨ ਜਾਂ ਮੋਬਾਈਲ ਨੰਬਰ, ਸ਼ਨਾਖ਼ਤੀ ਕਾਰਡ, ਫਿੰਗਰ ਪ੍ਰਿੰਟਸ, ਆਧਾਰ ਕਾਰਡ ਹਾਸਿਲ ਕਰਕੇ ਜਾਂ ਅਧਿਕਾਰਤ ਏਜੰਸੀ ਰਾਹੀਂ ਲੈ ਕੇ ਸੰਬੰਧਤ ਪੁਲਿਸ ਚੌਕੀ/ਥਾਣਾ ਵਿੱਚ ਤੁਰੰਤ ਦਰਜ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਸੰਬੰਧਤ ਵਿਅਕਤੀ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਸ੍ਰੀ ਢੋਕੇ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਬਾਹਰਲਿਆਂ ਸੂਬਿਆਂ ਤੋਂ ਆ ਕੇ ਵਸੇ ਹੋਏ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ, ਪ੍ਰਾਈਵੇਟ ਸੁਰੱਖਿਆ ਏਜੰਸੀਆਂ, ਵੱਖ-ਵੱਖ ਵਪਾਰਕ ਕੰਪਨੀਆਂ, ਵਿੱਤੀ ਅਦਾਰਿਆਂ ਅਤੇ ਰੋਜ਼ਾਨਾ ਪੱਧਰ ‘ਤੇ ਨਗਦੀ ਆਦਿ ਇਕੱਤਰ ਕਰਨ ਅਤੇ ਸੰਭਾਲਣ ਆਦਿ ਦਾ ਕੰਮ ਕਰਦੇ ਹਨ। ਕੁਝ ਲੋਕ ਘਰੇਲੂ ਕੰਮਾਂ ਕਾਰਾਂ ਵਿੱਚ ਵੀ ਹੱਥ ਵਟਾਉਂਦੇ ਹਨ। ਅਜਿਹੇ ਵਿਅਕਤੀਆਂ ਨੂੰ ਕੰਮ ਜਾਂ ਕਿਰਾਏ ‘ਤੇ ਰੱਖਣ ਤੋਂ ਪਹਿਲਾਂ ਕੋਈ ਵੀ ਜਾਣਕਾਰੀ ਲੈਣੀ ਜ਼ਰੂਰੀ ਨਹੀਂ ਸਮਝੀ ਜਾਂਦੀ। ਜਿਸ ਕਾਰਨ ਅਜਿਹੇ ਲੋਕ ਮਾਲਕਾਂ ਦਾ ਵਿਸ਼ਵਾਸ਼ ਜਿੱਤ ਕੇ ਵੱਡੀ ਲੁੱਟ ਮਾਰ ਕਰ ਲੈਂਦੇ ਹਨ ਅਤੇ ਕਈ ਵਾਰ ਮਾਲਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਜਿਸ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ।
ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਖੇਤਰ ਵਿੱਚ ਖੁੱਲ੍ਹੇਆਮ ਰੇਤਾ ਵਾਹਨ ਵਿੱਚ ਲੈ ਕੇ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਵਾਹਨਾਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਰੇਤਾ ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਹੀ ਚੱਲਿਆ ਜਾਵੇ। ਉਨ੍ਹਾਂ ਕਿਹਾ ਕਿ ਜੋ ਵਾਹਨ ਰੇਤਾ ਢੋਆ-ਢੁਆਈ ਦਾ ਕੰਮ ਕਰਦੇ ਹਨ ਉਹ ਰੇਤੇ ਨੂੰ ਢਕਣਾ ਜ਼ਰੂਰੀ ਨਹੀਂ ਸਮਝਦੇ, ਜਿਸ ਕਾਰਨ ਸੜਕਾਂ ‘ਤੇ ਰੇਤਾ ਉੱਡਦਾ ਹੈ ਅਤੇ ਵਾਹਨਾਂ ਵਿੱਚੋਂ ਪਾਣੀ ਚੋਂਦਾ ਹੈ, ਜਿਸ ਕਾਰਨ ਆਮ ਰਾਹਗੀਰਾਂ ਨੂੰ ਸੜਕ ‘ਤੇ ਚੱਲਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਅਤੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹੇ ਹਾਦਸੇ ਰੋਕਣ ਲਈ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਉੱਚੀ ਅਵਾਜ਼ ‘ਚ ਲਾਊਡ ਸਪੀਕਰ ਚਲਾਉਣ ਅਤੇ ਹੋਰ ਉੱਚੀ ਅਵਾਜ਼ ਵਿੱਚ ਚੱਲਣ ਵਾਲੀਆਂ ਆਈਟਮਾਂ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਜਾਣ ਬੁੱਝ ਕੇ ਉੱਚੀ ਅਵਾਜ਼ ਵਿੱਚ ਲਾਊਡ ਸਪੀਕਰ ਚਲਾ ਕੇ ਸੰਬੰਧਤ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉੱਚੀ ਅਵਾਜ ਵਿੱਚ ਲਾਊਡ ਸਪੀਕਰ ਚੱਲਣ ਨਾਲ ਆਮ ਨਾਗਰਿਕ, ਜਾਨਵਰ, ਪੰਛੀਆਂ ਅਤੇ ਬਿਮਾਰ ਤੇ ਲਚਾਰ ਵਿਅਕਤੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਕਟ ਅਨੁਸਾਰ ਰਾਤ 10.00 ਵਜੇ ਸਵੇਰੇ 6.00 ਵਜੇ ਤੱਕ ਉਚੀ ਅਵਾਜ਼ ‘ਚ ਲਾਊਡ ਸਪੀਕਰ ਚਲਾਉਣ ਅਤੇ ਹੋਰ ਉਚੀ ਅਵਾਜ਼ ਵਿੱਚ ਚੱਲਣ ਵਾਲੀਆਂ ਆਈਟਮਾਂ ‘ਤੇ ਪਾਬੰਦੀ ਲਗਾਈ ਹੋਈ ਹੈ, ਜੇਕਰ ਇਸ ਸਮੇਂ ਦੌਰਾਨ ਕੋਈ ਉੱਚੀ ਲਾਊਡ ਸਪੀਕਰ ਦਾ ਪ੍ਰੋਗਰਾਮ ਹੈ ਤਾਂ ਸਬੰਧਤ ਅਧਿਕਾਰੀ ਪਾਸੋਂ ਇਸ ਦੀ ਆਗਿਆ ਲੈਣੀ ਹੁੰਦੀ ਹੈ। ਆਮ ਲੋਕਾਂ ਅਤੇ ਬਿਮਾਰ ਤੇ ਲਚਾਰ ਵਿਅਕਤੀਆਂ ਦੇ ਹਿੱਤ ਵਿੱਚ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਪਾਬੰਦੀ ਹੁਕਮ ਦੋ ਮਹੀਨੇ ਤੱਕ ਜਾਰੀ ਰਹਿਣਗੇ।
ਇਸ ਤੋਂ ਇਲਾਵਾ ਉਨ੍ਹਾਂ ਲੁਧਿਆਣਾ ਸ਼ਹਿਰ ਦੇ ਅੰਦਰੂਨੀ ਖੇਤਰ (ਨਗਰ ਨਿਗਮ ਦਾ ਖੇਤਰ) ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਰਾਤ 10.30 ਵਜੇ ਤੱਕ ਕਮਰਸ਼ੀਅਲ ਵਾਹਨਾਂ ਦੇ ਦਾਖ਼ਲੇ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੀਡੀਅਮ ਅਤੇ ਲਾਈਟ ਮੋਟਰ ਵਹੀਕਲਜ਼ (ਕਮਰਸ਼ੀਅਲ) ਨੂੰ ਸ਼ਹਿਰ ਦੇ ਅੰਦਰ ਦਾਖ਼ਿਲ ਹੋਣ ਦੀ ਆਗਿਆ ਦਿੱਤੀ ਹੈ। ਇਹ ਹੁਕਮ ਅਗਲੇ ਦੋ ਮਹੀਨੇ ਤੱਕ ਲਾਗੂ ਰਹੇਗਾ।
ਅਜਿਹੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਜਿੰਨ੍ਹਾਂ ਵਿੱਚ ਤਿੰਨ ਪਹੀਆ, ਚਾਰ ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਲੀਆਂ ਗੱਡੀਆਂ ਸ਼ਾਮਿਲ ਹਨ ਤੇ ਆਮ ਜਨਤਾ ਨੂੰ ਲਿਜਾਣ ਅਤੇ ਢੋਹਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਕਿਸਮ ਦੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਜਿੰਨਾਂ ਵਿੱਚ ਤਿੰਨ ਪਹੀਆ, ਚਾਰ ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਲੀਆਂ ਗੱਡੀਆਂ ਸਵਾਰੀਆਂ ਸ਼ਰੇਆਮ ਢੋਹਦੀਆਂ ਹਨ, ਜੋ ਕਿ ਗੈਰ ਕਾਨੂੰਨੀ ਅਤੇ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ ਅਤੇ ਮਨੁੱਖੀ ਜਾਨਾਂ ਲਈ ਵੀ ਖਤਰਨਾਕ ਸਿੱਧ ਹੋ ਸਕਦੀ ਹੈ, ਕਈ ਵਾਰ ਅਜਿਹੀ ਅਣਸੁਖਾਵੇਂ ਹਾਦਸੇ ਵੀ ਵਾਪਰਦੇ ਹਨ ਜਿੰਨਾਂ ਵਿੱਚ ਵੱਡ-ਮੁੱਲੀਆਂ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ। ਇਸ ਲਈ ਆਮ ਜਨਤਾ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਮੁੱਖ ਰੈਖਦੇ ਹੋਏ ਅਤੇ ਪਬਲਿਕ ਹਿੱਤ ਵਿੱਚ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਪਾਬੰਦੀ ਹੁਕਮ ਦੋ ਮਹੀਨੇ ਤੱਕ ਜਾਰੀ ਰਹਿਣਗੇ।