ਸਵ: ਰਵਿੰਦਰ ਗੋਸਾਈ ਦੀ ਸ਼ਹਾਦਤ ਨੂੰ ਹਮੇਸ਼ਾ ਤੌਰ ‘ਤੇ ਯਾਦ ਰੱਖਿਆ ਜਾਵੇਗਾ-ਰਵਨੀਤ ਸਿੰਘ ਬਿੱਟੂ ,ਪਰਿਵਾਰ ਨੂੰ 5 ਲੱਖ ਦਾ ਚੈਕ ਭੇਟ ਕੀਤਾ,

0
1418

ਲੁਧਿਆਣਾ, 27 ਅਕਤੂਬਰ (ਸੀ ਐਨ ਆਈ )-ਸ੍ਰ. ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਅੱਜ ਲੁਧਿਆਣਾ ਵਿਖੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਆਰ.ਐਸ.ਐਸ ਆਗੂ ਸਵ. ਰਵਿੰਦਰ ਗੋਸਾਈ ਦੇ ਅੰਤਿਮ ਰਸਮਾਂ ਅਤੇ ਸ਼ੋਕ ਸਮਾਗਮ ਵਿੱਚ ਸ਼ਾਮਿਲ ਹੋਣ ਤੇ ਸ਼ਰਧਾਜ਼ਲੀ ਭੇਟ ਕਰਨ ਲਈ ਵਿਸ਼ੇਸ਼ ਤੌਰ ਪਹੁੰਚੇ। ਇਸ ਮੌਕੇ ਸ੍ਰੀ ਵਿਜੈ ਸਾਂਪਲਾ ਕੇਂਦਰੀ ਮੰਤਰੀ ਅਤੇ ਸ੍ਰੀ ਸੰਜੇ ਤਲਵਾੜ ਵਿਧਾਇਕ ਵੀ ਹਾਜ਼ਰ ਸਨ।
ਸੋਗ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਸਵ: ਗੋਸਾਈ ਦੀ ਹੱਤਿਆ ਸੂਬੇ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਕੰਮ ਹੈ, ਪ੍ਰੰਤੂ ਪੰਜਾਬ ਵਿਰੋਧੀ ਮਨਸੂਬੇ ਅਤੇ ਦੇਸ਼ ਦੀ ਏਕਤਾ ਆਖੰਡਤਾ ਅਤੇ ਆਪਸੀ ਪਿਆਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੀਆਂ। ਉਹਨਾਂ ਕਿਹਾ ਕਿ ਸਵ: ਗੋਸਾਈ ਦੀ ਸ਼ਹਾਦਤ ਨੂੰ ਅਮਨ-ਸ਼ਾਂਤੀ, ਦੇਸ਼ ਦੀ ਏਕਤਾ-ਆਖੰਡਤਾ ਲਈ ਦਿੱਤੀ ਕੁਰਬਾਨੀ ਦੇ ਤੌਰ ‘ਤੇ ਯਾਦ ਰੱਖਿਆ ਜਾਵੇਗਾ। ਉਹਨਾਂ ਗੋਸਾਈ ਪਰਿਵਾਰ ਦੀ ਸੰਜਮ ਤੇ ਸਹਿਣ-ਸ਼ਕਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਇਹ ਦੁੱਖ ਬਹੁਤ ਵੱਡਾ ਹੈ, ਪਰ ਪਰਿਵਾਰ ਨੇ ਆਮ ਲੀਹਾਂ ਤੋਂ ਹਟ ਕੇ ਕੋਈ ਰੋਸ ਧਰਨਾ ਜਾਂ ਪ੍ਰਦਰਸ਼ਨ ਨਹੀਂ ਕੀਤਾ ਸਗੋਂ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਪੂਰਾ ਭਰੋਸਾ ਪ੍ਰਗਟਾਇਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਮਾਮਲੇ ਦੀ ਤੈਅ ਤੱਕ ਜਾਣ ਲਈ ਇਸ ਦੀ ਜਾਂਚ ਦਾ ਕੰਮ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਨੂੰ ਸੌਪਿਆ ਗਿਆ ਹੈ। ਉਹਨਾਂ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਬਲ ਬਖ਼ਸ਼ਣ ਅਤੇ ਭਾਣਾ ਮੰਨਣ ਦੀ ਅਰਦਾਸ ਕੀਤੀ। ਇਸ ਮੌਕੇ ਉਹਨਾਂ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਅਤੇ ਦੱਸਿਆ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਆਉਣ ਵਾਲੇ ਹਫ਼ਤੇ ਵਿੱਚ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਦੇ ਦਿੱਤਾ ਜਾਵੇਗਾ।
ਅੰਤਿਮ ਰਸਮਾਂ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਇਹ ਹਾਦਸਾ ਇੱਕ ਸੋਚੀ ਸਮਝੀ ਚਾਲ ਅਧੀਨ ਪਾਕਿਸਤਾਨ ਅਤੇ ਕੈਨੇਡਾ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਨੇ ਕਰਵਾਇਆ ਹੈ, ਜੋ ਜਲਦੀ ਹੀ ਬੇ-ਨਕਾਬ ਕਰ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਆਧੁਨਿਕ ਤਕਨਾਲੋਜੀ ਅਤੇ ਸਾਧਨਾਂ ਦਾ ਲਾਹਾ ਲੈ ਕੇ ਅਜਿਹੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਜਾਂਚ ਵਿੱਚ ਕੁੱਝ ਦੇਰੀ ਹੋ ਰਹੀ ਹੈ, ਪ੍ਰੰਤੂ ਦੋਸ਼ੀ ਜਲਦੀ ਹੀ ਜੇਲ• ਅੰਦਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਤੇ ਸ੍ਰੀ ਅਨਿਲ ਜੋਸ਼ੀ, ਪ੍ਰੋ: ਰਜਿੰਦਰ ਭੰਡਾਰੀ ਤੋਂ ਇਲਾਵਾ ਧਾਰਮਿਕ, ਸਮਾਜਿਕ ਸੰਸਥਾਵਾਂ, ਵਿਦਿਅਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ।