ਸਹਿਕਾਰਤਾ ਵਿਭਾਗ ਨੂੰ ਮਜ਼ਬੂਤ ਕਰਨ ਲਈ ਸਾਂਝੇ ਯਤਨਾਂ ਦੀ ਲੋੜ-ਬ੍ਰਹਮ ਮਹਿੰਦਰਾ ਵਿਸ਼ੇਸ਼ ਪ੍ਰਾਪਤੀਆਂ ਦਿਖਾਉਣ ਵਾਲੀਆਂ 12 ਸੁਸਾਇਟੀਆਂ ਤੇ 10 ਹੈਲਪ ਗਰੁੱਪਾਂ ਦਾ ਵਿਸ਼ੇਸ਼ ਸਨਮਾਨ,

0
1543

ਲੁਧਿਆਣਾ, 20 ਨਵੰਬਰ (ਸੀ ਐਨ ਆਈ )-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਦੇ ਸਹਿਕਾਰਤਾ ਵਿਭਾਗ ਨਾਲ ਜੁੜੇ ਵੱਖ-ਵੱਖ ਅਦਾਰਿਆਂ ਵੱਲੋਂ 64ਵੇਂਂ ਸਹਿਕਾਰਤਾ ਦਿਵਸ ਨੂੰ ਸਮਰਪਿਤ ਪੂਰਾ ਹਫ਼ਤਾ ਸਮਾਗਮਾਂ ਦੀ ਲੜੀ ਚਲਾਉਣ ਤੋਂ ਬਾਅਦ ਰਾਜ ਪੱਧਰੀ ਸਮਾਗਮ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸਿਹਤ ਤੇ ਪਰਿਵਾਰ ਭਲਾਈ, ਡਾਕਟਰੀ ਸਿੱਖਿਆ ਤੇ ਖੋਜ ਅਤੇ ਸੰਸਦੀ ਮਾਮਲਿਆਂ ਬਾਰੇ ਵਿਭਾਗ, ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਕਿਰਸਾਨੀ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਸਹਿਕਾਰਤਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪਿਛਲੀ 2002 ਸਰਕਾਰ ਦੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਵੱਲੋਂ ਸਹਿਕਾਰਤਾ ਐਕਟ-2005 ਲਾਗੂ ਕੀਤਾ ਗਿਆ ਸੀ, ਪ੍ਰੰਤੂ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਵਾਰ ਕਾਂਗਰਸ ਸਰਕਾਰ ਵੱਲੋਂ ਸਹਿਕਾਰਤਾ ਨੂੰ ਮਜ਼ਬੂਤ ਕਰਨ ਨੂੰ ਆਪਣੇ ਏਜੰਡੇ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਸ੍ਰੀ ਮਹਿੰਦਰਾ ਨੇ ਸਹਿਕਾਰਤਾ ਦਾ ਝੰਡਾ ਲਹਿਰਾਉਂਦਿਆਂ ਕਿਹਾ ਕਿ ਰਾਜ ‘ਚ ਸਹਿਕਾਰਤਾ ਲਹਿਰ ਵਿੱਚ ਸੁਧਾਰ ਕਰਨ ਦੀ ਵੱਡੀ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਇੱਥੋਂ ਦੀ ਕਿਸਾਨੀ ਨੂੰ ਆਰਥਿਕ ਪੱਖੋਂ ਸਹਿਕਾਰਤਾ ਵਿਭਾਗ ਜਿੱਥੇ ਅਹਿਮ ਸੇਵਾਵਾਂ ਦੇ ਰਿਹਾ ਹੈ, ਉੱਥੇ ਪੇਂਡੂ ਖੇਤਰ ਦੀਆਂ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਸਹਿਕਾਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਹਿਕਾਰਤਾ ਵਿਭਾਗ ਕਿਸਾਨੀ ਦੀ ਰੀੜ ਦੀ ਹੱਡੀ ਹੈ ਤੇ ਇਸ ਨੂੰ ਮਜ਼ਬੂਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨਾਂ ਸਹਿਕਾਰਤਾ ਵਿਭਾਗ ਦੇ ਅਦਾਰਿਆਂ ਵੱਲੋਂ ਪੂਰਾ ਹਫ਼ਤਾ ਆਪਣੀਆਂ ਪ੍ਰਾਪਤੀਆਂ ਦਿਖਾਉਂਦੇ ਵੱਖ-ਵੱਖ ਥਾਵਾਂ ‘ਤੇ ਕਰਵਾਏ ਗਏ ਸਮਾਗਮਾਂ ‘ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਇਸ ਮੌਕੇ ਸੈਲਫ ਹੈਲਪ ਗਰੁੱਪਾਂ ਅਤੇ ਖੇਤੀ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਦਾ ਵੀ ਜਾਇਜ਼ਾ ਲਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੌਰਾਨ ਯੂਨੀਵਰਸਿਟੀ ਦੀਆਂ ਨਵੀਆਂ ਖੋਜਾਂ ਬਾਰੇ ਚਾਨਣਾ ਪਾਉਂਦਿਆਂ ਆਧੁਨਿਕ ਖੇਤੀ ਬਾਰੇ ਕਿਸਾਨਾਂ ਨੂੰ ਅਹਿਮ ਸੁਝਾਅ ਵੀ ਦਿੱਤੇ। ਸਹਿਕਾਰਤਾ ਵਿਭਾਗ ਦੇ ਰਾਜ ਪੱਧਰੀ ਸਮਾਗਮ ਦੌਰਾਨ ਵਿਸ਼ੇਸ਼ ਪ੍ਰਾਪਤੀਆਂ ਦਿਖਾਉਣ ਵਾਲੀਆਂ 12 ਸਹਿਕਾਰੀ ਤੇ 10 ਸੈੱਲਫ਼ ਹੈਲਪ ਗਰੁੱਪਾਂ ਨੂੰ ਨਗਦੀ ਤੇ ਯਾਦਗਾਰੀ ਚਿਨਾ ਨਾਲ ਸਨਮਾਨਿਤ ਵੀ ਕੀਤਾ। ਇਸ ਮੌਕੇ ਪੰਜਾਬ ਵਿੱਚ ਕੰਮ ਕਰਦੇ ਵੱਖ-ਵੱਖ ਸਹਿਕਾਰੀ ਅਦਾਰਿਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਆਪਣੀਆਂ ਪ੍ਰਾਪਤੀਆਂ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ। ਸਹਿਕਾਰੀ ਅਦਾਰਿਆਂ ਤੋਂ ਇਲਾਵਾ ਸਹਿਕਾਰੀ ਮਹਿਕਮੇ ਵੱਲੋਂ ਪ੍ਰਮੋਟ ਕੀਤੇ ਗਏ ਸੈਲਫ ਹੈਲਪ ਗਰੁੱਪਾਂ ਵੱਲੋਂ ਵੀ ਪ੍ਰਦਰਸ਼ਨੀ ‘ਚ ਵੱਖਰੀਆਂ ਸਟਾਲਾਂ ਲਗਾਈਆਂ ਗਈਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਅਰਵਿੰਦਰ ਸਿੰਘ ਬੈਂਸ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ, ਸ੍ਰੀ ਵਿਮਲ ਕੁਮਾਰ ਸੇਤੀਆ ਆਈ. ਏ. ਐੱਸ. ਐਡੀਸ਼ਨਲ ਰਜਿਸਟਰਾਰ, ਸ੍ਰੀ ਕੌਰ ਸਿੰਘ ਜੁਆਇਟ ਰਜਿਸਟਰਾਰ, ਸ੍ਰੀ ਦਰਸ਼ਨ ਸਿੰਘ ਗਿੱਲ ਜੁਆਇੰਟ ਰਜਿਸਟਰਾਰ, ਵਧੀਕ ਮੈਨੇਜਿੰਗ ਡਾਇਰੈਕਟਰ ਮਾਰਕਫੈੱਡ ਸ੍ਰੀ ਬਾਲ ਮੁਕੰਦ ਸ਼ਰਮਾ, ਕਾਰਜਕਾਰੀ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ, ਸ੍ਰ. ਗੁਰਦੇਵ ਸਿੰਘ ਲਾਪਰਾਂ ਜ਼ਿਲਾ ਪ੍ਰਧਾਨ ਕਾਂਗਰਸ, ਸ੍ਰ. ਮਨਜੀਤ ਸਿੰਘ ਹੰਬੜਾਂ, ਪ੍ਰੋ. ਕਿਰਨਜੋਤ ਕੌਰ, ਡਾ. ਕਪੂਰ ਅਤੇ ਡਾ. ਟੀ. ਐੱਸ. ਰਿਆੜ, ਡਿਪਟੀ ਰਜਿਸਟਰਾਰ ਲੁਧਿਆਣਾ ਸ. ਗੁਰਦਿੱਤ ਸਿੰਘ, ਸ੍ਰ. ਅਮਨਦੀਪ ਸਿੰਘ ਬਰਾੜ ਮੈਨੇਜਿੰਗ ਸਹਿਕਾਰੀ ਬੈਂਕ ਹੁਸ਼ਿਆਰਪੁਰ, ਸ੍ਰ. ਐੱਚ. ਐੱਸ. ਸੰਧੂ ਜੀ. ਐੱਮ. ਮਿਲਕ ਪਲਾਂਟ ਲੁਧਿਆਣਾ, ਸ੍ਰ. ਡੀ. ਐੱਸ. ਢਿੱਲੋਂ ਜ਼ਿਲਾ ਮੈਨੇਜਰ ਸਹਿਕਾਰੀ ਬੈਂਕ ਲੁਧਿਆਣਾ ਅਤੇ ਪੰਜਾਬ ਭਰ ਦੇ ਕਿਸਾਨ ਹਾਜ਼ਰ ਸਨ। ਸਮਾਗਮ ਦੌਰਾਨ ਪੀਏਯੂ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਹਿਕਾਰੀ ਅਦਾਰੇ ਇਫਕੋ-ਕ੍ਰਿਭਕੋ ਅਤੇ ਪੀਏਯੂ ਦੇ ਮੁਲਾਜ਼ਮਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।