ਸਾਉਣੀ ਦੀਆਂ ਫਸਲਾਂ ਸਬੰਧੀ ਜਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

0
1614

-ਕਣਕ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਖੇਤੀਬਾੜੀ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ
ਖੰਨਾ, 25 ਮਾਰਚ (ਸੀ ਐਨ ਆਈ )-ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲਾ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ), ਲੁਧਿਆਣਾ ਦੇ ਸਹਿਯੋਗ ਨਾਲ ਜਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾਣਾ ਮੰਡੀ, ਖੰਨਾ (ਜੀ.ਟੀ.ਰੋਡ), ਲੁਧਿਆਣਾ ਵਿਖੇ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਡਾ. ਜਸਬੀਰ ਸਿੰਘ ਬੈਂਸ ਡਾਇਰੈਕਟਰ ਖੇਤੀਬਾੜੀ, ਪੰਜਾਬ ਵੱਲੋਂ ਕੀਤੀ ਗਈ। ਇਸ ਕੈਂਪ ਵਿੱਚ ਸ. ਰਵਨੀਤ ਸਿੰਘ ਬਿੱਟੂ, ਮੈਂਬਰ ਪਾਰਲੀਮੈਂਟ, ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸ. ਗੁਰਕੀਰਤ ਸਿੰਘ ਕੋਟਲੀ ਐਮ.ਐਲ.ਏ ਹਲਕਾ ਖੰਨਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸ. ਰਵਨੀਤ ਸਿੰਘ ਬਿੱਟੂ ਨੇ ਕਿਸਾਨ ਭਰਾਵਾਂ ਨੂੰ ਪਲੀਤ ਹੋ ਰਹੇ ਵਾਤਾਵਰਨ ਨੂੰ ਠੱਲ ਪਾਉਣ ਲਈ ਨੈਸ਼ਨਲ ਗੀ੍ਰਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਾ ਸਾੜਨ ਸਗੋਂ ਖੇਤੀਬਾੜੀ ਵਿਭਾਗ ਵੱਲੋਂ ਨਵੀਆਂ ਇਜ਼ਾਦ ਕੀਤੀਆਂ ਖੇਤੀਬਾੜੀ ਮਸ਼ੀਨਾਂ ਨਾਲ ਖੇਤ ਵਿੱਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੀ ਅਪੀਲ ਕੀਤੀ। ਉਹਨਾਂ ਕਿਸਾਨ ਭਰਾਵਾਂ ਦੀ ਪ੍ਰਸ਼ੰਸਾ ਵੀ ਕੀਤੀ ਕਿ ਜਿਲਾ ਵੱਲੋਂ ਵਿੱਤੀ ਹਾਲਤਾਂ ਠੀਕ ਨਾ ਹੋਣ ਦੇ ਬਾਵਜੂਦ ਵੀ ਫਸਲਾਂ ਦਾ ਉਤਪਾਦਨ ਵਧਾ ਕੇ ਪੰਜਾਬ ਰਾਜ ਲਈ ਭਾਰਤ ਸਰਕਾਰ ਵੱਲੋਂ ਕ੍ਰਿਸ਼ੀ ਕਰਮਨ ਅਵਾਰਡ ਪ੍ਰਾਪਤ ਕੀਤਾ ਹੈ। ਉਹਨਾਂ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਖੇਤੀ ਗਤੀਵਿਧੀਆਂ ਕਰਨ ਦੀ ਸਲਾਹ ਵੀ ਦਿੱਤੀ।
ਡਾ. ਜਸਬੀਰ ਸਿੰਘ ਬੈਂਸ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਵੀਰ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਹੀ ਖੇਤੀ ਕਰਨ ਅਤੇ ਖੇਤੀ ਇਨਪੁਟਸ ਦੀ ਵਰਤੋਂ ਲੋੜ ਅਧਾਰਿਤ ਹੀ ਕਰਨ। ਉਹਨਾਂ ਪਾਣੀ ਅਤੇ ਵਾਤਾਵਰਣ ਦੇ ਪ੍ਰਦੂਸ਼ਣ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਜ਼ਮੀਨ ਹੇਠਲਾ ਪਾਣੀ, ਜ਼ਮੀਨ ਦੀ ਸਿਹਤ ਅਤੇ ਵਾਤਾਵਰਣ ਨੂੰ ਆਉਣ ਵਾਲੀਆਂ ਨਸਲਾਂ ਲਈ ਬਚਾ ਕੇ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਅਤੇ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਕਰਨੀ ਪਵੇਗੀ।
ਉਹਨਾਂ ਖੇਤੀ ਖਰਚਿਆਂ ਸਬੰਧੀ ਵਹੀਖਾਤਾ ਲਾਉਣ ਅਤੇ ਨਵੇ ਜ਼ਮਾਨੇ ਦੀ ਖੇਤੀ ਵੱਲ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਪੰਜਾਬ ਵਿੱਚ ਲਗਾਤਾਰ ਕਣਕ-ਝੋਨੇ ਦੇ ਫਸਲੀ ਚੱਕਰ ਨਾਲ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਊਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸੰਕੋਚਵੀਂ ਵਰਤੋਂ ਕਰਨ ਅਤੇ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਫਸਲੀ ਵਿਭਿੰਨਤਾ ਤੇ ਸਹਾਇਕ ਧੰਦੇ ਅਪਨਾਉਣ। ਮਿੱਟੀ ਦੀ ਸਿਹਤ ਨੂੰ ਸੁਧਾਰਨ ਵਾਸਤੇ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਦਾਲਾਂ/ਹਰੀ ਖਾਦ ਦੀ ਕਾਸ਼ਤ ਕਰਨ।
ਜਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਕਿਹਾ ਕਿ ਜਿਲੇ ਅੰਦਰ ਕਿਸਾਨਾਂ ਨੂੰ ਮਿਆਰੀ ਕਿਸਮਾਂ ਦੇ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣਾ ਵਿਭਾਗ ਦਾ ਮੁੱਖ ਨਿਸ਼ਾਨਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਉਪਰੰਤ ਬਚਦੀ ਪਰਾਲੀ ਨੂੰ ਅੱਗ ਨਾ ਲਾਉਣ। ਇਸ ਮੌਕੇ ਊਨਾ ਵੱਲੋਂ ਆਤਮਾ, ਕੌਮੀ ਅੰਨ ਸੁਰੱਖਿਆ ਮਿਸ਼ਨ (ਦਾਲਾਂ), ਆਰ.ਕੇ.ਵੀ.ਵਾਈ., ਫਸਲੀ ਵਿਭਿੰਨਤਾ ਸਕੀਮਾਂ ਅਧੀਨ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਜਿਲੇ ਅੰਦਰ ਚਲ ਰਹੀਆਂ ਹੋਰ ਵੱਖ-ਵੱਖ ਸਕੀਮਾਂ ਅਧੀਨ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਡਾ. ਐਸ.ਸੀ ਸ਼ਰਮਾ, ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ ਸਮਰਾਲਾ, ਡਾ. ਅਰਮਜੀਤ ਸਿੰਘ, ਡਾ ਸੁਭਾਸ਼ ਸਿੰਘ, ਡਾ. ਸਿਮਰਜੀਤ ਕੌਰ, ਡਾ. ਆਰ. ਐਸ. ਗਿੱਲ, ਡਾ. ਐਸ.ਐਸ. ਠਾਕੁਰ, ਡਾ. ਰਾਜ ਕੁਮਾਰ, ਡਾ. ਰਾਕੇਸ਼ ਸ਼ਰਮਾ ਦੀ ਅਗਵਾਈ ਵਿੱਚ ਆਈ ਮਾਹਿਰਾਂ ਦੀ ਟੀਮ ਵੱਲੋਂ ਸਾਉਣੀ ਦੀਆਂ ਵੱਖ-ਵੱਖ ਫਸਲਾਂ ਦੀਆਂ ਕਿਸਮਾਂ, ਮਿੱਟੀ ਪਰਖ ਦੀ ਮਹੱਤਤਾ, ਨਦੀਨਾਂ, ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਖੇਤੀ ਮਸ਼ੀਨਰੀ ਦੀ ਸਹੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਖੇਤੀਬਾੜੀ ਨਾਲ ਸਬੰਧਿਤ ਅਦਾਰਿਆ ਵੱਲੋਂ ਕਿਸਾਨ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਦਰਸਾਉਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨਾਂ ਵਿੱਚ ਕਿਸਾਨਾਂ ਵੱਲੋਂ ਡੂੰਘੀ ਦਿਲਚਸਪੀ ਵਿਖਾਈ ਗਈ। ਇਸ ਮੌਕੇ ਜਿਲੇ ਦੇ ਵੱਖ-ਵੱਖ ਬਲਾਕਾਂ ਦੇ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ। ਇਸ ਕੈਂਪ ਵਿੱਚ ਜਿਲੇ ਭਰ ਦੇ 2000 ਤੋਂ ਵੱਧ ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ।