ਹਲਕਾ ਫਤਿਹਗੜ੍ਹ ਚੂੜੀਆਂ ਦੇ 2 ਅਕਾਲੀ ਬਲਾਕ ਸੰਮਤੀ ਮੈਂਬਰਾਂ ਸਮੇਤ ਦਰਜਨ ਦੇ ਕਰੀਬ ਸਰਪੰਚਾਂ – ਪੰਚਾਂ ਵਲੋਂ ਅਕਾਲੀ ਦਲ ਬਾਦਲ ਨੂੰ ਛੱਡਣਾ ਤੈਅ ?

0
1437

ਹਲਕਾ ਫਤਿਹਗੜ੍ਹ ਚੂੜੀਆਂ ਦੇ 2 ਅਕਾਲੀ ਬਲਾਕ ਸੰਮਤੀ ਮੈਂਬਰਾਂ ਸਮੇਤ ਦਰਜਨ ਦੇ ਕਰੀਬ ਸਰਪੰਚਾਂ – ਪੰਚਾਂ ਵਲੋਂ ਅਕਾਲੀ ਦਲ ਬਾਦਲ ਨੂੰ ਛੱਡਣਾ ਤੈਅ ?

ਕੈਪਟਨ ਧੜੇ ਦੇ ਇਕ ਸੀਨੀਅਰ ਕਾਂਗਰਸੀ ਆਗੂ ਨਾਲ ਹੋਈ ਗੁਪਤ ਮੀਟਿੰਗ

ਬਟਾਲਾ /ਫਤਿਹਗੜ੍ਹ ਚੂੜੀਆਂ , 23 ਅਗਸਤ ( ਯੂਵੀ ਸਿੰਘ ਮਾਲਟੂ ) – ਬੇਸ਼ੱਕ ਜਦੋਂ ਦੀ ਦੂਜੀ ਵਾਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ ਤਾਂ ਪਿੰਡ ਪਿੰਡ ਵਿੱਚ ਦੋ – ਚਾਰ ਬੰਦਿਆਂ ਨੂੰ ਸਿਰੋਪਾਓ ਪਾ ਕੇ ਅਕਾਲੀ ਦਲ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੀਆਂ ਪੰਜਾਬ ਦੀਆਂ ਕੁੱਝ ਮਸ਼ਹੂਰ ਪੰਜਾਬੀ ਅਖਬਾਰਾਂ ਅਤੇ ਜਿਆਦਾਤਰ ਅਕਾਲੀ ਦਲ ਦੇ ਹੀ ਰਾਗ ਵਜਾਉਣ ਵਾਲੇ ਇਕ ਟੀ. ਵੀ. ਚੈਨਲ ਉਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵੱਡੇ ਵੱਡੇ ਦਾਅਵਿਆਂ ਦੀਆਂ ਇਹ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ ਕਿ ‘ ਕੱਟੜ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਅਕਾਲੀ ਦਲ ਬਾਦਲ ਵਿੱਚ ਸ਼ਾਮਲ ‘ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਹਨਾਂ ਝੂਠੇ ਦਾਅਵਿਆਂ ਦੀ ਅਸਲੀਅਤ ਤੇ ਜਮੀਨੀ ਸਚਾਈ ਕੁੱਝ ਹੋਰ ਹੀ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ ! ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੇ ਦਿਲਾਂ ਅੰਦਰ ਝਾਤ ਮਾਰੀਏ ਤਾਂ ਉਨ੍ਹਾਂ ਵਲੋਂ ਜਿੰਨੀ ਭੜਾਸ ਆਪਣੇ ਆਗੂਆਂ ਖਿਲਾਫ ਨਿਕਲਦੀ ਮਿਲਦੀ ਉਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਆਪਣੀ ਹੀ ਪਾਰਟੀ ਦੇ ਆਗੂਆਂ ਤੋਂ ਦੁੱਖੀ ਇਸ ਤਰ੍ਹਾਂ ਦੇ ਵਰਕਰ ਕਿਸੇ ਹੋਰ ਪਾਰਟੀ ਵਿਚ ਨਹੀਂ ਹੋਣਗੇ ਜੋ ਕਿ ਸਿਰਫ ਤੇ ਸਿਰਫ ਅਕਾਲੀ ਦਲ ਵਿੱਚ ਹੀ ਹਨ , ਜਿਸ ਦੀ ਮਿਸਾਲ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਕੁੱਝ ਟਕਸਾਲੀ ਅਕਾਲੀ ਆਗੂਆਂ ਵਲੋਂ ਕਾਂਗਰਸ ਦੇ ਕੈਪਟਨ ਧੜੇ ਦੇ ਨਾਲ ਸੰਬੰਧਤ ਇਕ ਸੀਨੀਅਰ ਕਾਂਗਰਸੀ ਆਗੂ ਨਾਲ ਕੀਤੀ ਗੁਪਤ ਮੀਟਿੰਗ ਤੋਂ ਮਿਲਦੀ ਹੈ । ਪੰਜਾਬ ਅਸੈਂਬਲੀ ਚੋਣਾਂ ਨੂੰ ਤਕਰੀਬਨ 16 ਕੁ ਮਹੀਨੇ ਰਹਿ ਗਏ ਹਨ ਅਤੇ ਅਕਾਲੀ ਦਲ ਵਲੋਂ ਸੂਬੇ ਵਿਚ ਦੁਬਾਰਾ ਆਪਣੀ ਸਰਕਾਰ ਬਣਾਉਣ ਲਈ ਹਰੇਕ ਹਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਗਏ ਹਨ ! ਅਕਾਲੀ ਦਲ ਬਾਦਲ ਨਾਲ ਸਬੰਧਤ ਆਲਾ ਮਿਆਰੀ ਭਰੋਸੇਯੋਗ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਦੋ ਅਕਾਲੀ ਬਲਾਕ ਸੰਮਤੀ ਮੈਂਬਰ ਅਤੇ ਉਨ੍ਹਾਂ ਨਾਲ ਦਰਜਨ ਦੇ ਕਰੀਬ ਹਲਕਾ ਫਤਿਹਗੜ੍ਹ ਚੂੜੀਆਂ ਦੇ ਸਰਪੰਚ – ਪੰਚ ਤਿੱਖੇ ਬਾਗੀ ਰੌਂਅ ਵਿੱਚ ਦੇਖੇ ਗਏ ਹਨ ਅਤੇ ਕਿਸੇ ਵੇਲੇ ਵੀ ਹਲਕੇ ਵਿਚ ਕੋਈ ਵੱਡਾ ਸਿਆਸੀ ਧਮਾਕਾ ਕਰਨ ਲਈ ਸਮੇਂ ਦੀ ਉਡੀਕ ਕਰ ਰਹੇ ਹਨ ਅਤੇ ਇਨ੍ਹਾਂ ਵਲੋਂ ਕੈਪਟਨ ਧੜੇ ਦੇ ਇਕ ਸੀਨੀਅਰ ਕਾਂਗਰਸੀ ਆਗੂ ਅਤੇ ਆਮ ਆਦਮੀ ਪਾਰਟੀ ਦੇ ਵੀ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਸਲਾਹ ਮਸ਼ਵਰਾ ਚਲ ਰਿਹਾ ਹੈ ਕਿ ਕਿਹੜੀ ਪਾਰਟੀ ਦੇ ਜਹਾਜ਼ ਉਤੇ ਸਵਾਰ ਹੋਈਏ । ਉਕਤ ਅਕਾਲੀ ਆਗੂਆਂ ਵਿਚੋਂ ਇਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ ਤੇ ਦੱਸਿਆ ਕਿ ਹਲਕੇ ਅੰਦਰ ਅਕਾਲੀ ਵਰਕਰਾਂ ਵਿਚ ਪਾਰਟੀ ਆਗੂਆਂ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਇਹ ਅਕਾਲੀ ਵਰਕਰ ਸਰਕਾਰ ਦਾ ਸਮਾਂ ਕੱਢ ਰਹੇ ਹਨ ਤੇ ਸਰਕਾਰ ਦੇ ਸੱਤਾ ਦੀ ਕੁਰਸੀ ਤੋਂ ਉਤਰਦਿਆਂ ਹੀ ਅਕਾਲੀ ਦਲ ਦੀ ਡੁੱਬਦੀ ਬੇੜੀ ਵਿਚੋਂ ਛਾਲਾਂ ਮਾਰਨ ਲਈ ਤਿਆਰ ਬੈਠੇ ਹਨ । ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਨ੍ਹਾਂ ਅਕਾਲੀ ਵਰਕਰਾਂ ਵਲੋਂ ਆਪਣੀ ਹੀ ਪਾਰਟੀ ਨੂੰ ਦਿਖਾਏ ਗਏ ” ਬਾਗੀ ਤੇਵਰ ” ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਸਮੀਕਰਣਾਂ ਨੂੰ ਬਦਲਣ ਲਈ ਕਿੰਨੇ ਕੁ ਕਾਰਗਰ ਸਿੱਧ ਹੁੰਦੇ ਹਨ ।