ਜ਼ਿਲ੍ਹੇ ’ਚ 325 ਕੈਂਸਰ ਪੀੜਤ ਮਰੀਜਾਂ ਨੂੰ 4 ਕਰੋੜ 87 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਇਲਾਜ ਲਈ ਵਿੱਤੀ ਸਹਾਇਤਾ ਵਜੋਂ ਪ੍ਰਦਾਨ ਕੀਤੀ : ਸਿੱਧੂ

0
1486

 

ਐਸ.ਏ.ਐਸ.ਨਗਰ: 2 ਜੁਲਾਈ (ਧਰਮਵੀਰ ਨਾਗਪਾਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ’ਚ ਹੁਣ ਤੱਕ ਕੈਂਸਰ ਦੇ 325 ਮਰੀਜਾਂ ਨੂੰ ਨਾਮਵਰ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਾਉਣ ਲਈ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿਚੋਂ 4 ਕਰੋੜ 87 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿਦਿੰਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕੈਂਸਰ ਪੀੜਤਾਂ ਦੀਆਂ ਹੁਣ ਤੱਕ 334 ਅਰਜੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ 325 ਮਰੀਜਾਂ ਨੂੰ ਪ੍ਰਤੀ ਮਰੀਜ 1 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ 09 ਕੇਸ਼ਾਂ ਵਿੱਚ 13 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਕੈਂਸਰ ਪੀੜਤਾਂ ਨੂੰ ਹਫਤੇ ਦੇ ਅੰਦਰ-ਅੰਦਰ ਪ੍ਰਦਾਨ ਕਰ ਦਿੱਤੀ ਜਾਵੇਗੀ। ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਕੈਂਸਰ ਦੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਜਿਥੇ ਵਿਸ਼ੇਸ ਯਤਨ ਕੀਤੇ ਜਾ ਰਹੇ ਹਨ । ਉਥੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਮੁੱਖ ਮੰਤਵ ਮਰੀਜਾਂ ਨੂੰ ਆਪਣੇ ਇਲਾਜ ਲਈ ਪੈਸੇ ਦੀ ਘਾਟ ਮਹਿਸੂਸ ਨਾ ਹੋਵੇ ਅਤੇ ਉਹ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਕਰਨ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਉਹ ਬਿਮਾਰੀਆਂ ਰਹਿਤ ਆਪਣੀ ਜਿੰਦਗੀ ਬਸਰ ਕਰ ਸਕਣ। ਉਹਨਾਂ ਦੱਸਿਆ ਕਿ ਜ਼ਿਲ੍ਹੇ ‘ਚ ਸਕੂਲ ਹੈਲਥ ਯੋਜਨਾ ਤਹਿਤ ਸਕੂਲੀ ਬੱਚਿਆਂ ਦਾ ਮੈਡੀਕਲ ਚੈਕਅੱਪ ਕੀਤਾ ਜਾਂਦਾ ਹੈ ਅਤੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਸਰਕਾਰੀ ਅਤੇ ਮਾਨਤਾ ਪ੍ਰਾਪਤ ਗੈਰ ਸਰਕਾਰੀ ਸਕੂਲੀ ਬੱਚੇ ਜੋ ਕੈਂਸਰ, ਸੀ.ਐਚ.ਡੀ.ਅਤੇ ਆਰ.ਐਚ.ਡੀ . ਤੋਂ ਪੀੜਤ ਹੁੰਦੇ ਹਨ ਉਹਨਾਂ ਦੀ ਜਾਂਚ ਅਤੇ ਇਲਾਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮੁਫ਼ਤ ਕਰਵਾਇਆ ਜਾਂਦਾ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਮਾਤਾ ਕੌਸੱਲਿਆ ਸਕੀਮ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਹੋਣ ਤੋਂ ਬਾਅਦ 1 ਹਜ਼ਾਰ ਰੁਪਏ ਮਾਂ ਨੂੰ ਦਿੱਤੇ ਜਾਂਦੇ ਹਨ। ਇਸ ਸਕੀਮ ਅਧੀਨ ਇਸ ਸਾਲ ਹੁਣ ਤੱਕ 03 ਲੱਖ 82 ਹਜ਼ਾਰ 892 ਰੁਪਏ ਦੇ ਕਰੀਬ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਜਨਨੀ ਸੁਰੱਖਿਆ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਵੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਸ ਸਕੀਮ ਅਧੀਨ ਦਿਹਾਤੀ ਖੇਤਰ ਲਈ 700 ਰੁਪਏ ਅਤੇ ਸ਼ਹਿਰੀ ਖੇਤਰ ਲਈ 600 ਰੁਪਏ ਪ੍ਰਤੀ ਜੱਚਾ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ । ਇਸ ਸਕੀਮ ਤਹਿਤ 01 ਲੱਖ 52 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀਆਂ ਤਹਿਤ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਹਨਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ 8052 ਪਰਿਵਾਰਾਂ ਦੇ ਰਾਸ਼ਟਰੀ ਸਿਹਤ ਬੀਮਾ ਯੋਜਨਾਂ ਤਹਿਤ ਕਾਰਡ ਬਣੇ ਹੋਏ ਹਨ। ਜਿਹਨਾਂ ਨੂੰ ਆਪਣੇ ਇਲਾਜ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਹੁਣ ਤੱਕ 4 ਲੱਖ 83 ਹਜ਼ਾਰ 875 ਰੁਪਏ ਦੀ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਸਵੱਸਥ ਬੀਮਾ ਯੋਜਨਾ ਤਹਿਤ ਜ਼ਿਲ੍ਹੇ 18507 ਸਮਾਰਟ ਕਾਰਡ ਜਾਰੀ ਕੀਤੇ ਹਨ । ਜਿਸ ਤਹਿਤ ਉਨ੍ਹਾਂ ਨੂੰ ਆਪਣੇ ਇਲਾਜ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਮਰੀਜ਼ਾਂ ਨੂੰ ਡਾਕਟਰੀ ਸਹੂਲਤ ਦੇਣ ਲਈ ਮੋਬਾਇਲ ਮੈਡੀਕਲ ਯੂਨਿਟ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੋਬਾਇਲ ਯੂਨਿਟ ਵੱਲੋਂ ਵੱਖ ਵੱਖ ਪਿੰਡਾਂ ਤੋਂ ਇਲਾਵਾ ਸਲੱਮ ਭੱਠਿਆਂ ਆਦਿ ਤੇ ਜਾ ਕੇ ਮਰੀਜ਼ਾਂ ਦਾ ਚੈਕ ਅੱਪ ਕੀਤਾ ਜਾਂਦਾ ਹੈ ਇਸ ਮੋਬਾਇਲ ਯੂਨਿਟ ਵਿੱਚ ਈ.ਸੀ.ਜੀ. ਐਕਸਰੇ ਅਤੇ ਲੈਬ ਟੈਸਟ ਦੀ ਵੀ ਸਹੂਲਤ ਹੈ ਅਤੇ ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।