ਉੱਤਰੀ ਕੋਰੀਆ ਜੰਗ ਲਈ ਅੜਿਆ ? ਹਾਈਡ੍ਰੋਜਨ ਬੰਬ ਨਾਲ ਦੁਨੀਆਂ ‘ਚ ਹਾਹਾਕਾਰ

0
1473

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਕਾਰਨ ਪਰਮਾਣੂ ਬੰਬਾਂ ਦੀ ਲੜਾਈ ਦਾ ਖਤਰਾ ਵਧ ਰਿਹਾ ਹੈ। ਉੱਤਰੀ ਕੋਰੀਆ ਵੱਲੋਂ ਹਾਈਡ੍ਰੋਜਨ ਬੰਬ ਦੇ ਪ੍ਰੀਖਣ ਤੋਂ ਬਾਅਦ ਦੁਨੀਆ ਵਿੱਚ ਹਾਹਾਕਾਰ ਮੱਚ ਗਈ ਹੈ। ਇਸ ਬਾਰੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਨੇ ਕਿਹਾ ਹੈ ਕਿ ਆਪਣੇ ਆਪ ਨੂੰ ਪ੍ਰਮਾਣੂ ਸ਼ਕਤੀ ਦੇ ਤੌਰ ‘ਤੇ ਸਾਬਤ ਕਰਨ ਲਈ ਉੱਤਰੀ ਕੋਰੀਆ ਜੰਗ ਚਾਹੁੰਦਾ ਹੈ।

ਉੱਤਰੀ ਕੋਰੀਆ ਦਾ ਹਾਈਡ੍ਰੋਜਨ ਬੰਬ ਪ੍ਰੀਖਣ

ਕੀ ਦੁਨੀਆ ਇੱਕ ਵਾਰ ਮੁੜ ਵਿਸ਼ਵ ਯੁੱਧ ਵੱਲ ਵਧ ਰਹੀ ਹੈ? ਕੀ ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਆਪਣੇ ਦੇਸ਼ ਨੂੰ ਆਲਮੀ ਜੰਗ ਦੀ ਅੱਗ ਵਿੱਚ ਧੱਕ ਦੇਵੇਗਾ? ਕਿਮ ਜੋਂਗ ਨੇ ਸਾਰੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਹਾਈਡ੍ਰੋਜਨ ਬੰਬ ਨੂੰ ਪਰਖਿਆ ਹੈ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਭਰੇ ਢੰਗ ਵਿੱਚ ਕਿਹਾ ਕਿ ਉੱਤਰੀ ਕੋਰੀਆ ਹੁਣ ਅਮਰੀਕਾ ਲਈ ਖ਼ਤਰਾ ਬਣਦਾ ਜਾ ਰਿਹਾ ਹੈ।

1945 ‘ਚ ਅਮਰੀਕਾ ਨੇ ਜਾਪਾਨ ‘ਤੇ ਸੁੱਟੇ ਸੀ ਦੋ ਪਰਮਾਣੂ ਬੰਬ

6 ਤੇ 9 ਅਗਸਤ 1945 ਨੂੰ ਪੂਰੀ ਦੁਨੀਆ ਨੇ ਪਰਮਾਣੂ ਬੰਬ ਕਾਰਨ ਹੋਈ ਤਬਾਹੀ ਨੂੰ ਉਦੋਂ ਵੇਖਿਆ ਸੀ ਜਦੋਂ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ‘ਤੇ ਇਹ ਬੰਬ ਸੁੱਟੇ ਸਨ। ਸਿਰਫ ਦੋ ਬੰਬਾ ਨਾਲ ਇਨ੍ਹਾਂ ਦੋ ਸ਼ਹਿਰਾਂ ਵਿੱਚ ਸਵਾ ਦੋ ਲੱਖ ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ਬੇਸ਼ੱਕ 7 ਦਹਾਕੇ ਹੋ ਗਏ ਹਨ ਪਰ ਉਸ ਦਾ ਅਸਰ ਅੱਜ ਵੀ ਇਨ੍ਹਾਂ ਸ਼ਹਿਰ ਦੇ ਨਿਵਾਸੀਆਂ ‘ਤੇ ਪਏ ਰੇਡੀਏਸ਼ਨ ਦੇ ਬੁਰੇ ਪ੍ਰਭਾਵ ਤੋਂ ਵੇਖਿਆ ਜਾ ਸਕਦਾ ਹੈ।

ਪਰਮਾਣੂ ਬੰਬ ਤੋਂ ਵੀ ਘਾਤਕ ਹਾਈਡ੍ਰੋਜਨ ਬੰਬ

ਹਾਈਡ੍ਰੋਜਨ ਬੰਬ ਪਰਮਾਣੂੰ ਬੰਬ ਤੋਂ ਵੀ ਖ਼ਤਰਨਾਕ ਹੈ। ਉੱਤਰੀ ਕੋਰੀਆ ਦੇ ਇਸ ਪ੍ਰੀਖਣ ਤੋਂ ਬਾਅਦ ਕਈ ਇਲਾਕਿਆ ਵਿੱਚ ਭੂਚਾਲ ਵਾਂਗ ਝਟਕੇ ਮਹਿਸੂਸ ਕੀਤੇ ਗਏ ਸਨ। ਪਹਿਲਾਂ ਦੇ ਮੁਕਾਬਲੇ ਇਹ ਧਮਾਕਾ 5-6 ਗੁਣਾ ਜ਼ਿਆਦਾ ਤਾਕਤਵਰ ਸੀ। ਕੋਰੀਆ ਇਸ ਬੰਬ ਨੂੰ ਆਪਣੀ ਲੰਮੀ ਦੂਰੀ ਦੀਆਂ ਮਿਸਾਇਲਾਂ ਵਿੱਚ ਫਿੱਟ ਕਰ ਸਕਦਾ ਹੈ। ਉੱਤਰੀ ਕੋਰੀਆ ਦਾ ਇਹ ਛੇਵਾਂ ਨਿਊਕਲੀਅਰ ਟੈਸਟ ਸੀ।

ਉੱਤਰੀ ਕੋਰੀਆ 10 ਸਾਲਾਂ ਤੋਂ ਕਰ ਰਿਹਾ ਪਰਮਾਣੂ ਪ੍ਰੀਖਣ

ਹਾਲੇ ਪਿਛਲੇ ਹਫਤੇ ਹੀ ਉੱਤਰੀ ਕੋਰੀਆ ਨੇ ਜਾਪਾਨ ਦੇ ਉੱਪਰੋਂ ਇੱਕ ਬੈਲਿਸਟਿਕ ਮਿਸਾਈਲ ਦਾ ਪ੍ਰੀਖਣ ਕੀਤਾ ਸੀ। ਬੇਸ਼ੱਕ ਇਹ ਮਿਸਾਈਲ ਸਮੁੰਦਰ ਵਿੱਚ ਸੁੱਟੀ ਗਈ ਸੀ ਪਰ ਦੂਜੇ ਦੇਸ਼ ਦੇ ਉੱਪਰੋਂ ਅਜਿਹਾ ਪ੍ਰੀਖਣ ਕਿੰਨਾ ਕੁ ਜਾਇਜ਼ ਹੈ। ਉੱਤਰੀ ਕੋਰੀਆ 2006 ਤੋਂ ਹੀ ਪਰਮਾਣੂ ਪ੍ਰੀਖਣ ਕਰਦਾ ਆ ਰਿਹਾ ਹੈ। ਪਿਛਲੇ ਸਾਲ ਕੀਤਾ ਗਿਆ ਪਰਮਾਣੂ ਪ੍ਰੀਖਣ ਹੀਰੋਸ਼ੀਮਾ ਤੇ ਨਾਗਾਸਾਕੀ ‘ਤੇ ਸੁੱਟੇ ਗਏ ਬੰਬਾਂ ਜਿੰਨਾ ਤਾਕਤਵਰ ਸੀ।

ਜੰਗ ਦੇ ਕਿਨਾਰੇ ‘ਤੇ ਖੜ੍ਹੇ ਅਮਰੀਕਾ ਤੇ ਉੱਤਰੀ ਕੋਰੀਆ

ਕਿਮ ਜੋਂਗ ਵਰਗੇ ਤਾਨਾਸ਼ਾਹ ਦਾ ਹਾਈਡ੍ਰੋਜਨ ਬੰਬ ਨਾਲ ਸਮਰੱਥ ਹੋ ਜਾਣ ਦਾ ਮਤਲਬ ਸਮੁੱਚੇ ਸੰਸਾਰ ਲਈ ਖਤਰਾ ਹੈ ਤੇ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉੱਤਰੀ ਕੋਰੀਆ ਤੇ ਅਮਰੀਕਾ ਜੰਗ ਦੇ ਕਿਨਾਰੇ ‘ਤੇ ਖੜ੍ਹੇ ਹਨ। ਹਾਈਡ੍ਰੋਜਨ ਬੰਬ ਦੇ ਪ੍ਰੀਖਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉੱਤਰੀ ਕੋਰੀਆ ਹੁਣ ਅਮਰੀਕਾ ਲਈ ਖ਼ਤਰਾ ਬਣਦਾ ਜਾ ਰਿਹਾ ਹੈ।