ਕਿਸਾਨਾਂ ਨੂੰ ਜਾਰੀ ਹੋਣਗੇ 80,000 ਟਿਊਬਵੈਲ ਕੁਨੈਕਸ਼ਨ -ਸੁਖਬੀਰ ਸਿੰਘ ਬਾਦਲ (ਇਕ ਲੱਖ ਪੋਸਟਾਂ ਭਰਨ ਲਈ ਪ੍ਰਕ੍ਰਿਆ ਸਤੰਬਰ ਤੋਂ ਸ਼ੁਰੂ ਹੋਵੇਗੀ)

0
1495

ਚੰਡੀਗੜ 21 ਜੁਲਾਈ (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 80,000 ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦੀ ਪ੍ਰਕ੍ਰਿਆ ਤੁਰੰਤ ਸ਼ੁਰੂ ਕਰ ਦਿੱਤੀ ਜਾਵੇਗੀ ਕਿਉਂਕਿ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਕੁਨੈਕਸ਼ਨ ਜਾਰੀ ਕਰ ’ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਅੱਜ ਇੱਥੇ ਲੰਬੀ ਹਲਕੇ ਦੇ ਪਿੰਡਾਂ ਵਿਚ 99 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਪਿੰਡ ਰੋੜਾਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਫੈਸਲਾ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੇਸ਼ ਦਾ ਵਾਧੂ ਬਿਜਲੀ ਵਾਲਾ ਸੂਬਾ ਬਣਨ ਪਿੱਛੋਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦੀ ਪ੍ਰਕ੍ਰਿਆ ਆਰੰਭੀ ਗਈ ਸੀ , ਪਰ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਸਾਰੀ ਪ੍ਰਕ੍ਰਿਆ ’ਤੇ ਸਟੇਅ ਲਾਉਣ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਰੋਕ ਹਟਨ ਪਿੱਛੋਂ ਉਨ੍ਹਾਂ ਤੁਰੰਤ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਸਾਰੀ ਕਾਰਵਾਈ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਵਿਭਾਗ ਨੂੰ ਲੋੜੀਂਦੇ ਟਰਾਂਸਫਾਰਮਰਾਂ, ਤਾਰਾਂ ਤੇ ਹੋਰ ਸਾਜੋ ਸਾਮਾਨ ਦਾ ਵੀ ਢੁੱਕਵਾਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਨੈਕਸ਼ਨ ਜਾਰੀ ਕਰਨ ਤੋਂ ਟਰਾਂਸਫਾਰਮਰ ਲਾਉਣ ਆਦਿ ਦਾ ਕੰਮ 6 ਮਹੀਨੇ ਦੇ ਅੰਦਰ-ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਸੂਬੇ ਵਿਚ ਅਗਲੇ ਇਕ ਸਾਲ ਅੰਦਰ ਇਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਾਰੇ ਵਿਭਾਗੀ ਮੁਖੀਆਂ, ਬੋਰਡਾਂ ਤੇ ਕਾਰਪੋਰੇਸ਼ਨਾਂ ਨੂੰ ਉਨ੍ਹਾਂ ਵਿਚ ਖਾਲੀ ਪੋਸਟਾਂ ਬਾਰੇ ਵੇਰਵੇ ਅਗਸਤ ਤੱਕ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ 2 ਮਹੀਨੇ ਤੱਕ ਵੱਖ-ਵੱਖ ਵਿਭਾਗਾਂ ਵਿਚ ਭਰਤੀ ਪ੍ਰਕ੍ਰਿਆ ਸ਼ੁਰੂ ਹੋ ਜਾਵੇਗੀ।
ਰਾਜ ਦੇ ਸਾਰੇ ਸ਼ਹਿਰਾਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜਨ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਇਸ ਸਬੰਧੀ 20,000 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਲਈ ਟੈਂਡਰ ਪ੍ਰਕ੍ਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਵਿਚ ਮਿਥਿਆ ਨਿਸ਼ਾਨਾ ਪੂਰਾ ਕਰਨ ਪਿੱਛੋਂ ਸਾਰੇ ਮੁੱਖ ਸ਼ਹਿਰਾਂ ਨੂੰ ਅਗਲੇ 2 ਸਾਲਾਂ ਦੌਰਾਨ 4-6 ਮਾਰਗੀ ਸੜਕਾਂ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਵਿਚ ਮੁੱਖ ਤੌਰ ’ਤੇ ਲੁਧਿਆਣਾ- ਚੰਡੀਗੜ੍ਹ, ਜਲੰਧਰ- ਚੰਡੀਗੜ੍ਹ, ਜਲੰਧਰ- ਮੋਗਾ ਅਤੇ ਅੰਮ੍ਰਿਤਸਰ-ਬਠਿੰਡਾ ਸ਼ਾਮਿਲ ਹਨ।
ਇਸ ਤੋਂ ਪਹਿਲਾਂ ਪਿੰਡ ਭਾਗੂ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਿਰਫ ਤੇ ਸਿਰਫ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਲੋਂ ਹੀ ਲੋਕ ਭਲਾਈ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ ਪੈਨਸ਼ਨ, ਆਟਾ-ਦਾਲ ਯੋਜਨਾ, ਕਿਸਾਨਾਂ ਨੂੰ ਮੁਫਤ ਬਿਜਲੀ, ਕੁੜੀਆਂ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਸ਼ਾਮਿਲ ਹੈ।
ਸ. ਬਾਦਲ ਵਲੋਂ ਅੱਜ ਜਿਨ੍ਹਾਂ ਪਿੰਡਾਂ ਵਿਚ ਕੰਕਰੀਟ ਦੀਆਂ ਗਲੀਆਂ ਉਸਾਰਨ ਤੇ ਸਿੰਚਾਈ ਸਬੰਧੀ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ, ਉਨ੍ਹਾਂ ਵਿਚ ਪਿੰਡ ਬਾਦਲ, ਚੰਨੂ, ਭਾਗੂ, ਬਣਾਂਵਾਲਾ, ਸਿੱਖਾਂਵਾਲਾ, ਰੋੜਾਂਵਾਲੀ, ਤਰਮਾਲਾ, ਢਾਣੀ ਤੇਲੀਆਂ, ਭੁੱਲਰਵਾਲਾ, ਫੱਤਾ ਖੇੜਾ, ਮਿੱਡੂ ਖੇੜਾ, ਕੋਲਿਆਂਵਾਲੀ, ਸਿੰਘਾਵਾਲਾ, ਮਿਠੜੀ ਬੁੱਧਗੜ੍ਹ ਤੇ ਗੱਗੜ ਸ਼ਾਮਿਲ ਹਨ।
ਇਸ ਮੌਕੇ ਮੁੱਖ ਤੌਰ ’ਤੇ ਦਿਆਲ ਸਿੰਘ ਕੋਲਿਆਂਵਾਲੀ ਚੇਅਰਮੈਨ ਪੰਜਾਬ ਐਗਰੋ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਡਿਪਟੀ ਕਮਿਸ਼ਨਰ ਜਸਕਿਰਨ ਸਿੰਘ, ਸਤਿੰਦਰਜੀਤ ਸਿੰਘ ਮਿੰਟਾ ਹਲਕਾ ਇੰਚਾਰਜ, ਰਾਕੇਸ ਢਿੰਗਰਾ ਭਾਜਪਾ ਜਿਲ੍ਹਾ ਪ੍ਰਧਾਨ, ਵੀਰਪਾਲ ਕੌਰ ਮਾਹਲਾ, ਅਵਤਾਰ ਸਿੰਘ ਬਣਾਂਵਾਲੀ, ਪਰਮਜੀਤ ਸਿੰਘ ਲਾਲੀ ਬਾਦਲ, ਜਗਜੀਤ ਸਿੰਘ ਪੰਜਾਬ, ਰਣਜੋਧ ਸਿੰਘ ਲੰਬੀ, ਮਨਜੀਤ ਸਿੰਘ ਲਾਲਬਾਈ, ਪਪੀ ਤਰਮਾਲਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਜਸਵਿੰਦਰ ਸਿੰਘ ਧੌਲਾ, ਜਗਜੀਤ ਪੰਜਾਵਾ, ਹਰਮੇਸ਼ ਖੁੱਡੀਆਂ, ਸੁਖਦੇਵ ਸਿੰਘ ਮਾਹਨੀਖੇੜਾ, ਗੁਰਲਾਲ ਭਾਗੂ ਤੇ ਸਤਵਿੰਦਰ ਭਾਗੂ ਹਾਜ਼ਰ ਸਨ।