ਜਾਅਲੀ ਨਾਮ ਹੇਠ ਰਹਿ ਰਿਹੇ ਭਗੌੜੇ ਨੂੰ ਪੁਲਿਸ ਨੇ ਕੀਤਾ ਕਾਬੂ : ਭੁੱਲਰ

0
1714

 

ਐਸ.ਏ.ਐਸ ਨਗਰ, 06 ਅਪ੍ਰੈਲ (ਧਰਮਵੀਰ ਨਾਗਪਾਲ) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਵੱਲੋਂ ਕਤਲ ਕੇਸਾਂ ਅਤੇ ਇਰਾਦਾ ਕਤਲ ਕੇਸਾਂ ਵਿੱਚ ਮੋਗਾ ਪੁਲਿਸ ਨੂੰ ਲੋੜੀਂਦੇ ਦੋਸ਼ੀ ਨੂੰ ਇੱਕ ਦੇਸੀ ਪਿਸਟਲ .315 ਬੋਰ ਸਮੇਤ ਐਮੋਨੀਸ਼ਨ ਅਤੇ ਆਈ-20 ਕਾਰ ਨੰਬਰ ਐਚ. ਐਚ.-03ਐਮ-3913 ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  ਸੀ.ਆਈ.ਏ.ਸਟਾਫ ਦੀ ਪੁਲਿਸ ਨੇ ਖੁਫੀਆ ਇਤਲਾਹ ਦੇ ਆਧਾਰ ਪਰ ਮੁਕੱਦਮਾ ਨੰਬਰ 49 ਮਿਤੀ 04.04.2015 ਅ/ਧ 419,420, 465, 467,468,4741 ਹਿੰ:ਦੰ: ਥਾਣਾ ਸਿਟੀ ਖਰੜ ਬਰਖਿਲਾਫ ਦੋਸ਼ੀ ਇਕਬਾਲ ਸਿੰਘ ਪੁੱਤਰ ਸੋਮ ਨਾਥ ਵਾਸੀ ਮਕਾਨ ਨੰਬਰ 487 ਗਲੀ ਨੰਬਰ 5 ਇੰਦਰਾ ਕਲੌਨੀ, ਜਿਲਾ ਮੋਗਾ ਦੇ ਦਰਜ ਰਜਿਸਟਰ ਕਰਵਾਇਆ ਸੀ। ਉਕੱਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਤਫਤੀਸ਼ ਇੰਸਪੈਕਟਰ ਗੁਰਚਰਨ ਸਿੰਘ, ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਸੀ.ਆਈ.ਏ.ਸਟਾਫ ਦੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ, ਦੌਰਾਨੇ ਤਫਤੀੰਸ਼ ਦੋਸ਼ੀ ਇਕਬਾਲ ਸਿੰਘ ਉਮਰ ਕਰੀਬ 28 ਸਾਲ ਪੁੱਤਰ ਸੋਮ ਨਾਥ ਕੌਮ ਮਜਬ੍ਹੀ ਜਿਸ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਐਮ.ਬੀ.ਏ. ਕੀਤੀ ਹੋਈ ਹੈ, ਨੂੰ ਜੀਕਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ ਇੱਕ ਦੇਸੀ ਕੱਟੀ ਪਿਸਟਲ ਸਮੇਤ ਕਾਰਤੂਸ ਬ੍ਰਾਮਦ ਹੋਏ, ਦੋਸੀ ਪਾਸੋਂ ਇੱਕ ਆਈ-20 ਕਾਰ ਵੀ ਮਿਲੀ। ਦੋਸ਼ੀ ਦੀ ਮੁਢਲੀ ਪੁੱਛਗਿੱਛ ਤੋਂ ਦੋਸ਼ੀ ਵਿਰੁੱਧ ਜਿਲਾ ਮੋਗਾ ਵਿਖੇ ਸੰਗੀਨ ਜੁਰਮਾਂ ਦੇ ਹੇਠ ਲਿਖੇ ਮੁਕੱਦਮੇ ਦਰਜ ਹੋਣੇ ਪਾਏ ਗਏ:-

 

1.   ਦੋਸ਼ੀ ਇਕਬਾਲ ਸਿੰਘ ਨੇ ਜਦੋਂ ਉਹ ਬੀ.ਏ.ਭਾਗ-3 ਵਿੱਚ ਮੋਗਾ ਵਿਖੇ ਪੜ੍ਹਦਾ ਸੀ, ਆਪਣੇ ਸਾਥੀਆਂ ਨਾਲ ਮਿਲ ਕੇ ਸੁਖਨੈਣ ਸਿੰਘ ਵਾਸੀ ਮੋਗਾ ਨਾਮ ਦੇ ਵਿਅਕਤੀ ਦੀ ਕੁੱਟਮਾਰ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 174 ਮਿਤੀ 19.09.08 ਅ/ਧ 307,316,364,365,148,149 ਹਿੰ:ਦੰ: ਥਾਣਾ ਸਿਟੀ ਸਾਊਥ, ਮੋਗਾ ਦਰਜ ਹੋਇਆ ਸੀ, ਜਿਸ ਵਿੱਚ ਇਹ ਮਿਤੀ 27.04.09 ਤੋਂ ਭਗੌੜਾ ਚਲਿਆ ਆ ਰਿਹਾ ਸੀ।

2.    ਸਾਲ 2008 ਵਿੱਚ ਦੋਸ਼ੀ ਵਿਰੁੱਧ ਥਾਣਾ ਸਿਟੀ ਸਾਊਥ ਮੋਗਾ ਵਿਖੇ ਉਕੱਤ ਇਰਾਦਾ ਕਤਲ ਕੇਸ ਦਰਜ ਹੋਇਆ, ਜਿਸ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਪੀ.ਓ. ਸਟਾਫ ਮੋਗਾ ਦੀ ਪੁਲਿਸ ਨੇ ਰੇਡ ਕੀਤਾ ਤਾਂ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀ.ਓ. ਸਟਾਫ ਮੋਗਾ ਦੇ ਥਾਣੇਦਾਰ ਕ੍ਰਿਸ਼ਨ ਲਾਲ ਨਾਲ ਹੱਥੋਪਾਈ ਕੀਤੀ ਸੀ ਅਤੇ ਮੌਕਾ ਤੋਂ ਫਰਾਰ ਹੋ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 60 ਮਿਤੀ 25.04.2010 ਅ/ਧ 353,186,34 ਹਿੰ:ਦੰ: ਥਾਣਾ ਸਿਟੀ ਸਾਊਥ, ਮੋਗਾ ਦਰਜ ਰਜਿਸਟਰ ਹੋਇਆ ਸੀ, ਜਿਸ ਵਿੱਚ ਇਹ ਮਿਤੀ 13.01.2012 ਤੋਂ ਭਗੌੜਾ ਚਲਿਆ ਆ ਰਿਹਾ ਸੀ।

3.     ਸਾਲ 2010 ਵਿੱਚ ਦੋਸ਼ੀ ਨੇ ਆਪਣੇ ਭਰਾ ਗੁਰਵਿੰਦਰ ਸਿੰਘ ਅਤੇ ਹੋਰ ਸਾਥੀਆਂ ਨੇ ਮਿਲ ਕੇ ਸੁਖਵੀਰ ਸਿੰਘ ਉਰਫ ਕਾਕੂ ਦਾ ਕਤਲ ਕਰ ਦਿੱਤਾ ਸੀ, ਜਿਸ ਦੀ ਵਜ੍ਹਾ ਰੰਜਸ਼ ਇਹ ਸੀ ਕਿ ਸੁਖਵੀਰ ਸਿੰਘ ਕਾਕੂ ਨੇ ਦੋਸੀਆਂ ਦੇ ਇੱਕ ਦੋਸਤ ਜਤਿੰਦਰ ਕੁਮਾਰ ਵਾਸੀ ਮੋਗਾ ਦੀ ਲੱਤਾਂ ਤੋੜ ਕੇ ਉਸ ਦੀ ਵੀਡੀਊ ਬਣਾ ਲਈ ਸੀ। ਜਿਸ ਕਰਕੇ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੁਖਵੀਰ ਸਿੰਘ ਉਰਫ ਕਾਕੂ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧੀ ਮੁਕੱਦਮਾ 131 ਮਿਤੀ 17.08.2010 ਅ/ਧ 302,34 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸਿਟੀ ਸਾਊਥ, ਮੋਗਾ ਦਰਜ ਹੋਇਆ ਸੀ, ਜਿਸ ਵਿੱਚੋਂ ਦੋਸ਼ੀ ਮਿਤੀ 07.01.2012 ਤੋਂ ਭਗੌੜਾ ਚਲਿਆ ਆ ਰਿਹਾ ਸੀ।

4.     ਸਾਲ 2011 ਵਿੱਚ ਦੋਸ਼ੀ ਨੇ ਆਪਣੇ ਸਾਥੀ ਦੋਸੀਆਂ ਨਾਲ ਮਿਲ ਕੇ ਮੋਗਾ ਵਿਖੇ ਰੇਲਵੇ ਦੇ ਬੰਦ ਫਾਟਕ ਤੇ ਬਰਿੰਦਰ ਢੱਲਾ ਨਾਮ ਦੇ ਵਿਅਕਤੀ ਦੀ ਸਰੇਆਮ ਲੱਤਾਂ ਤੋੜ ਦਿੱਤੀਆਂ ਸਨ ਅਤੇ ਮੌਕਾ ਤੋਂ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ  64 ਮਿਤੀ 21.04.2011 ਅ/ਧ 307,323,148,149 ਹਿੰ:ਦੰ:, 25,27,54,59 ਅਸਲਾ ਐਕਟ ਥਾਣਾ ਸਿਟੀ ਸਾਊਥ ਮੋਗਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ ਮਿਤੀ 18.02.2013 ਤੋਂ ਭਗੌੜਾ ਚਲਿਆ ਆ ਰਿਹਾ ਸੀ। ਗ੍ਰਿਫਤਾਰ ਕੀਤੇ ਗਏ ਉਕੱਤ ਦੋਸ਼ੀ ਇਕਬਾਲ ਸਿੰਘ ਪੁੱਤਰ ਸੋਮ ਨਾਥ ਦੀ ਪੁੱਛਗਿੱਛ ਤੋਂ ਪਾਇਆ ਗਿਆ ਹੈ ਕਿ ਇਸ ਨੇ ਕੁਝ ਸਮਾਂ ਪਹਿਲਾਂ ਜਿਲਾ ਕਚਹਿਰੀਆਂ ਜਗਰਾਉਂ ਤੋਂ ਪ੍ਰਿਤਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਰਾਏਕੋਟ, ਜਿਲਾ ਲੁਧਿਆਣਾ ਦੇ ਐਡਰੈਸ ਪਰ ਆਪਣਾ ਜਾਅਲੀ ਡਰਾਇਵਿੰਗ ਲਾਇਸੰਸ ਬਣਵਾਇਆ ਸੀ। ਡਰਾਇਵਿੰਗ ਲਾਇਸੰਸ ਦੇ ਦਸਤਾਵੇਜ ਵਰਤ ਕੇ ਦੋਸ਼ੀ ਨੇ ਪੈਨ ਕਾਰਡ ਤਿਆਰ ਕਰਵਾ ਲਿਆ ਸੀ ਅਤੇ ਪੈਨ ਕਾਰਡ ਵਰਤ ਕੇ ਜਾਅਲੀ ਨਾਮ ਪ੍ਰਿਤਪਾਲ ਸਿੰਘ ਦੇ ਐਡਰੈਸ ਵਾਲਾ ਆਧਾਰ ਕਾਰਡ ਬਣਵਾ ਲਿਆ ਸੀ, ਆਧਾਰ ਕਾਰਡ ਦਾ ਐਡਰੈਸ ਬਦਲੀ ਕਰਵਾ ਕੇ ਕਿਰਾਏ ਦੇ ਫਲੈਟ ਨੰਬਰ 159 ਬਲਾਕ ਜੀ, ਸਪਂੈਗਲਰ ਹਾਈਟਸ ਢਕੌਲੀ ਵਾਲਾ ਕਰਵਾ ਲਿਆ ਸੀ ਅਤੇ ਜਾਅਲੀ ਐਡਰੈਸ ਪਰ ਜਾਅਲੀ ਨਾਮ ਦਾ ਪ੍ਰਿਤਪਾਲ ਸਿੰਘ ਬਣ ਕੇ ਜੀਰਕਪੁਰ ਵਿਖੇ ਰਹਿ ਰਿਹਾ ਸੀ ਅਤੇ ਮੋਗਾ ਵਿਖੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਜੀਰਕਪੁਰ ਵਿਖੇ ਆ ਕੇ ਆਪਣੇ ਕਿਰਾਏ ਵਾਲੇ ਫਲੈਟ ਵਿੱਚ ਲੁੱਕ-ਛੁੱਪ ਜਾਂਦਾ ਸੀ। ਦੋਸ਼ੀ ਨੇ ਜੀਰਕਪੁਰ ਵਿਖੇ ਰਹਿੰਦਿਆਂ ਹੋਇਆ ਹੈਰੋਇੰਨ ਵੇਚਣ ਦਾ ਧੰਦਾ ਵੀ ਸੁਰੂ ਕਰ ਲਿਆ ਸੀ, ਜਿਸ ਕਰਕੇ ਇਸ ਵਿਰੁੱਧ ਮੁਕੱਦਮਾ ਨੰਬਰ 11 ਮਿਤੀ 16.01.15 ਅ/ਧ 22,61,85 ਐਨ.ਡੀ.ਪੀ.ਐਸ. ਐਕਟ, 25,54,59 ਅਸਲਾ ਐਕਟ, 465,467,468,471,120ਬੀ ਹਿੰ:ਦੰ: ਥਾਣਾ ਜੀਰਕਪੁਰ ਵਿਖੇ ਦਰਜ ਰਜਿਸਟਰ ਹੋਇਆ ਸੀ, ਜੀਰਕਪੁਰ ਵਿਖੇ ਦਰਜ ਮੁਕੱਦਮਾ ਵਿੱਚ ਵੀ ਦੋਸ਼ੀ ਨੇ ਗ੍ਰਿਫਤਾਰੀ ਤੋਂ ਲੈ ਕੇ ਜੂਡੀਸ਼ੀਅਲ ਰਿਮਾਂਡ ਅਧੀਨ ਜੇਲ ਵਿੱਚ ਜਾਣ ਅਤੇ ਜਮਾਨਤ ਪਰ ਬਾਹਰ ਆਉਣ ਤੱਕ ਵੀ ਆਪਣਾ ਜਾਅਲੀ ਨਾਮ ਪ੍ਰਿਤਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਰਾਏਕੋਟ, ਜਿਲਾ ਲੁਧਿਆਣਾ ਦੱਸਿਆ ਸੀ ਅਤੇ ਜਾਅਲੀ ਤਿਆਰ ਕੀਤੇ ਗਏ ਅਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕੀਤੀ ਸੀ। ਦੋਸ਼ੀ ਇਕਬਾਲ ਸਿੰਘ ਉਕੱਤ ਜਾਅਲੀ ਦਸਤਾਵੇਜਾਂ ਦੇ ਆਧਾਰ ਪਰ ਕਈ ਸਿਮ ਕਾਰਡ ਵੀ ਖਰੀਦ ਕੇ ਚਲਾ ਰਿਹਾ ਸੀ। ਪੁਲਿਸ ਵੱਲੋਂ ਆਪਣੀ ਹੁਣ ਤੱਕ ਵੀ ਤਫਤੀਸ਼ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਜਗਰਾਉਂ ਤੋਂ ਪ੍ਰਿਤਪਾਲ ਸਿੰਘ ਦੇ ਐਡਰੈਸ ਵਾਲਾ ਡਰਾਇਵਿੰਗ ਲਾਇਸੰਸ ਕਿਸ ਤਰ੍ਹਾਂ ਤਿਆਰ ਕਰਵਾਇਆ ਸੀ ਅਤੇ ਜੀਰਕਪੁਰ ਵਾਲੇ ਮੁਕੱਦਮਾ ਵਿੱਚ ਜੁਡੀਸ਼ੀਅਲ ਰਿਮਾਂਡ ਤੋਂ ਇਸ ਨੂੰ ਪ੍ਰਿਤਪਾਲ ਸਿੰਘ ਨਾਮ ਨਾਲ ਸਨਾਖਤ ਕਰਨ ਵਾਲੇ ਜਮਾਨਤੀ ਕੌਣ ਸਨ ਅਤੇ ਕਿਸ ਨੇ ਇਸ ਦੀ ਜਮਾਨਤ ਲਈ ਸੀ। ਦੋਸੀ ਇਕਬਾਲ ਸਿੰਘ ਨੇ ਤਫਤੀਸ਼ ਦੌਰਾਨ ਦੱਸਿਆ ਹੈ ਕਿ ਇਸ ਦਾ ਪਿਤਾ ਸੋਮ ਨਾਥ ਅਬੋਹਰ ਵਿਖੇ ਐਫ.ਸੀ.ਆਈ. ਮਹਿਕਮੇ ਵਿੱਚ ਐਸਿਸਟੈਂਟ ਗਰੇਡ-1 ਦੀ ਪੋਸਟ ਪਰ ਲੱਗਿਆ ਹੋਇਆ ਹੈ।  ਦੋਸ਼ੀ ਨੇ ਇਹ ਵੀ ਮੰਨਿਆ ਹੈ ਕਿ ਉਸ ਨੇ ਮਿਤੀ 21.11.2013 ਨੂੰ ਮਾਨਯੋਗ ਹਾਈਕੋਰਟ ਚੰਡੀਗੜ੍ਹ ਤੋਂ ਅਰਸ਼ਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਕੌਮ ਸੁਨਿਆਰ ਵਾਸੀ ਦਸ਼ਮੇਸ਼ ਨਗਰ ਮੋਗਾ ਨਾਲ ਲਵ ਮੈਰਿਜ ਕਰਵਾਈ ਸੀ, ਮੈਰਿਜ ਰਜਿਸਟਰਡ ਕਰਵਾਉਂਦੇ ਸਮੇਂ ਇਸ ਨੇ ਆਪਣਾ ਅਸਲ ਨਾਮ ਇਕਬਾਲ ਸਿੰਘ ਹੀ ਦੱਸਿਆ ਸੀ। ਦੋਸ਼ੀ ਪਾਸੋਂ ਇੰਸਪੈਕਟਰ ਗੁਰਚਰਨ ਸਿੰਘ, ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਪੁੱਛਗਿੱਛ ਕੀਤੀ ਜਾ ਰਹੀ ਹੈ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।