ਜੈਵਿਕ ਖੇਤੀ ਸਬੰਧੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ,

0
1910

ਲੁਧਿਆਣਾ 27 ਦਸੰਬਰ ( ਸੀ ਐਨ ਆਈ )-ਖੇਤੀਬਾੜੀ ਵਿਭਾਗ ਬਲਾਕ ਮਾਂਗਟ ਵਲੋਂ ਖੇਤਰੀ ਜੈਵਿਕ ਖੇਤੀ ਕੇਂਦਰ ਪੰਚਕੂਲਾ ਦੀ ਸਹਾਇਤਾ ਨਾਲ ਪਿੰਡ ਭੱਟੀਆਂ ਢਾਹਾ ਵਿਖੇ ਜੈਵਿਕ ਖੇਤੀ ਸਬੰਧੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਦਾ ਆਯੋਜਨ ਸ. ਬਲਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਦੇ ਖੇਤ ਵਿੱਚ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਜੀ ਦੇ ਦਿਸ਼ਾ -ਨਿਰਦੇਸ਼ਾਂ ਅਤੇ ਅਗਵਾਈ ਵਿੱਚ ਕੀਤਾ ਗਿਆ।
ਕੈਂਪ ਵਿੱਚ ਡਾ ਆਰ. ਐਸ ਐਚ ਸ੍ਰੀਵਾਸਥਾ ਸਹਾਇਕ ਡਾਇਰੈਕਟਰ ਮਨਿਸਟ੍ਰੀ ਐਂਡ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਪ੍ਰਮਾਣਿਤ ਜੈਵਿਕ ਖੇਤੀ ਅਤੇ ਵੇਸਟ ਡੀਕੰਮਪੋਜਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਭਾਰਤ ਸਰਕਾਰ ਦੀਆਂ ਜੈਵਿਕ ਖੇਤੀ ਸਬੰਧੀ ਸਕੀਮਾਂ ਤੋਂ ਜਾਣੂ ਵੀ ਕਰਵਾਇਆ।
ਡਾ.ਬਲਦੇਵ ਸਿੰਘ, ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੈਵਿਕ ਖੇਤੀ ਅਤੇ ਜਮੀਨ ਦੀ ਉਪਜਾਊ ਸਕਤੀ ਵਧਾਉਣ ਅਤੇ ਫਸਲਾਂ ਨੂੰ ਲੋੜੀਂਦੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਫਸਲੀ ਚੱਕਰਾਂ, ਫਸਲਾਂ ਦੀ ਰਹਿੰਦ ਖੂੰਹਦ, ਰੂੜੀ ਦੀ ਖਾਦ, ਕੰਪੋਸਟ ਫਲੀਦਾਰ ਫਸਲਾਂ ਅਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਸਲਾਂ ਦੀਆਂ ਬਿਮਾਰੀਆਂ ਅਤੇ ਕੀਟ ਪ੍ਰਬੰਧ ਲਈ ਬਾਇਓਕੀਟਨਾਸਕਾਂ ਅਤੇ ਬਾਇਓ ਉੱਲੀਨਾਸਕਾਂ ਆਦਿ ਤੇ ਨਿਰਭਰ ਕਰਨਾ ਪੈਂਦਾ ਹੈ ਅਤੇ ਜੈਵਿਕ ਉਪਜ ਮੰਡੀ ਵਿਚ ਵਧੇਰੇ ਮੁੱਲ ਤੇ ਵਿਕਦੀ ਹੈ।
ਡਾ. ਅਮਿਤ ਸਲਾਰੀਆ ਫਸਲ ਵਿਗਿਆਨੀ ਪੀ.ਏ.ਯੂ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਨਾਲ ਸਬੰਧਿਤ ਵਿਗਿਆਨਕ ਅਤੇ ਆਧੁਨਿਕ ਤਕਨੀਕਾਂ, ਡਾ. ਪ੍ਰਕਾਸ਼ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਫਸਲਾਂ ਦੇ ਮੰਡੀਕਰਨ ਸਬੰਧੀ, ਡਾ. ਜਸਵਿੰਦਰ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਮਿੱਟੀ ਪਰਖ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਇਸ ਕੈਂਪ ਵਿਚ ਡਾ. ਰਮਨ ਚੋਪੜਾ, ਡਾ.ਗੁਰਮੀਤ ਕੌਰ ਧਾਲੀਵਾਲ, ਬਲਵੀਰ ਸਿੰਘ ਤੋਂ ਇਲਾਵਾ ਅਗਾਂਹਵਧੂ ਕਿਸਾਨਾ ਵਿਚ ਗੁਰਮੀਤ ਸਿੰਘ ਸਰਪੰਚ ਗੌਂਸਪੁਰ, ਰਾਜ ਸਿੰਘ ਗੋਰਸੀਆਂ, ਹਾਕਮ ਰਾਏ, ਜੀਤ ਸਿੰਘ ਪ੍ਰਧਾਨ, ਸਿਕੰਦਰ ਸਿੰਘ ਅਤੇ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਵੀ ਹਾਜਰ ਸਨ। ਸਟੇਜ ਦਾ ਸੰਚਾਲਨ ਡਾ. ਪ੍ਰਕਾਸ਼ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਬਾਖੂਬੀ ਨਿਭਾਇਆ।