ਦੇਸ਼ ਦੀ ਆਮ ਜਨਗਣਨਾ 2021 ਸੰਬੰਧੀ ਅਗਾਂਊ ਤਿਆਰੀਆਂ ਸ਼ੁਰੂ

0
1601

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
ਦੇਸ਼ ਦੀ ਆਮ ਜਨਗਣਨਾ 2021 ਸੰਬੰਧੀ ਅਗਾਂਊ ਤਿਆਰੀਆਂ ਸ਼ੁਰੂ
-ਲੁਧਿਆਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਵੇਗਾ ਟਰਾਇਲ
-ਸੈਨਸਜ਼ ਆਪਰੇਸ਼ਨ ਪੰਜਾਬ ਦੇ ਡਾਇਰੈਕਟਰ ਅਭਿਸ਼ੇਕ ਜੈਨ ਵੱਲੋਂ ਮੀਟਿੰਗ ਦਾ ਆਯੋਜਨ
ਲੁਧਿਆਣਾ, 30 ਜੁਲਾਈ (000)-ਭਾਰਤ ਦੀ ਆਮ ਜਨਗਣਨਾ ਸਾਲ 2021 ਵਿੱਚ ਹੋਣ ਜਾ ਰਹੀ ਹੈ, ਜਿਸ ਦੀ ਤਿਆਰੀ ਵਜੋਂ ਦੇਸ਼ ਭਰ ਵਿੱਚ ਅਗਾਂਊਂ ਤਿਆਰੀਆਂ ਜਾਰੀ ਹਨ। ਜਨਗਣਨਾ ਵਿੱਚ ਆਉਣ ਵਾਲੀਆਂ ਸੰਭਾਵਿਤ ਪ੍ਰੇਸ਼ਾਨੀਆਂ ਨੂੰ ਪਹਿਲਾਂ ਹੀ ਸਮਝਣ ਅਤੇ ਦੂਰ ਕਰਨ ਦੀ ਕਵਾਇਦ ਤਹਿਤ ਲੁਧਿਆਣਾ ਦੇ ਇੱਕ ਵਾਰਡ ਸਮੇਤ ਸੂਬੇ ਦੀਆਂ ਦੋ ਤਹਿਸੀਲਾਂ ਅਤੇ ਇੱਕ ਕਸਬੇ ਵਿੱਚ ਇਹ ਟਰਾਇਲ (ਪ੍ਰੀ-ਟੈੱਸਟ) ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਨਗਰ ਨਿਗਮ ਦੇ ਸਥਾਨਕ ਜ਼ੋਨ-ਡੀ ਦਫ਼ਤਰ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਡਾਇਰੈਕਟੋਰੇਟ ਆਫ਼ ਸੈਨਸਜ਼ ਆਪਰੇਸ਼ਨ ਪੰਜਾਬ ਦੇ ਡਾਇਰੈਕਟਰ ਸ੍ਰੀ ਅਭਿਸ਼ੇਕ ਜੈਨ ਨੇ ਕੀਤੀ। ਇਸ ਮੌਕੇ ਉਨ•ਾਂ ਨਾਲ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਡਾਇਰੈਕਟੋਰੇਟ ਤੋਂ ਸ੍ਰੀ ਮਾਧਵ ਸ਼ਾਮ, ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਗਿਣਤੀਕਾਰ ਸ਼ਾਮਿਲ ਸਨ।
ਜਨਗਣਨਾ ਲਈ ਪ੍ਰਸਤਾਵਿਤ ਟਰਾਇਲ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਜੈਨ ਨੇ ਦੱਸਿਆ ਕਿ ਇਹ ਟਰਾਇਲ ਲੁਧਿਆਣਾ ਦੇ ਵਾਰਡ ਨੰਬਰ 14, ਜ਼ਿਲ•ਾ ਮਾਨਸਾ ਅਤੇ ਫਿਰੋਜ਼ਪੁਰ ਦੀਆਂ ਤਹਿਸੀਲਾਂ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟਰਾਇਲ ਤੋਂ ਪਹਿਲਾਂ 6 ਤੋਂ 9 ਅਗਸਤ ਤੱਕ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਸਥਾਨਕ ਗੁਰੂ ਨਾਨਕ ਭਵਨ ਵਿਖੇ ਵਿਸਥਾਰਤ ਸਿਖ਼ਲਾਈ ਦਿੱਤੀ ਜਾਵੇਗੀ। ਇਹ ਟਰਾਇਲ ਦੋ ਗੇੜਾਂ ਵਿੱਚ ਕੀਤਾ ਜਾਵੇਗਾ, ਜਿਸ ਤਹਿਤ ਪਹਿਲੇ ਗੇੜ ਵਿੱਚ ਘਰਾਂ ਦੀ ਗਿਣਤੀ ਅਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਨੂੰ ਅਪਡੇਟ ਕੀਤਾ ਜਾਣਾ ਹੈ, ਜਦਕਿ ਦੂਜੇ ਗੇੜ ਵਿੱਚ ਜਨਗਣਨਾ ਕੀਤੀ ਜਾਵੇਗੀ। ਪਹਿਲਾ ਗੇੜ ਅਗਸਤ 2019 ਵਿੱਚ ਜਦਕਿ ਦੂਜਾ ਗੇੜ 10 ਸਤੰਬਰ ਤੋਂ 29 ਸਤੰਬਰ 2019 ਤੱਕ ਮੁਕੰਮਲ ਕੀਤਾ ਜਾਣਾ ਹੈ। ਉਨ•ਾਂ ਕਿਹਾ ਕਿ ਦੇਸ਼ ਦੀ ਆਮ ਜਨਗਣਨਾ ਫਰਵਰੀ 2021 ਵਿੱਚ ਕਰਵਾਈ ਜਾਣੀ ਹੈ, ਜਿਸ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਸ੍ਰੀ ਜੈਨ ਨੇ ਦੱਸਿਆ ਕਿ ਇਸ ਵਾਰ ਦੀ ਜਨਗਣਨਾ ਪੇਪਰ ਦੇ ਨਾਲ-ਨਾਲ ਮੋਬਾਈਲ ਐਪਲੀਕੇਸ਼ਨ ਰਾਹੀਂ ਵੀ ਕੀਤੀ ਜਾ ਸਕੇਗੀ। ਇਸ ਲਈ ਇੱਕ ਵਿਸ਼ੇਸ਼ ਮੋਬਾਈਲ ਐਪ ਤਿਆਰ ਕੀਤੀ ਗਈ ਹੈ, ਟਰਾਇਲ ਵੀ ਉਸੇ ਐਪਲੀਕੇਸ਼ਨ ‘ਤੇ ਕੀਤਾ ਜਾਵੇਗਾ। ਗਿਣਤੀਕਾਰ ਪੇਪਰ ਜਾਂ ਮੋਬਾਈਲ ਐਪਲੀਕੇਸ਼ਨ ਵਿੱਚੋਂ ਕਿਸੇ ਇੱਕ ‘ਤੇ ਡਾਟਾ ਭਰ ਸਕਣਗੇ। ਮੋਬਾਈਲ ਐਪਲੀਕੇਸ਼ਨ ਫਿਲਹਾਲ ਐਂਡਰਾਈਡ ਫੋਨ ‘ਤੇ ਹੀ ਚੱਲੇਗੀ, ਜਦਕਿ ਆਮ ਜਨਗਣਨਾ ਤੱਕ ਇਸ ਨੂੰ ਆਈ. ਓ. ਐੱਸ. ਵਰਜ਼ਨ ‘ਤੇ ਵੀ ਚਾਲੂ ਕਰਨ ਦਾ ਟੀਚਾ ਹੈ। ਮੋਬਾਈਲ ਐਪਲੀਕੇਸ਼ਨ ‘ਤੇ ਜਨਗਣਨਾ ਕਰਨ ਨਾਲ ਇਸ ਡਾਟੇ ਨੂੰ ਇਕੱਠਾ ਕਰਨ ਵਿੱਚ ਬਹੁਤ ਆਸਾਨੀ ਰਹੇਗੀ। ਮੋਬਾਈਲ ਐਪਲੀਕੇਸ਼ਨ ‘ਤੇ ਜਨਗਣਨਾ ਕਰਨ ਵਾਲੇ ਗਿਣਤੀਕਾਰਾਂ ਨੂੰ ਭੱਤਾ ਵੀ ਵਧੇਰੇ ਦਿੱਤਾ ਜਾਵੇਗਾ।
ਸ੍ਰੀ ਜੈਨ ਨੇ ਦੱਸਿਆ ਕਿ ਕਿਸੇ ਵੀ ਦੇਸ਼ ਦੀ ਜਨਗਣਨਾ ਬਹੁਤ ਹੀ ਮਹੱਤਵਪੂਰਨ ਕਾਰਜ ਹੁੰਦੀ ਹੈ ਕਿਉਂਕਿ ਇਸੇ ਜਨਗਣਨਾ ਦੇ ਆਧਾਰ ‘ਤੇ ਹੀ ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਹੋਰ ਨੀਤੀਆਂ ਤਿਆਰ ਹੁੰਦੀਆਂ ਹਨ। ਇਥੋਂ ਤੱਕ ਕਿ ਚੋਣਾਂ ਲਈ ਹਲਕਾਬੰਦੀ, ਹਲਕਿਆਂ ਦਾ ਰਾਖਵਾਂਕਰਨ ਆਦਿ ਵੀ ਇਸੇ ‘ਤੇ ਹੀ ਨਿਰਭਰ ਕਰਦਾ ਹੈ। ਇਸੇ ਕਰਕੇ ਜ਼ਰੂਰੀ ਹੁੰਦਾ ਹੈ ਕਿ ਇਹ ਜਨਗਣਨਾ ਬਿਲਕੁਲ ਸਹੀ ਅਤੇ ਅੰਕੜਿਆਂ ‘ਤੇ ਆਧਾਰਿਤ ਹੀ ਕੀਤੀ ਜਾਵੇ। ਇਸ ਵਿੱਚ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ।
ਇਸ ਮੌਕੇ ਦੱਸਿਆ ਗਿਆ ਕਿ ਟਰਾਇਲ ਲਈ ਸੁਪਰਵਾਈਜ਼ਰ (8) ਅਤੇ ਗਿਣਤੀਕਾਰ (48) ਲਗਾ ਦਿੱਤੇ ਗਏ ਹਨ। ਇਹ ਜਨਗਣਨਾ ਸਕੂਲ ਸਮੇਂ ਤੋਂ ਬਾਅਦ ਕੀਤੀ ਜਾਵੇਗੀ ਤਾਂ ਜੋ ਬੱਚਿਆਂ ਦੀ ਪੜ•ਾਈ ‘ਤੇ ਕੋਈ ਅਸਰ ਨਾ ਪਵੇ। ਟਰਾਇਲ ਅਤੇ ਅਸਲੀ ਜਨਗਣਨਾ ਦੀ ਆਨਲਾਈਨ ਨਿਗਰਾਨੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਟਰਾਇਲ ਅਤੇ ਜਨਗਣਨਾ ਇੱਕ ਸਮਾਂਬੱਧ ਕਾਰਜ ਹੁੰਦਾ ਹੈ, ਜਿਸ ਨੂੰ ਤੈਅ ਸਮਾਂ ਸੀਮਾ ਵਿੱਚ ਹੀ ਨਿਪਟਾਉਣਾ ਪਵੇਗਾ।