ਨਗਰ ਨਿਗਮ ਲੁਧਿਆਣਾ ਦੀਆ ਚੋਣਾਂ ਦੀ ਗਿਣਤੀ 9 ਕੇਂਦਰਾਂ ‘ਤੇ ਕਰਵਾਉਣ ਦੇ ਪ੍ਰਬੰਧ ਮੁਕੰਮਲ-ਜ਼ਿਲਾ ਚੋਣ ਅਫ਼ਸਰ- ਸਖਤ ਸੁਰਖੀਆਂ ਹੇਠ ਗਿਣਤੀ ਦੌਰਾਨ ਕਿਸੇ ਵੀ ਤਰਾਂ ਦੀ ਬਾਹਰੀ ਦਖ਼ਲਅੰਦਾਜ਼ੀ ਅਤੇ ਗੜਬੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਵਧੀਕ ਡਿਪਟੀ ਕਮਿਸ਼ਨਰ ਪੁਲਿਸ

0
1417

ਲੁਧਿਆਣਾ, 26 ਫਰਵਰੀ (ਸੀ ਐਨ ਆਈ )-ਨਗਰ ਨਿਗਮ ਲੁਧਿਆਣਾ ਚੋਣਾਂ ਲਈ ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ ਸ਼ਹਿਰ ਲੁਧਿਆਣਾ ਦੇ ਵੱਖ-ਵੱਖ 9 ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਨਾ ਪ੍ਰਬੰਧਾਂ ਦਾ ਜਾਇਜ਼ਾ ਅੱਜ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਲਿਆ ਅਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ।
ਸ੍ਰੀ ਅਗਰਵਾਲ ਨੇ ਗਿਣਤੀ ਕੇਂਦਰਾਂ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਗਿਣਤੀ ਕੇਂਦਰਾਂ ਲਈ ਪੁਖ਼ਤਾ ਸੁਰੱਖਿਆ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ। ਉਨਾਂ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਰਿਟਰਨਿੰਗ ਅਫ਼ਸਰ-1 ਨਵਰਾਜ ਸਿੰਘ ਬਰਾੜ ਅਧੀਨ ਆਉਂਦੇ ਵਾਰਡਾਂ (ਵਾਰਡ ਨੰਬਰ 2 ਤੋਂ 7 ਅਤੇ 9 ਤੋਂ 13 ਤੱਕ) ਦੀ ਗਿਣਤੀ ਕੁੰਦਨ ਵਿੱਦਿਆ ਮੰਦਿਰ ਸਕੂਲ ਸਿਵਲ ਲਾਈਨਜ਼ ਵਿਖੇ, ਰਿਟਰਨਿੰਗ ਅਫ਼ਸਰ-2 ਅਮਰਜੀਤ ਸਿੰਘ ਬੈਂਸ ਅਧੀਨ ਵਾਰਡਾਂ (ਵਾਰਡ ਨੰਬਰ 14 ਤੋਂ 19, 21, 23, 24 ਤੋਂ 26) ਦੀ ਗਿਣਤੀ ਮਾਲਵਾ ਸੈਂਟਰਲ ਕਾਲਜ ਆਫ਼ ਐਜੁਕੇਸ਼ਨ ਘੁਮਾਰ ਮੰਡੀ ਲੁਧਿਆਣਾ ਵਿਖੇ, ਰਿਟਰਨਿੰਗ ਅਫਸਰ-3 ਸ੍ਰੀ ਅਮਿਤ ਬੈਂਬੀ ਅਧੀਨ ਆਉਂਦੇ ਵਾਰਡਾਂ (ਵਾਰਡ ਨੰਬਰ 22, 27 ਤੋਂ 35 ਅਤੇ 40) ਦੀ ਗਿਣਤੀ ਖਾਲਸਾ ਕਾਲਜ (ਲੜਕੀਆਂ) ਲੁਧਿਆਣਾ ਵਿਖੇ, ਰਿਟਰਨਿੰਗ ਅਫ਼ਸਰ-4 ਸ੍ਰ. ਦਮਨਜੀਤ ਸਿੰਘ ਅਧੀਨ ਆਉਂਦੇ ਵਾਰਡਾਂ (ਵਾਰਡ ਨੰਬਰ 36 ਤੋਂ 39, 41 ਤੋਂ 42, 46 ਤੋਂ 50) ਦੀ ਗਿਣਤੀ ਸਰਕਾਰੀ ਪੌਲੀਟੈਕਨਿਕ ਕਾਲਜ ਰਿਸ਼ੀ ਨਗਰ ਵਿਖੇ ਹੋਵੇਗੀ।
ਇਸੇ ਤਰਾਂ ਰਿਟਰਨਿੰਗ ਅਫ਼ਸਰ-5 ਸ੍ਰ. ਗੁਰਮਿੰਦਰ ਸਿੰਘ ਅਧੀਨ ਆਉਂਦੇ ਵਾਰਡਾਂ (ਵਾਰਡ ਨੰਬਰ 8, 20, 51 ਤੋਂ 58 ਅਤੇ 63) ਦੀ ਗਿਣਤੀ ਸਰਕਾਰੀ ਕਾਲਜ ਲੜਕੀਆਂ ਵਿਖੇ, ਰਿਟਰਨਿੰਗ ਅਫ਼ਸਰ-6 ਸ੍ਰ. ਜੋਗਿੰਦਰ ਸਿੰਘ ਅਧੀਨ ਆਉਂਦੇ ਵਾਰਡਾਂ (ਵਾਰਡ ਨੰਬਰ 1, 59 ਤੋਂ 62, 64, 85 ਤੋਂ 88) ਦੀ ਗਿਣਤੀ ਆਰੀਆ ਕਾਲਜ ਆਡੀਟੋਰੀਅਮ ਵਿਖੇ, ਰਿਟਰਨਿੰਗ ਅਫ਼ਸਰ-7 ਸ੍ਰੀਮਤੀ ਲਵਜੀਤ ਕੌਰ ਕਲਸੀ ਅਧੀਨ ਆਉਂਦੇ ਵਾਰਡਾਂ (ਵਾਰਡ ਨੰਬਰ 79, 83, 84, 89 ਤੋਂ 95) ਦੀ ਗਿਣਤੀ ਸਰਕਾਰੀ ਕਾਲਜ ਲੜਕੇ ਵਿਖੇ, ਰਿਟਰਨਿੰਗ ਅਫ਼ਸਰ-8 ਸ੍ਰ. ਜਗਸੀਰ ਸਿੰਘ ਦੇ ਵਾਰਡਾਂ (ਵਾਰਡ ਨੰਬਰ 43 ਤੋਂ 45, 65 ਤੋਂ 71) ਦੀ ਗਿਣਤੀ ਐੱਮ. ਜੀ. ਐੱਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ-2 ਅਰਬਨ ਅਸਟੇਟ ਦੁੱਗਰੀ ਵਿਖੇ, ਰਿਟਰਨਿੰਗ ਅਫ਼ਸਰ-9 ਸ੍ਰੀਮਤੀ ਸਵਾਤੀ ਟਿਵਾਣਾ ਦੇ ਅਧੀਨ ਆਉਂਦੇ ਵਾਰਡਾਂ (ਵਾਰਡ ਨੰਬਰ 72 ਤੋਂ 78 ਅਤੇ 80 ਤੋਂ 82) ਦੀ ਗਿਣਤੀ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਹੋਵੇਗੀ।
ਉਨਾਂ ਕਿਹਾ ਕਿ ਸਾਰੇ ਵਾਰਡਾਂ ਲਈ ਅਲੱਗ-ਅਲੱਗ ਗਿਣਤੀ ਕੇਂਦਰਾਂ ‘ਤੇ ਕੁੱਲ 108 ਟੇਬਲ ਲਗਾਏ ਜਾ ਰਹੇ ਹਨ। ਹਰੇਕ ਟੇਬਲ ‘ਤੇ ਇੱਕ ਗਿਣਤੀ ਸੁਪਰਾਈਵਜ਼ਰ ਅਤੇ ਇੱਕ ਗਿਣਤੀ ਸਹਾਇਕ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਗਿਣਤੀ ਲਈ 20 ਫੀਸਦੀ ਸਟਾਫ਼ ਰਿਜ਼ਰਵ ਰੱਖਿਆ ਗਿਆ ਹੈ। ਇਸ ਤਰਾਂ ਕੁੱਲ 260 ਅਧਿਕਾਰੀ/ਕਰਮਚਾਰੀ ਗਿਣਤੀ ਲਈ ਲਗਾਏ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਸੁਰਿੰਦਰ ਲਾਂਬਾ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਪੁਲਿਸ ਵੱਲੋਂ ਗਿਣਤੀ ਲਈ ਬਕਾਇਦਾ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਲੁਧਿਆਣਾ ਪੁਲਿਸ ਵੱਲੋਂ 9 ਗਿਣਤੀ ਕੇਂਦਰਾਂ ‘ਤੇ ਇੱਕ-ਇੱਕ ਸਹਾਇਕ ਕਮਿਸ਼ਨਰ ਪੁਲਿਸ ਅਤੇ 3-3 ਐੱਸ. ਐੱਚ. ਓਜ਼ ਅਤੇ ਲੋੜੀਂਦੀ ਗਿਣਤੀ ਵਿੱਚ ਫੋਰਸ ਲਗਾਈ ਗਈ ਹੈ। ਉਨਾਂ ਕਿਹਾ ਕਿ ਪ੍ਰਤੀ ਗਿਣਤੀ 100 ਤੋਂ ਵਧੇਰੇ ਪੁਲਿਸ ਮੁਲਾਜ਼ਮ (ਕੁੱਲ 900 ਤੋਂ ਵਧੇਰੇ) ਤਾਇਨਾਤ ਕੀਤੇ ਗਏ ਹਨ ਤਾਂ ਜੋ ਇਹ ਸਾਰੀ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਨੇਪਰੇ ਚਾੜੀ ਜਾ ਸਕੇ। ਉਨਾਂ ਕਿਹਾ ਕਿ ਗਿਣਤੀ ਦੌਰਾਨ ਕਿਸੇ ਵੀ ਤਰਾਂ ਦੀ ਬਾਹਰੀ ਦਖ਼ਲਅੰਦਾਜ਼ੀ ਅਤੇ ਗੜਬੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।