ਪਟਿਆਲਾ, 17 ਜੁਲਾਈ: (ਧਰਮਵੀਰ ਨਾਗਪਾਲ) ਪਟਿਆਲਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਅਤੇ ਜੁਰਮ ਨੂੰ ਪੂਰੀ ਤਰ•ਾਂ ਨਾਲ ਠੱਲ• ਪਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਟਿਆਲਾ ਪੁਲਿਸ ਵੱਲੋਂ ਸ਼ਹਿਰ ’ਚ ਪ੍ਰਮੁੱਖ ਚੌਂਕਾਂ ’ਤੇ ਅਤਿ-ਆਧੁਨਿਕ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਕੈਮਰੇ 24 ਘੰਟੇ ਹਰੇਕ ਗਤੀਵਿਧੀ ’ਤੇ ਨਜ਼ਰ ਰੱਖਣਗੇ ਅਤੇ ਇਨ•ਾਂ ਰਾਹੀਂ ਹਰੇਕ ਗਤੀਵਿਧੀ ਵੱਡੀ ਸਮਰੱਥਾ ਵਾਲੇ ਰਿਕਾਰਡਰ ਵਿੱਚ ਰਿਕਾਰਡ ਹੋਵੇਗੀ ਅਤੇ ਕਿਸੇ ਵੀ ਘਟਨਾ ਦੇ ਵਾਪਰਨ ਦੀ ਸੂਰਤ ਵਿੱਚ ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਪੁਲਿਸ ਵੱਲੋਂ ਮਾਮਲੇ ਨੂੰ ਤੇਜ਼ੀ ਨਾਲ ਸੁਲਝਾ ਲਿਆ ਜਾਵੇਗਾ। ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਦੇ ਸਾਹਮਣੇ ਪ੍ਰਮੁੱਖ ਚੌਂਕ ਅਤੇ ਖੰਡੇ ਵਾਲਾ ਚੌਂਕ ਵਿਖੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪੁਲਿਸ ਵੱਲੋਂ 12 ਅਤਿ-ਆਧੁਨਿਕ ਅਤੇ ਮਿਆਰੀ ਕਿਸਮ ਦੇ ਸੀ.ਸੀ.ਟੀ.ਵੀ ਕੈਮਰੇ ਸਥਾਪਤ ਕੀਤੇ ਗਏ ਹਨ ਜਿਨ•ਾਂ ਦਾ ਉਦਘਾਟਨ ਆਈ.ਜੀ. ਪਟਿਆਲਾ ਜ਼ੋਨ ਸ. ਪਰਮਜੀਤ ਸਿੰਘ ਗਿੱਲ ਅਤੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ. ਐਸ.ਪੀ ਸਿੰਘ ਓਬਰਾਏ ਵੱਲੋਂ ਕੀਤਾ ਗਿਆ। ਟਰੱਸਟ ਵੱਲੋਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਏਅਰ ਕੰਡੀਸ਼ਨਡ ਪੁਲਿਸ ਪੋਸਟ ਵੀ ਸਥਾਪਤ ਕਰਵਾਈ ਗਈ ਹੈ ਜਿਸ ਵਿੱਚ ਮੋਨੀਟਰ ਰਾਹੀਂ ਹਰੇਕ ਚੌਂਕ ਦੀ ਗਤੀਵਿਧੀ ’ਤੇ ਪੁਲਿਸ ਵੱਲੋਂ ਨਜ਼ਰ ਰੱਖੀ ਜਾਵੇਗੀ।
ਇਸ ਮੌਕੇ ਆਈ.ਜੀ. ਸ. ਗਿੱਲ ਨੇ ਸਰਬਤ ਦਾ ਭਲਾ ਟਰੱਸਟ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਦੇ ਨੇੜਲਾ ਇਹ ਚੌਂਕ, ਸ਼ਹਿਰ ਦਾ ਮਹੱਤਵਪੂਰਨ ਕੇਂਦਰ ਬਿੰਦੂ ਹੈ ਜਿਥੇ ਕੈਮਰੇ ਸਥਾਪਤ ਕਰਕੇ ਪੁਲਿਸ ਵੱਲੋਂ ਸ਼ਹਿਰ ’ਚ ਦਾਖਲੇ ਦੇ 9 ਛੋਟੇ-ਵੱਡੇ ਮਾਰਗਾਂ ਦੀ ਹਰੇਕ ਗਤੀਵਿਧੀ ਨੂੰ ਦਾਇਰੇ ਅਧੀਨ ਲਿਆਂਦਾ ਗਿਆ ਹੈ। ਉਨ•ਾਂ ਦੱਸਿਆ ਕਿ ਸੀ.ਸੀ.ਟੀ.ਵੀ ਜਿਹੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਸ਼ਹਿਰ ’ਚ ਜਿਥੇ ਟਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ ਉਥੇ ਹੀ ਸੁਰੱਖਿਆ ਤੇ ਅਮਨ-ਕਾਨੂੰਨ ਵੀ ਬਿਹਤਰ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ। ਉਨ•ਾਂ ਦੱਸਿਆ ਕਿ ਘਰਾਂ, ਧਾਰਮਿਕ ਸਥਾਨਾਂ, ਬੈਂਕਾਂ ਆਦਿ ਦੀ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣ ਅਤੇ ਵਾਪਰੀਆਂ ਘਟਨਾਵਾਂ ਨੂੰ ਹੱਲ ਕਰਨ ’ਚ ਸੀ.ਸੀ.ਟੀ.ਵੀ ਵਧੀਆ ਜ਼ਰੀਆ ਸਾਬਤ ਹੋਏ ਹਨ। ਸ. ਗਿੱਲ ਨੇ ਦੱਸਿਆ ਕਿ ਇਸ ਸਿਸਟਮ ’ਚ 15 ਤੋਂ 18 ਦਿਨਾਂ ਦੀ ਰਿਕਾਰਡਿੰਗ ਦੀ ਸੁਵਿਧਾ ਹੈ ਅਤੇ ਕੈਮਰੇ ਲੋਕਾਂ ਦੀ ਸਾਫ਼ ਪਛਾਣ, ਵਾਹਨਾਂ ਅਤੇ ਨੰਬਰਾਂ ਦੀ ਪਛਾਣ ਦੇ ਸਮਰੱਥ ਹਨ। ਇਸ ਮੌਕੇ ਸ. ਐਸ.ਪੀ ਸਿੰਘ ਓਬਰਾਏ ਨੇ ਕਿਹਾ ਕਿ ਟਰੱਸਟ ਵੱਲੋਂ ਲੋਕ ਸੇਵਾ ਵਿੱਚ ਵਿਆਪਕ ਪੱਧਰ ’ਤੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਮੌਕੇ ਐਸ.ਐਸ.ਪੀ ਸ਼੍ਰੀ ਗੁਰਮੀਤ ਸਿੰਘ ਚੌਹਾਨ, ਐਸ.ਪੀ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ, ਐਸ.ਡੀ.ਐਮ ਸ਼੍ਰੀ ਗੁਰਪਾਲ ਸਿੰਘ ਚਹਿਲ, ਡੀ.ਐਸ.ਪੀ ਸ਼੍ਰੀ ਗੁਰਦੇਵ ਸਿੰਘ ਧਾਲੀਵਾਲ ਸਮੇਤ ਟਰੱਸਟ ਦੇ ਹੋਰ ਅਹੁਦੇਦਾਰ ਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।