ਪਟਿਆਲਾ ਸ਼ਹਿਰ ਨੂੰ ਆਵਾਜ਼ੀ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ  ਟਰੈਫਿਕ ਪੁਲਿਸ ਵੱਲੋਂ ਨਿਵੇਕਲੀ ਮੁਹਿੰਮ ਦੀ ਸ਼ੁਰੂਆਤ

0
1452

 

* ਵਾਹਨਾਂ ‘ਤੇ ਹਾਰਨਾਂ ਦੀ ਬੇਲੋੜੀ ਵਰਤੋਂ ਨੂੰ ਰੋਕਣ ਦਾ ਉਪਰਾਲਾ

* ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਪਟਿਆਲਾ, 2 ਸਤੰਬਰ: (dvnewspunjab) ਪਟਿਆਲਾ ਸ਼ਹਿਰ ਨੂੰ ਆਵਾਜ਼ੀ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਟਰੈਫਿਕ ਪੁਲਿਸ ਨੇ ਪਟਿਆਲਾ ਟਰੈਫਿਕ ਅਵੇਅਰਨੈਸ ਕੈਂਪੇਨ ਅਤੇ 92.7 ਬਿਗ ਐਫ.ਐਮ ਦੇ ਸਹਿਯੋਗ ਨਾਲ ਇੱਕ ਨਿਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਹਰੇਕ ਸੋਮਵਾਰ ਅਜਿਹੇ ਵਾਹਨ ਚਾਲਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਹਾਰਨ ਦੀ ਵਰਤੋਂ ਨਹੀਂ ਕਰਨਗੇ ਅਤੇ ਦ੍ਰਿੜਤਾ ਨਾਲ ਇਸ ਫਰਜ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਗੇ। ਐਸ.ਐਸ.ਪੀ ਸ਼੍ਰੀ ਗੁਰਮੀਤ ਸਿੰਘ ਚੌਹਾਨ ਨੇ ਇਸ ਮੁਹਿੰਮ ਦਾ ਪੋਸਟਰ/ਬੈਨਰ ਜਾਰੀ ਕਰਦਿਆਂ ਵਾਹਨਾਂ ‘ਤੇ ਪ੍ਰੈਸ਼ਰ ਹਾਰਨ ਨਾ ਲਗਾਉਣ ਅਤੇ ਆਪਣੇ ਵਾਹਨਾਂ ‘ਤੇ ਸਿਰਫ਼ ਲੋੜ ਸਮੇਂ ਹੀ ਸਾਧਾਰਨ ਹਾਰਨਾਂ ਦੀ ਵਰਤੋਂ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ। ਸ਼੍ਰੀ ਚੌਹਾਨ ਨੇ ਕਿਹਾ ਕਿ ਟਰੈਫਿਕ ਪੁਲਿਸ ਵੱਲੋਂ ਸ਼ਹਿਰ ਨੂੰ ਆਵਾਜਾਈ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਾਗਰਿਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਸਾਰਿਆਂ ਵੱਲੋਂ ਆਵਾਜਾਈ ਅਤੇ ਪ੍ਰਦੂਸ਼ਣ ਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਕਦਮ ਪੁੱਟੇ ਜਾਣ। ਇਸ ਮੌਕੇ ਡੀ.ਐਸ.ਪੀ ਟਰੈਫਿਕ ਸ਼੍ਰੀ ਅਜਿੰਦਰ ਸਿੰਘ, ਸ਼੍ਰੀ ਕੇ.ਐਸ. ਸੇਖੋਂ ਚੀਫ਼ ਵਾਰਡਨ, ਸਿਵਲ ਡਿਫੈਂਸ, ਸ਼੍ਰੀ ਗੁਰਦੀਪ ਸਿੰਘ ਐਡਵੋਕੇਟ, ਸ਼੍ਰੀ ਗੁਰਕੀਰਤ ਸਿੰਘ, ਆਰ.ਜੇ. ਕਰਨ ਕੁਨਾਲ, ਡਾ. ਦੀਪ ਸਿੰਘ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵੱਖ-ਵੱਖ ਚੌਂਕਾਂ ‘ਤੇ ਬਿਗ ਐਫ.ਐਮ ਦੀ ਟੀਮ ਵੱਲੋਂ ਅਜਿਹੇ ਵਾਹਨ ਚਾਲਕਾਂ ਦੀ ਪਛਾਣ ਕੀਤੀ ਜਾਵੇਗੀ ਜਿਹੜੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਦੇ ਹੋਣਗੇ ਅਤੇ ਉਨ੍ਹਾਂ ਵਾਹਨ ਚਾਲਕਾਂ ਦੀ ਇੰਟਰਵਿਊ ਨੂੰ ਰੇਡੀਓ ‘ਤੇ ਪ੍ਰਸਾਰਿਤ ਕੀਤਾ ਜਾਵੇਗਾ ਤਾਂ ਜੋ ਹੋਰਾਂ ਨੂੰ ਵੀ ਸੇਧ ਮਿਲ ਸਕੇ। ਇਸ ਤੋਂ ਇਲਾਵਾ ਵਾਹਨ ਚਾਲਕਾਂ ਨੂੰ ਮੌਕੇ ‘ਤੇ ਹੀ ਪ੍ਰਮਾਣ ਪੱਤਰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਜਾਵੇਗੀ।