ਪਲਾਸਟਿਕ ਫੈਕਟਰੀ ਘਟਨਾ- ਮਾਰੇ ਗਏ ਫਾਇਰ ਕਰਮੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ,

0
1431

ਲੁਧਿਆਣਾ, 20 ਜਨਵਰੀ (ਸੀ ਐਨ ਆਈ ) ਲੰਘੇ ਮਹੀਨੇ ਸ਼ਹਿਰ ਵਿੱਚ ਸਥਿਤ ਪਲਾਸਟਿਕ ਫੈਕਟਰੀ ਨੂੰ ਅੱਗ ਲੱਗਣ ਦੀ ਘਟਨਾ ਕਾਰਨ ਮਾਰੇ ਗਏ ਫਾਇਰ ਕਰਮੀਆਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਸਾਂਝੇ ਤੌਰ ‘ਤੇ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਅੱਜ ਸਪੁਰਦ ਕੀਤੇ ਗਏ। ਇਨਾ ਚੈੱਕਾਂ ਨੂੰ ਵੰਡਣ ਦੀ ਰਸਮ ਮੈਂਬਰ ਲੋਕ ਸਭਾ ਸ੍ਰ. ਰਵਨੀਤ ਸਿੰਘ ਬਿੱਟੂ ਨੇ ਨਿਭਾਈ। ਇਸ ਤੋਂ ਇਲਾਵਾ ਮਾਰੇ ਗਏ ਫਾਇਰ ਕਰਮੀਆਂ ਦੇ ਵਿਭਾਗ ਵੱਲ ਬਕਾਇਆ ਪਏ ਫੰਡਾਂ ਦੀ ਵੀ ਅਦਾਇਗੀ ਵੀ ਨਾਲ ਹੀ ਕਰ ਦਿੱਤੀ ਗਈ।
ਇਸ ਮੌਕੇ ਪੀੜਤ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਬਹਾਦਰ ਫਾਇਰ ਕਰਮੀਆਂ ਦੀ ਇਸ ਕੁਰਬਾਨੀ ਨੂੰ ਪੂਰਾ ਸ਼ਹਿਰ ਚਿਰਾਂ ਤੱਕ ਯਾਦ ਰੱਖੇਗਾ। ਇਨਾ ਬਹਾਦਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕਈ ਬੇਸ਼ਕੀਮਤੀ ਜਾਨਾਂ ਦਾ ਬਚਾਅ ਕਰਨ ਦੇ ਨਾਲ-ਨਾਲ ਵੱਡਾ ਮਾਲੀ ਨੁਕਸਾਨ ਹੋਣ ਤੋਂ ਵੀ ਬਚਾਅ ਲਿਆ। ਉਨਾ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਓਹਨਾ ਨਾਲ ਚੱਟਾਨ ਦੀ ਤਰਾ ਖੜੀ ਹੈ।
ਇਸ ਮੌਕੇ ਓਹਨਾ ਫਾਇਰ ਕਰਮੀਆਂ ਸਵਰਗੀ ਸਮਾਉਨ ਗਿੱਲ, ਰਾਜਿੰਦਰ ਸ਼ਰਮਾ, ਰਾਜ ਕੁਮਾਰ, ਪੂਰਨ ਸਿੰਘ, ਰਾਜਨ ਅਤੇ ਵਿਸ਼ਾਲ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਅਤੇ ਉਨ•ਾਂ ਦੇ ਨੌਕਰੀ ਦੌਰਾਨ ਵਿਭਾਗ ਵੱਲ ਜਮਾਂ ਹੋਈ ਰਾਸ਼ੀ ਫੰਡ ਦੇ ਚੈੱਕ ਸਪੁਰਦ ਕੀਤੇ। 10-10 ਲੱਖ ਰੁਪਏ ਦੀ ਰਾਸ਼ੀ ਵਿੱਚ 5-5 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਜਦਕਿ ਬਾਕੀ 5-5 ਲੱਖ ਰੁਪਏ ਨਗਰ ਨਿਗਮ ਲੁਧਿਆਣਾ ਵੱਲੋਂ ਪਾਏ ਗਏ ਹਨ। ਇਸ ਤੋਂ ਇਲਾਵਾ ਨਗਰ ਨਿਗਮ ਅਧਿਕਾਰੀਆਂ/ਕਰਮੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਵੀ ਪੀੜਤ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ, ਜੋ ਵੀ ਅਗਲੇ ਕੁਝ ਦਿਨਾਂ ਵਿੱਚ ਦੇ ਦਿੱਤੀ ਜਾਵੇਗੀ।
ਸ੍ਰ. ਬਿੱਟੂ ਨੇ ਕਿਹਾ ਕਿ ਇਸ ਘਟਨਾ ਵਿੱਚ ਫਾਇਰ ਵਿਭਾਗ ਦੇ 9 ਮੁਲਾਜ਼ਮਾਂ ਦੀ ਮੌਤ ਹੋਈ ਸੀ, ਜਿਨ•ਾਂ ਵਿੱਚੋਂ ਉਪਰੋਕਤ 6 ਦੀਆਂ ਲਾਸ਼ਾਂ ਤਾਂ ਮਿਲ ਗਈਆਂ ਸਨ, ਜਦਕਿ ਬਾਕੀ ਤਿੰਨ ਮ੍ਰਿਤਕਾਂ ਦੀ ਸਹਾਇਤਾ ਰਾਸ਼ੀ ਚੈੱਕ ਅਤੇ ਬਕਾਇਆ ਰਾਸ਼ੀ ਚੈੱਕ ਅਗਲੇ 10 ਦਿਨ ਵਿੱਚ ਅਦਾ ਕਰ ਦਿੱਤੇ ਜਾਣਗੇ।ਓਹਨਾ ਨੇ ਕਿਹਾ ਕਿ ਇਨਾ ਦੇ ਮੌਤ ਸਰਟੀਫਿਕੇਟ ਜਾਰੀ ਹੋਣ ਵਿੱਚ ਦੇਰੀ ਹੋਣ ਕਾਰਨ ਉਨਾ ਦੀ ਰਾਸ਼ੀ ਦੇ ਚੈੱਕ ਅੱਜ ਨਹੀਂ ਦਿੱਤੇ ਜਾ ਸਕੇ। ਇਸ ਤੋਂ ਇਲਾਵਾ ਸਾਰੇ ਪੀੜਤ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਪ੍ਰਦਾਨ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ, ਸੰਭਾਵਨਾ ਹੈ ਕਿ ਅਗਲੇ 15-20 ਦਿਨਾਂ ਵਿੱਚ ਯੋਗ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੀ ਦੇ ਦਿੱਤੇ ਜਾਣਗੇ।
ਹੋਰ ਨੁਕਸਾਨੇ ਗਏ ਮਕਾਨਾਂ ਦੀ ਭਰਪਾਈ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਸ੍ਰ. ਬਿੱਟੂ ਨੇ ਸਪੱਸ਼ਟ ਕੀਤਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਵੀ. ਕੇ. ਮੀਨਾ ਵੱਲੋਂ ਕੀਤੀ ਜਾ ਰਹੀ ਹੈ, ਉਹ ਜਲਦ ਹੀ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦੇਣਗੇ, ਜਿਸ ਉਪਰੰਤ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਜਾਵੇਗਾ। ਇਸ ਮੌਕੇ ਓਹਨਾ ਨਾਲ ਸ੍ਰੀ ਸੁਰਿੰਦਰ ਡਾਬਰ, ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰੀ ਸੰਜੀਵ ਤਲਵਾੜ (ਤਿੰਨੇ ਵਿਧਾਇਕ), ਸ੍ਰ. ਜਸਕਿਰਨ ਸਿੰਘ ਕਮਿਸ਼ਨਰ ਨਗਰ ਨਿਗਮ, ਜ਼ੋਨਲ ਕਮਿਸ਼ਨਰ ਸ੍ਰ. ਸਤਵੰਤ ਸਿੰਘ, ਸੰਯੁਕਤ ਕਮਿਸ਼ਨਰ ਸ੍ਰ. ਕੁਲਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।