ਚੰਡੀਗੜ੍ਹ, 19 ਅਗਸਤ; (ਧਰਮਵੀਰ ਨਾਗਪਾਲ) ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਹੈ ਕਿ ਪਾਰਟੀ ਖੰਡ ਮਿੱਲਾਂ ਵੱਲੋਂ ਗੰਨਿਆਂ ਦੀ ਕ੍ਰਸ਼ਿੰਗ ਸ਼ੁਰੂ ਨਾ ਕਰਨ ਖਿਲਾਫ ਧਰਨੇ ਲਗਾਏ ਜਾਣਗੇ, ਜੋ 25 ਅਗਸਤ ਤੋਂ ਫਗਵਾੜਾ ਤੋਂ ਸ਼ੁਰੂ ਹੋਣਗੇ ਤੇ 28 ਅਗਸਤ ਨੂੰ ਮੁਕੇਰੀਆਂ ’ਚ ਵੀ ਧਰਨਾ ਲਗਾਇਆ ਜਾਵੇਗਾ। ਉਹ ਕੱਲ੍ਹ ਪਾਰਟੀ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਰਕਰਾਂ ਨੂੰ ਸਰਗਰਮ ਕਰਨ ਲਈ ਪਾਰਟੀ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸੂਬੇ ’ਚ ਇਕ ਲੱਖ ਹੈਕਟੇਅਰ ਤੋਂ ਵੱਧ ਖੇਤਰ ਗੰਨੇ ਦੀ ਖੇਤੀ ਅਧੀਨ ਆਉਂਦਾ ਹੈ ਅਤੇ ਅਚਾਨਕ ਖੰਡ ਮਿੱਲਾਂ ਵੱਲੋਂ ਸੂਬਾ ਸਰਕਾਰ ਵੱਲੋਂ ਗੰਨੇ ਦੇ ਜ਼ਿਆਦਾ ਮੁੱਲ ਤੈਅ ਕਰਨ ਦਾ ਦੋਸ਼ ਲਗਾ ਕੇ ਕ੍ਰਸ਼ਿੰਗ ਸ਼ੁਰੂ ਨਾ ਕਰਨ ਦੇ ਫੈਸਲੇ ਨਾਲ ਖੇਤੀਬਾੜੀ ਅਰਥ ਵਿਵਸਥਾ ’ਤੇ ਬਹੁਤ ਬੁਰਾ ਪ੍ਰਭਾਵ ਪਵੇਗਾ, ਜਿਸ ਨਾਲ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਵੱਧਣ ਦਾ ਖਦਸ਼ਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਖੰਡ ਮਿੱਲਾਂ ਦੀ ਆਰਥਿਕ ਹਾਲਤ ਤੋਂ ਪੂਰੀ ਤਰ੍ਹਾਂ ਜਾਣੂ ਹਨ, ਕਿਉਂਕਿ ਕੋਈ ਵੀ ਉਦਯੋਗ ਘਾਟਿਆਂ ’ਚ ਨਹੀਂ ਚੱਲ ਸਕਦਾ, ਪਰ ਇਸ ਮਾਮਲੇ ’ਚ ਅਤਿ ਅਮੀਰ ਖੰਡ ਮਿੱਲਾਂ ਦੇ ਨਵਾਬ, ਸੂਬੇ ਤੇ ਕਿਸਾਨਾਂ ਪ੍ਰਤੀ ਆਪਣੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੰਦਭਾਗਾ ਹੈ ਕਿ ਇਕ ਪਾਸੇ ਬਾਦਲ ਸਰਕਾਰ ਕਿਸਾਨਾਂ ਨੂੰ ਵਰਤਮਾਨ ਝੌਨੇ ਤੇ ਕਣਕ ਦੇ ਸਾਈਕਲ ਨੂੰ ਛੱਡਣ ਤੇ ਗੰਨਾ, ਆਲੂ, ਸਬਜ਼ੀਆਂ, ਮੱਕੀ, ਦਾਲਾਂ ਵਰਗੀਆਂ ਦੂਜੀਆਂ ਫਸਲਾਂ ਅਪਣਾਉਣ ਲਈ ਉਤਸਾਹਿਤ ਕਰ ਰਹੀ ਹੈ, ਜਦਕਿ ਦੂਜੇ ਹੱਥ ਉਹ ਤਮਾਸ਼ਬੀਨ ਬਣੀ ਹੋਈ ਹੈ ਤੇ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਨਹੀਂ ਆ ਰਹੀ। ਸੂਬਾ ਸਰਕਾਰ ਨੂੰ ਅਖਲ ਦਿੰਦਿਆਂ 682 ਕਰੋੜ ਰੁਪਏ ਦੇ ਬਕਾਏ ਨੂੰ ਕਲਿਅਰ ਕਰਨਾ ਚਾਹੀਦਾ ਹੈ, ਤਾਂ ਜੋ ਮਿੱਲਾਂ ਕ੍ਰਸ਼ਿੰਗ ਸ਼ੁਰੂ ਕਰ ਸਕਣ। ਇਸ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੰਡ ਮਿੱਲਾਂ ਦੀ ਲਾਬੀ ਦੇ ਵੱਧ ਰਹੇ ਪ੍ਰਭਾਵ ਦਾ ਜ਼ਿਕਰ ਕੀਤਾ, ਜਿਹੜੀ ਕੌਮੀ ਪੱਧਰ ’ਤੇ ਨਿਯਮਾਂ ਨੂੰ ਪ੍ਰਭਾਵਿਤ ਕਰਨ ਦੀ ਹਿੰਮਤ ਰੱਖਦੀ ਹੈ, ਜਿਸਦੀ ਉਦਾਹਰਨ ਨਰਿੰਦਰ ਮੋਦੀ ਸਰਕਾਰ ਵੱਲੋਂ ਖੰਡ ਦੀ ਇੰਪੋਰਟ ਡਿਊਟੀ ਨੂੰ 15 ਤੋਂ 40 ਪ੍ਰਤੀਸ਼ਤ ਕਰਨਾ ਹੈ। ਇਸੇ ਤਰ੍ਹਾਂ, ਸਰਕਾਰ ਨੇ ਮਾੜੇ ਹਾਲਾਤਾਂ ਨਾਲ ਨਿਪਟਣ ਲਈ ਖੰਡ ਮਿੱਲਾਂ ਨੂੰ 6000 ਕਰੋੜ ਰੁਪਏ ਵਿਆਜ਼ ਮੁਕਤ ਲੋਨ ਦਿੱਤਾ ਸੀ।
ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੁੱਪੀ ਪਿੱਛੇ ਛਿੱਪੀ ਸਾਜਿਸ਼ ’ਤੇ ਵਰ੍ਹੇ, ਜਿਹੜੇ ਖੁਦ ਨੂੰ ਕਿਸਾਨਾਂ ਦਾ ਮਸੀਹਾ ਦੱਸਦੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਇਸਦੇ ਪਿੱਛੇ ਉਨ੍ਹਾਂ ਦੇ ਬੇਟੇ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਫਗਵਾੜਾ ਦੀ ਵਾਹਦ-ਸੰਧਾਰ ਖੰਡ ਮਿੱਲ ’ਚ ਬੇਨਾਮੀ ਹਿੱਸੇਦਾਰੀ ਹੈ? ਉਨ੍ਹਾਂ ਨੂੰ ਪਹਿਲਾਂ ਤੋਂ ਮੁਸ਼ਕਿਲਾਂ ਨਾਲ ਘਿਰੇ ਕਿਸਾਨਾਂ ਦੇ ਇਸ ਸ਼ੋਸ਼ਣ ਖਿਲਾਫ ਆਪਣੀ ਚੁੱਪੀ ਦਾ ਕਾਰਨ ਦੱਸਣਾ ਚਾਹੀਦਾ ਹੈ। ਇਹ ਵੀ ਦੁੱਖਦਾਇਕ ਹੈ ਕਿ ਕਿਸਾਨਾਂ ਦੀ ਅਗਵਾਈ ਕਰਨ ਵਾਲੀ ਸੰਸਥਾ ਬੀ.ਕੇ.ਯੂ. ਵੀ ਇਸ ਮੁੱਦੇ ’ਤੇ ਚੁੱਪ ਬੈਠੀ ਹੈ। ਬਾਜਵਾ ਨੇ ਆਪਣੀ ਪਦਯਾਤਰਾ ਦੌਰਾਨ ਪਾਰਟੀ ਕਾਨਫਰੰਸਾਂ ਦੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੱਸਿਆ ਕਿ ਪਾਰਟੀ ਰੱਖੜ ਪੁੰਨਿਆ ਮੌਕੇ 29 ਅਗਸਤ ਨੂੰ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸ ਅਯੋਜਿਤ ਕਰੇਗੀ, ਜਿਸ ਤੋਂ ਬਾਅਦ 30 ਅਗਸਤ ਨੂੰ ਲੁਧਿਆਣਾ ਵਿਖੇ ਡਾ. ਬੀ.ਆਰ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਜਾਵੇਗਾ। ਫਿਰ 1 ਸਤੰਬਰ ਨੂੰ ਸੰਗਰੂਰ, 5 ਸਤੰਬਰ ਨੂੰ ਗੁਰਦਾਸਪੁਰ, 9 ਸਤੰਬਰ ਨੂੰ ਬਾਘਾਪੁਰਾਨਾ, 18 ਸਤੰਬਰ ਨੂੰ ਸ੍ਰੀ ਖੰਡੂਰ ਸਾਹਿਬ ਸਥਿਤ ਗੁਰਤਾ ਗੱਦੀ ਦਿਵਸ ਮੌਕੇ, 26 ਸਤੰਬਰ ਨੂੰ ਪਟਿਆਲਾ ਤੇ 29 ਸਤੰਬਰ ਨੂੰ ਛਪਾਰ ਮੇਲੇ ’ਤੇ ਸਿਆਸੀ ਕਾਨਫਰੰਸ ਅਯੋਜਿਤ ਕੀਤੀ ਜਾਵੇਗੀ। ਇਹ 2 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਛੇ ਮਹੀਨੇ ਦੇ ਪਦ ਯਾਤਰਾ ਦੇ ਪੜਾਆਂ ਦੌਰਾਨ ਜ਼ਾਰੀ ਰਹੇਗੀ। ਇਸ ਦੌਰਾਨ ਪਾਰਟੀ ਦੇ ਕੁਝ ਆਗੂਆਂ ਵੱਲੋਂ ਇਕ ਦੂਜੇ ਖਿਲਾਫ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਸਵਾਲ ਦੇ ਜਵਾਬ ’ਚ ਬਾਜਵਾ ਨੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ, ਜੋ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਲੀਡਰਸ਼ਿਪ ਦੇ ਮੁੱਦੇ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਸਿਪਾਹੀ ਹਨ ਤੇ ਉਨ੍ਹਾਂ ਨੇ ਹਮੇਸ਼ਾ ਪਾਰਟੀ ਹਾਈ ਕਮਾਂਡ ਦੇ ਫੈਸਲੇ ਦੀ ਪਾਲਣਾ ਕੀਤੀ ਹੈ। ਉਨ੍ਹਾਂ ਨੇ ਸਾਰੀ ਪਾਰਟੀ ਲੀਡਰਸ਼ਿਪ ਨੂੰ ਇਨ੍ਹਾਂ ਧਰਨਿਆਂ ’ਚ ਹਿੱਸਾ ਲੈਣ ਦੀ ਅਪੀਲ ਕੀਤੀ, ਜਿਹੜੇ ਹੋਰਨਾਂ ਸਥਾਨਾਂ ’ਤੇ ਵੀ ਲਗਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਫਤਹਿ ਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਤੇ ਬੁਲਾਰਾ ਪ੍ਰਦੇਸ਼ ਕਾਂਗਰਸ ਸੁਖਪਾਲ ਸਿੰਘ ਖੈਹਰਾ, ਜਨਰਲ ਸਕੱਤਰ ਰਾਜਨਬੀਰ ਸਿੰਘ, ਸਕੱਤਰ ਗੁਰਪ੍ਰਤਾਪ ਸਿੰਘ ਮਾਨ, ਰਜਿੰਦਰ ਦੀਪਾ, ਦਫਤਰ ਇੰਚਾਰਜ ਰਾਜਪਾਲ ਸਿੰਘ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵੀ ਮੌਜ਼ੂਦ ਰਹੇ, ਪ੍ਰਧਾਨ ਜ਼ਿਲ੍ਹਾ ਕਾਂਗਰਸ ਸੰਗਰੂਰ ਮਾਈ ਰੂਪ ਕੌਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸਮਰਾ, ਚੇਅਰਮੈਨ ਕਿਸਾਨ ਤੇ ਖੇਤ ਮਜ਼ਦੂਰ ਸੈਲ ਇੰਦਰਜੀਤ ਸਿੰਘ ਜੀਰਾ, ਚੇਅਰਮੈਨ ਘੱਟ ਗਿਣਤੀ ਸੈਲ ਅਮਜਦ ਖਾਂ, ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਰਾਏ, ਗੁਰਵਿੰਦਰ ਸਿੰਘ ਗੋਗੀ, ਸਕੱਤਰ ਪ੍ਰਦੇਸ਼ ਕਾਂਗਰਸ ਗੁਰਵਿੰਦਰ ਸਿੰਘ ਬਾਲੀ, ਸਕੱਤਰ ਅਮਿਤ ਬਾਵਾ, ਸਕੱਤਰ ਮਨਪ੍ਰੀਤ ਸਿੰਘ ਸੰਧੂ, ਮੀਤ ਪ੍ਰਧਾਨ ਕਿਸਾਨ ਖੇਤ ਤੇ ਮਜ਼ਦੂਰ ਸੈ¤ਲ ਜੀ.ਐਸ ਰਿਆੜ, ।
 
                 
 
		







