ਪੰਜਾਬ ’ਚ ਪਦਯਾਤਰਾ ’ਚ ਸ਼ਾਮਿਲ ਹੋਣਗੇ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰੋਗਰਾਮ ਨੂੰ ਦਿੱਤੀ ਮਨਜ਼ੂਰੀ ਬਾਜਵਾ ਨੇ ਰਾਹੁਲ ਗਾਂਧੀ ਨੂੰ ਚੱਲ ਰਹੇ ਪ੍ਰੋਗਰਾਮਾਂ ਬਾਰੇ ਦਿੱਤੀ ਜਾਣਕਾਰੀ

0
1568

 

ਨਵੀਂ ਦਿੱਲੀ-ਚੰਡੀਗੜ੍ਹ, 4 ਜੂਨ: (ਧਰਮਵੀਰ ਨਾਗਪਾਲ) ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਲੋਕਾਂ ਨੂੰ ਸੂਬੇ ’ਚ ਅਕਾਲੀ ਭਾਜਪਾ ਗਠਜੋੜ ਦੇ ਮਾੜੇ ਤੇ ਭ੍ਰਿਸ਼ਟ ਸ਼ਾਸਨ ਖਿਲਾਫ ਜਾਗਰੂਕ ਕਰਨ ਲਈ 34 ਰਿਜਰਵ ਵਿਧਾਨ ਸਭਾ ਹਲਕਿਆਂ ’ਚ ਚਲਾਈ ਜਾ ਰਹੀ ਲੋਕ ਸੰਪਰਕ ਮੁਹਿੰਮ ਦੇ ਸਮਾਪਨ ਤੋਂ ਬਾਅਦ ਪ੍ਰਦੇਸ਼ ਕਾਂਗਰਸ 2 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਪਦਯਾਤਰਾ ’ਚ ਸ਼ਾਮਿਲ ਹੋਣਗੇ। ਇਹ ਜਾਣਕਾਰੀ ਰਾਹੁਲ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਇਕ ਮੀਟਿੰਗ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਗਈ। ਬਾਜਵਾ ਨੇ ਰਾਹੁਲ ਨੂੰ ਪਾਰਟੀ ਵੱਲੋਂ ਸ਼ੁਰੂ ਕੀਤੀ ਦਲਿਤ ਤੇ ਕਮਜ਼ੋਰ ਵਰਗਾਂ ’ਤੇ ਕੇਂਦਰਿਤ ਲੋਕ ਸੰਪਰਕ ਮੁਹਿੰਮ ਬਾਰੇ ਜਾਣਕਾਰੀ ਦਿੱਤੀ, ਜਿਹੜੇ ਖਾਸ ਕਰਕੇ ਸੂਬੇ ਦੇ ਰਿਜਰਵ ਹਲਕਿਆਂ ’ਚ ਰਹਿੰਦੇ ਹਨ। ਇਸ ਪ੍ਰੋਗਰਾਮ ਹੇਠ ਆਮ ਤੌਰ ’ਤੇ ਸਮਾਜ ਦੇ ਹਰੇਕ ਵਰਗ ਤੇ ਖਾਸ ਕਰਕੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਰਾਹੁਲ ਨੇ ਬਾਜਵਾ ਨੂੰ ਬੀਤੀ 2 ਜੂਨ ਤੋਂ ਸ੍ਰੀ ਹਰਗੋਬਿੰਦਪੁਰ ਤੋਂ ਸ਼ੁਰੂ ਕੀਤੇ ਪ੍ਰੋਗਰਾਮ ’ਤੇ ਅੱਗੇ ਵੱਧਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਪ੍ਰੋਗਰਾਮ 28 ਸਤੰਬਰ ਨੂੰ ਸੰਪੂਰਨ ਹੋਵੇਗਾ। ਇਸ ਪ੍ਰੋਗਰਾਮ ਹੇਠ ਬਾਜਵਾ ਸਬੰਧਤ ਹਲਕਿਆਂ ’ਚ ਸਮਾਜ ਦੇ ਹਰੇਕ ਵਰਗ ਨਾਲ ਰਾਬਤਾ ਕਾਇਮ ਕਰਨਗੇ। ਉਨ੍ਹਾਂ ਤੋਂ ਹਾਸਿਲ ਫੀਡਬੈਕ ਨੂੰ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਜਾਵੇਗਾ, ਤਾਂ ਜੋ ਉਸਨੂੰ ਪਾਰਟੀ ਦੀਆਂ ਨੀਤੀਆਂ ’ਚ ਸ਼ਾਮਿਲ ਕੀਤਾ ਜਾ ਸਕੇ। ਹਰੇਕ ਹਲਕੇ ’ਚ ਚੁਣੇ ਗਏ ਪਿੰਡ ’ਚ ਇਕੋ ਦਿਨ ਦੋ ਸੈਸ਼ਨ ਲਗਾਏ ਜਾਣਗੇ। ਬਾਜਵਾ ਨੇ ਕਿਹਾ ਕਿ ਰਾਹੁਲ ਪ੍ਰਦੇਸ਼ ਕਾਂਗਰਸ ਵੱਲੋਂ 2 ਅਕਤੂਬਰ ਤੋਂ ਪਠਾਨਕੋਟ ਤੋਂ ਸ਼ੁਰੂ ਕੀਤੀ ਜਾ ਰਹੀ ਪਦਯਾਤਰਾ ’ਚ ਸ਼ਾਮਿਲ ਹੋਣਗੇ, ਜਿਹੜੀ ਛੇ ਪੜਾਆਂ ’ਚ ਪੂਰੇ ਸੂਬੇ ਨੂੰ ਕਵਰ ਕਰੇਗੀ। ਹਰੇਕ ਫੇਸ ਦੀ ਯਾਤਰਾ 15 ਦਿਨਾਂ ’ਚ ਪੂਰੀ ਕੀਤੀ ਜਾਵੇਗੀ। ਪਦਯਾਤਰਾ ਕਰੀਬ 1000 ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ। ਬਾਜਵਾ ਨੇ ਪਾਰਟੀ ਮੀਤ ਪ੍ਰਧਾਨ ਨੂੰ ਪਾਰਟੀ ਵੱਲੋਂ ਲੋਕ ਹਿੱਤ ਦੇ ਮੁੱਦਿਆਂ ’ਚ ਕੀਤੇ ਜਾ ਰਹੇ ਅੰਦੋਲਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਾਰਟੀ ਮੀਤ ਪ੍ਰਧਾਨ ਨੂੰ ਦੱਸਿਆਂ ਪਾਰਟੀ ਵੱਲੋਂ ਨਸ਼ਿਆਂ ਖਿਲਾਫ ਅੰਦੋਲਨ ਕੀਤਾ ਗਿਆ, ਜਿਸਦੇ ਨਤੀਜੇ ਵਜੋਂ ਈ.ਡੀ. ਨੇ ਸੰਮਨ ਜਾਰੀ ਕੀਤੇ। ਉਨ੍ਹਾਂ ਨੇ ਮੋਗਾ ਬੱਸ ਛੇੜਛਾੜ ਮਾਮਲੇ ਦਾ ਜ਼ਿਕਰ ਵੀ ਕੀਤਾ, ਕਿ ਕਿਵੇਂ ਪਾਰਟੀ ਇਹ ਮੁੱਦਾ ਸੜਕਾਂ ਤੱਕ ਲੈ ਕੇ ਗਈ ਅਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਓਰਬਿਟ ਬੱਸ ਕੰਪਨੀ ਨੂੰ ਨੋਟਿਸ ਜਾਰੀ ਕਰ ਦਿੱਤੇ। ਪ੍ਰਦੇਸ਼ ਕਾਂਗਰਸ ਵੱਲੋਂ ਫਰੀਦਕੋਟ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਤੋਂ ਬਾਅਦ ਵਿਦਿਆਰਥੀਆਂ ਖਿਲਾਫ ਲਗਾਏ ਅਪਰਾਧਿਕ ਦੋਸ਼ ਵਾਪਸ ਲੈ ਲਏ ਗਏ। ਪ੍ਰਦੇਸ਼ ਕਾਂਗਰਸ ਦੀ ਬਾਦਲਾਂ ਦੇ ਪਾਲਨਪੁਰ ’ਚ ਬਣ ਰਹੇ ਰਿਜੋਰਟ ਦੇ ਸਬੰਧ ’ਚ ਲੜਾਈ ਦੇ ਚਲਦਿਆਂ ਮਾਨਯੋਗ ਹਾਈ ਕੋਰਟ ਨੇ ਮਾਮਲੇ ’ਚ ਦਖਲ ਦਿੱਤੀ ਤੇ ਰਿਜੋਰਟ ਨੂੰ ਜਾਂਦੀ ਸੜਕ ਦੇ ਨਿਰਮਾਣ ’ਤੇ ਰੋਕ ਲਗਾ ਦਿੱਤੀ।