ਪੰਜਾਬ ਦੇ ਅਨਮੋਲ ਸਭਿਆਚਾਰ ਨੂੰ ਸੰਭਾਲ ਕੇ ਨਵੀਂਆਂ ਪੀੜ੍ਹੀਆਂ ਦੇ ਰੂਬਰੂ ਕਰ ਰਹੀ ਸੰਸਥਾ ਵੱਲੋਂ ਪਿੰਡ ਥੂਹਾ ਵਿਖੇ ਫੁਲਕਾਰੀ ਵਰਕਸ਼ਾਪ ਦਾ ਆਯੋਜਨ

0
1422

 

ਰਾਜਪੁਰਾ/ਪਟਿਆਲਾ, 11 ਜੁਲਾਈ: (ਧਰਮਵੀਰ ਨਾਗਪਾਲ) ਪੰਜਾਬ ਦੇ ਅਨਮੋਲ ਵਿਰਸੇ ਨੂੰ ਸੰਭਾਲਣ ਅਤੇ ਪੇਂਡੂ ਔਰਤਾਂ ਨੂੰ ਸਵੈ-ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਕਾਰਜਸ਼ੀਲ ਪਟਿਆਲਾ ਹੈਂਡੀਕਰਾਫ਼ਟ ਵਰਕਸ਼ਾਪ ਕੋਆਪਰੇਟਿਵ ਇੰਡਸਟਰੀਅਲ ਸੋਸਾਇਟੀ ਵੱਲੋਂ ਰਾਜਪੁਰਾ ਨੇੜਲੇ ਪਿੰਡ ਥੂਹਾ ਵਿਖੇ ਚਾਰ ਮਹੀਨਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਨੇੜਲੇ ਪਿੰਡਾਂ ਦੀਆਂ ਔਰਤਾਂ ਨੂੰ ਪੰਜਾਬ ਦੇ ਅਨਮੋਲ ਵਿਰਸੇ ਦੀ ਤਰਜ਼ਮਾਨੀ ਕਰਦੀ ਫੁਲਕਾਰੀ, ਬਾਗ ਅਤੇ ਅਜਿਹੇ ਹੀ ਹੋਰ ਵਿਰਾਸਤੀ ਉਤਪਾਦਾਂ ਨੂੰ ਬਣਾਉਣ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਇਸ ਵਰਕਸ਼ਾਪ ਵਿੱਚ ਸਕੱਤਰ ਉਦਯੋਗ ਵਿਭਾਗ ਪੰਜਾਬ ਸ਼੍ਰੀ ਐਸ.ਆਰ. ਲੱਧੜ ਨੇ ਬਤੌਰ ਮੁੱਖ ਮਹਿਮਾਨ ਅਤੇ ਹਲਕਾ ਘਨੌਰ ਦੀ ਵਿਧਾਇਕਾ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਲੱਧੜ ਨੇ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਅਜਿਹੀਆਂ ਸੰਸਥਾਵਾਂ ਦੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਕੰਮ ਕਰਕੇ ਹੀ ਆਪਣੀ ਆਰਥਿਕਤਾ ਵਿੱਚ ਵਾਧਾ ਕਰਨ ਲਈ ਫੁਲਕਾਰੀ, ਬਾਗ ਸਮੇਤ ਦਸਤਕਾਰੀ ਦੇ ਹੋਰ ਉਤਪਾਦ, ਪੇਂਟਿੰਗ ਆਦਿ ਕਲਾਵਾਂ ਵਧੀਆ ਸਰੋਤ ਸਾਬਤ ਹੁੰਦੇ ਹਨ ਅਤੇ ਔਰਤਾਂ ਪੂਰੀ ਲਗਨ ਤੇ ਮਿਹਨਤ ਨਾਲ ਆਪਣੇ ਪਰਿਵਾਰਾਂ ਦਾ ਜੀਵਨ ਪੱਧਰ ਸੁਧਾਰਨ ਵਿੱਚ ਅੱਜ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੋ ਸਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਨਮੋਲ ਸਭਿਆਚਾਰ ਨੂੰ ਸੰਭਾਲ ਕੇ ਨਵੀਂਆਂ ਪੀੜ੍ਹੀਆਂ ਦੇ ਰੂਬਰੂ ਕਰ ਰਹੀਆਂ ਸੰਸਥਾਵਾਂ ਦੇ ਉਪਰਾਲੇ ਸ਼ਲਾਘਾਯੋਗ ਹਨ।
ਸਮਾਰੋਹ ਦੌਰਾਨ ਵਿਧਾਇਕ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਕਿਹਾ ਕਿ ਪੰਜਾਬ ਦਾ ਵਿਰਸਾ ਬੜਾ ਗੌਰਵਮਈ ਹੈ ਅਤੇ ਇਸ ਵਿਰਸੇ ਨੂੰ ਸੰਭਾਲਣ ਲਈ ਉਪਰਾਲੇ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਨਵੀਂਆਂ ਪੀੜ੍ਹੀਆਂ ਨੂੰ ਫੁਲਕਾਰੀ ਸਭਿਆਚਾਰ ਦੇ ਰੂਬਰੂ ਕਰਨ ਨੂੰ ਚੰਗਾ ਕਦਮ ਦਸਦਿਆਂ ਕਿਹਾ ਕਿ ਇਹ ਉਪਰਾਲਾ ਅਨੇਕਾਂ ਗਰੀਬ ਤੇ ਲੋੜਵੰਦ ਔਰਤਾਂ ਨੂੰ ਸਮੇਂ ਦੀ ਸੁਚੱਜੀ ਵਰਤੋਂ ਕਰਨ ਦੇ ਨਾਲ-ਨਾਲ ਆਮਦਨ ਦਾ ਮਿਆਰੀ ਸਰੋਤ ਵੀ ਸਾਬਤ ਹੋ ਰਿਹਾ ਹੈ। ਉਨ੍ਹਾਂ ਨੇ ਸੰਸਥਾ ਨੂੰ ਸੱਦਾ ਦਿੱਤਾ ਕਿ ਅਜਿਹਾ ਹੀ ਕੇਂਦਰ ਘਨੌਰ ਵਿਖੇ ਵੀ ਸਥਾਪਤ ਕੀਤਾ ਜਾਵੇ ਤਾਂ ਜੋ ਨੇੜਲੇ ਪਿੰਡਾਂ ਦੀਆਂ ਔਰਤਾਂ ਵੀ ਸਵੈ-ਰੁਜ਼ਗਾਰ ਦੇ ਸਮਰੱਥ ਬਣ ਸਕਣ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼੍ਰੀਮਤੀ ਰੇਖਾ ਮਾਨ ਨੇ ਵੀ ਸੰਬੋਧਨ ਕੀਤਾ ਅਤੇ ਸੰਸਥਾ ਦੇ ਹੁਣ ਤੱਕ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਐਕਸਿਮ ਬੈਂਕ ਦੇ ਜਨਰਲ ਮੈਨੇਜਰ ਸ਼੍ਰੀ ਉਤਪਾਲ ਗੋਖਲੇ, ਕੁਸਮ ਸਿੰਘ ਡਿਪਟੀ ਜੀ.ਐਮ, ਅਕਾਸ਼ਦੀਪ ਸਿੰਘ ਚੀਫ਼ ਮੈਨੇਜਰ ਵੱਲੋਂ ਟੀਮ ਸਮੇਤ ਸਹਿਯੋਗ ਦਿੱਤਾ ਗਿਆ। ਅਖ਼ੀਰ ਵਿੱਚ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੌਰਾਨ ਐਸ.ਡੀ.ਐਮ ਰਾਜਪੁਰਾ ਸ਼੍ਰੀ ਜੇ.ਕੇ ਜੈਨ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਹਰਪਾਲ ਸਿੰਘ ਸਰਾਓ, ਮੈਂਬਰ ਜ਼ਿਲ੍ਹਾ ਪਰਿਸ਼ਦ ਸ. ਭੁਪਿੰਦਰ ਸਿੰਘ ਸ਼ੇਖੂਪੁਰ, ਸ. ਦੀਦਾਰ ਸਿੰਘ, ਸ. ਜਸਵਿੰਦਰ ਸਿੰਘ ਥੂਹਾ, ਸ. ਜਸਵਿੰਦਰ ਸਿੰਘ ਜੱਸੀ ਬਨੂੜ, ਡਾ. ਰੋਜ਼ੀ ਵੈਦ, ਸ਼੍ਰੀ ਡੀ.ਐਸ. ਚੰਦੋਕ, ਡਾ. ਰੇਖਾ ਸਿੰਘ ਗੁੱਜਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਸ਼੍ਰੀਮਤੀ ਸੁਮਨ ਬੱਤਰਾ ਵੱਲੋਂ ਕੀਤਾ ਗਿਆ।