ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਵੈਧਤਾ ਵਿੱਚ 31 ਮਾਰਚ, 2018 ਤੱਕ ਦਾ ਵਾਧਾ -ਲਾਭਪਾਤਰੀਆਂ ਨੂੰ ਪੁਰਾਣੇ ਕਾਰਡਾਂ ‘ਤੇ ਹੀ ਮਿਲੇਗਾ ਲਾਭ-ਡਿਪਟੀ ਕਮਿਸ਼ਨਰ

0
2324

ਲੁਧਿਆਣਾ, 27 ਨਵੰਬਰ (ਸੀ ਐਨ ਆਈ )-ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ ਵਿੱਚ 31 ਮਾਰਚ 2018 ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਯੋਜਨਾ ਅਧੀਨ ਲਾਭਪਾਤਰੀਆਂ ਨੂੰ 50 ਹਜ਼ਾਰ ਰੁਪਏ ਤੱਕ ਦਾ ਨਗਦੀ ਰਹਿਤ ਸਿਹਤ ਬੀਮਾ ਸੁਰੱਖਿਆ, 5 ਲੱਖ ਰੁਪਏ ਤੱਕ ਦਾ ਦੁਰਘਟਨਾ ‘ਚ ਮੌਤ ਜਾਂ ਅਪੰਗਤਾ ਕਾਰਨ ਬੀਮਾ ਸੁਰੱਖਿਆ ਅਤੇ 5 ਲੱਖ ਰੁਪਏ ਤੱਕ ਦੇ ਅੱਗ ਕਾਰਨ ਹੋਏ ਨੁਕਸਾਨ ਲਈ ਬੀਮਾ ਸੁਰੱਖਿਆ ਦੇ ਲਾਭ ਦਿੱਤੇ ਜਾਂਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦਿੱਤੀ।
ਉਨਾਂ ਦੱਸਿਆ ਕਿ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਮਿਲਣ ਵਾਲੇ ਲਾਭਾਂ ਦੀ ਵੈਧਤਾ ਪਹਿਲਾਂ 31 ਅਕਤੂਬਰ, 2017 ਸੀ, ਜੋ ਕਿ ਹੁਣ 31 ਮਾਰਚ, 2018 ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੇ ਨਵੇਂ ਕਾਰਡ ਨਹੀਂ ਬਣਨਗੇ, ਪ੍ਰੰਤੂ ਜਿੰਨਾਂ ਦੇ ਪਹਿਲਾਂ ਹੀ ਕਾਰਡ ਬਣੇ ਹੋਏ ਹਨ, ਉਨਾਂ ਨੂੰ ਹੀ ਇਸ ਸਕੀਮ ਦਾ ਲਾਹਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਕਾਰਡ ਨਾਲ ਲਾਭਪਾਤਰੀ ਸਰਕਾਰ ਵੱਲੋਂ ਅਧਿਸੂਚਿਤ ਹਸਪਤਾਲਾਂ ਤੋਂ ਸਾਲਾਨਾ 50 ਹਜ਼ਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕੇਗਾ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਯੋਜਨਾ ‘ਚ ਕੀਤੇ ਵਾਧੇ ਬਾਰੇ ਕਾਰਡ ਹੋਲਡਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨਾਂ ਦੱਸਿਆ ਕਿ ਲਾਭਪਾਤਰੀ ਵਿਭਾਗ ਦੀ ਵੈੱਬਸਾਈਟ www.BPSSBY.com ਅਤੇ ਟੋਲ ਫ੍ਰੀ ਨੰਬਰ 104 ਤੋਂ ਵੀ ਜਾਣਕਾਰੀ ਹਾਸਿਲ ਕਰ ਸਕਦੇ ਹਨ।