ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਬੱਚੀਆਂ ਦੇ ਬਿਹਤਰ ਭਵਿੱਖ ਲਈ ਸਰਕਾਰ ਨੇ ਸ਼ੁਰੂ ਕੀਤੀ ‘ਸੁਕੰਨਿਆ ਸਮਰਿਦੀ’ ਯੋਜਨਾ

0
1845

ਸੁਕੰਨਿਆ ਸਮਰਿਦੀ’ ਯੋਜਨਾ ਤਹਿਤ ਜਮ੍ਹਾਂ ਰਾਸ਼ੀ ‘ਤੇ ਮਿਲੇਗਾ 9.2 ਫੀਸਦੀ ਵਿਆਜ
ਸੁਕੰਨਿਆ ਸਮਰਿਦੀ ਯੋਜਨਾ ਤਹਿਤ ਬਟਾਲਾ ‘ਚ ਖੁੱਲੇ 2770 ਖਾਤੇ
ਬਟਾਲਾ, 6 ਅਗਸਤ (ਯੂਵੀ ਸਿੰਘ ਮਾਲਟੂ )- ਸਰਕਾਰ ਵੱਲੋਂ ਬੱਚੀਆਂ ਦੀ ਉੱਚ ਸਿੱਖਿਆ ਅਤੇ ਉਨ੍ਹਾਂ ਦੇ ਵਿਆਹ ਲਈ ਧਨ ਦੀ ਬਚਤ ਕਰਨ ਲਈ ‘ਸੁਕੰਨਿਆ ਸਮਿ੍ਰਦੀ’ ਨਾਮ ਦੀ ਇਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਲੋਕ ਆਪਣੀਆਂ ਬੱਚੀਆਂ ਦੇ ਜਨਮ ਸਮੇਂ ਡਾਕ ਘਰਾਂ ਵਿਚ ਬੱਚਤ ਖ਼ਾਤਾ ਖੁਲ੍ਹਵਾ ਸਕਣਗੇ ਅਤੇ ਇਸ ਖਾਤੇ ਵਿਚ ਜਮ੍ਹਾਂ ਰਾਸ਼ੀ ’ਤੇ ਸਰਕਾਰ ਵੱਲੋਂ 9.2 ਫੀਸਦੀ ਵਿਆਜ਼ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਘਰ ਬਟਾਲਾ ਦੇ ਮੁੱਖ ਪੋਸਟ ਮਾਸਟਰ ਸ. ਗੁਰਮੁੱਖ ਸਿੰਘ ਨੇ ਦੱਸਿਆ ਕਿ 31 ਜੁਲਾਈ ਤੱਕ ਬਟਾਲਾ ਮੁੱਖ ਡਾਕਘਰ ਦੇ ਅਧੀਨ ਆਉਂਦੇ ਡਾਕਖਾਨਿਆਂ ‘ਚ ‘ਸੁਕੰਨਿਆ ਸਮਿ੍ਰਦੀ’ ਯੋਜਨਾ ਦੇ 2770 ਖਾਤੇ ਖੋਲੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਯੋਜਨਾ ’ਬੇਟੀ ਬਚਾਓ, ਬੇਟੀ ਪੜਾਓ’ ਤਹਿਤ ਸ਼ੁਰੂ ਕੀਤੀ ਹੈ। ਪੋਸਟ ਮਾਸਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ‘ਸੁਕੰਨਿਆ ਸਮਿ੍ਰਦੀ’ ਯੋਜਨਾ ਗਰੀਬਾਂ ਅਤੇ ਅਮੀਰਾਂ ਦੋਨਾਂ ਲਈ ਹੀ ਫਾਇਦੇਮੰਦ ਹੈ ਅਤੇ ਇਸ ਯੋਜਨਾ ਅਧੀਨ ਲੋਕ ਆਪਣੀਆਂ ਬੱਚੀਆਂ ਦੇ ਜਨਮ ਤੋਂ ਲੈ ਕੇ 10 ਸਾਲ ਤੱਕ ਦੀ ਉਮਰ ਤੱਕ ਕਿਸੇ ਵੇਲੇ ਵੀ ਖਾਤਾ ਖੁਲ੍ਹਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਖ਼ਾਤਾ ਘੱਟੋ-ਘੱਟ 1000 ਰੁਪਏ ’ਚ ਖੁਲ੍ਹਵਾਇਆ ਜਾ ਸਕਦਾ ਹੈ ਅਤੇ ਲੜਕੀਆਂ ਦੇ ਨਾਮ ’ਤੇ ਖੋਲ੍ਹੇ ਜਾਣ ਵਾਲੇ ਇਸ ਖਾਤੇ ਵਿਚ 1.5 ਲੱਖ ਰੁਪਏ ਤੱਕ ਦੀ ਰਾਸ਼ੀ ਹਰ ਸਾਲ ਜਮ੍ਹਾਂ ਕਰਵਾਈ ਜਾ ਸਕਦੀ ਹੈ, ਜਿਸ ਉੱਪਰ 9.2 ਫੀਸਦੀ ਦੀ ਦਰ ਨਾਲ ਸਰਕਾਰ ਵੱਲੋਂ ਵਿਆਜ਼ ਦਿੱਤਾ ਜਾਂਦਾ ਹੈ।ਪੋਸਟ ਮਾਸਟਰ ਬਟਾਲਾ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਜਦੋਂ ਬੱਚੀ ਦੀ ਉਮਰ 18 ਸਾਲ ਤੱਕ ਦੀ ਹੋ ਜਾਂਦੀ ਹੈ ਤਾਂ ਜਮ੍ਹਾ ਹੋਈ ਰਾਸ਼ੀ ਵਿਚੋਂ 50 ਫੀਸਦੀ ਰਾਸ਼ੀ ਕਢਵਾਈ ਜਾ ਸਕਦੀ ਹੈ ਅਤੇ ਜਦੋਂ ਲੜਕੀ ਦੀ ਉਮਰ 21 ਸਾਲ ਤੱਕ ਹੋ ਜਾਵੇਗੀ ਤਾਂ ਉਹ ਇਸ ਯੋਜਨਾ ਦਾ ਪੂਰਾ ਲਾਭ ਉਠਾ ਸਕਦੀ ਹੈ। ਸ. ਗੁਰਮੁੱਖ ਸਿੰਘ ਨੇ ਦੱਸਿਆ ਕਿ ਜੇਕਰ ਇਸ ਖਾਤੇ ਵਿਚ ਸਿਰਫ 14 ਸਾਲ ਤੱਕ 1000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 1,68,000 ਰੁਪਏ ਦੀ ਰਾਸ਼ੀ ਲਾਭਪਾਤਰੀ ਵੱਲੋਂ ਜਮ੍ਹਾ ਕਰਵਾਈ ਜਾਂਦੀ ਹੈ ਅਤੇ ਕਿਸੇ ਕਾਰਨ ਕਰਕੇ ਬਾਕੀ ਸਾਲ ਕੁਝ ਵੀ ਜਮ੍ਹਾ ਨਾ ਕਰ ਸਕਦੇ ਹੋਣ ਤਾਂ ਜਦੋਂ ਬੱਚੀ ਦੀ ਉਮਰ 21 ਸਾਲ ਤੱਕ ਹੋ ਜਾਵੇਗੀ ਤਾਂ ਉਸ ਨੂੰ 6.5 ਲੱਖ ਰੁਪਏ ਦੇ ਲਗਭਗ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ।ਪੋਸਟ ਮਾਸਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤੇ ਮੁੱਖ ਡਾਕਘਰ ਬਟਾਲਾ ਤੋਂ ਇਲਾਵਾ ਪਿੰਡਾਂ ਦੇ ਡਾਕਘਰਾਂ ‘ਚ ਵੀ ਖੁਲਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਬੇਹਤਰ ਭਵਿੱਖ ਲਈ ਇਹ ਯੋਜਨਾ ਬਹੁਤ ਲਾਭਦਾਇਕ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਧੀ ਦਾ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖਾਤਾ ਜਰੂਰ ਖੁਲਵਾਉਣਾ ਚਾਹੀਦਾ ਹੈ।