ਭਾਈ ਘਨਈਆ ਸਿਹਤ ਸੇਵਾ ਸਕੀਮ ਗਰੀਬ ਤੇ ਛੋਟੇ ਕਿਸਾਨਾਂ ਲਈ ਜੀਵਨਦਾਇਕ ਸਾਬਤ ਹੋਈ – ਏ.ਡੀ.ਸੀ. ਗਰੇਵਾਲ

0
2639

ਭਾਈ ਘਨਈਆ ਸਿਹਤ ਸੇਵਾ ਸਕੀਮ ਗਰੀਬ ਤੇ ਛੋਟੇ ਕਿਸਾਨਾਂ ਲਈ ਜੀਵਨਦਾਇਕ ਸਾਬਤ ਹੋਈ – ਏ.ਡੀ.ਸੀ. ਗਰੇਵਾਲ

ਬਟਾਲਾ, 19 ਅਗਸਤ ( ਯੂਵੀ ਸਿੰਘ ਮਾਲਟੂ  )- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਭਾਈ ਘਨਈਆ ਸਿਹਤ ਸੇਵਾ ਸਕੀਮ ਔਖੇ ਵੇਲੇ ਕਿਸਾਨਾਂ ਲਈ ਵਰਦਾਨ ਤੇ ਜੀਵਨਦਾਇਕ ਸਾਬਤ ਹੋਈ ਹੈ। ਇਸ ਸਕੀਮ ਤਹਿਤ ਕਿਸਾਨਾਂ ਦਾ ਕਿਸੇ ਬਿਮਾਰੀ ਦੀ ਸੂਰਤ ‘ਚ ਮੁਫਤ ਇਲਾਜ ਕੀਤਾ ਜਾਂਦਾ ਹੈ, ਜੋ ਕਿ ਕਿਸਾਨਾਂ ਲਈ ਵੱਡੀ ਸਹੂਲਤ ਹੈ।ਭਾਈ ਘਨਈਆ ਸਿਹਤ ਸੇਵਾ ਸਕੀਮ ਨੂੰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ‘ਚ ਪੂਰੀ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਸਕੀਮ ਅਧੀਨ 220 ਕਿਸਾਨਾਂ ਦਾ 25.20 ਲੱਖ ਰੁਪਏ ਮੁਫਤ ਇਲਾਜ ਕਰਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਸਭਾਵਾਂ ਰਾਹੀਂ ਇਹ ਭਾਈ ਘਨਈਆ ਸਿਹਤ ਸੇਵਾ ਸਕੀਮ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਾਰੀਆਂ ਸਹਿਕਾਰੀ ਸਭਾਵਾਂ ਜੋ ਕਿ ਪੰਜਾਬ ਕੋਆਪ੍ਰੇਟਿਵ ਸੋਸਾਇਟੀਜ਼ ਐਕਟ 1961 ਦੇ ਤਹਿਤ ਰਜਿਸਟਰਡ ਹੋਈਆਂ ਹਨ ਦੇ ਮੈਂਬਰ ਅਤੇ ਉਨ੍ਹਾਂ ਦੇ ਕਰਮਚਾਰੀਆਂ ਇਸ ਸਿਹਤ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸਤੋਂ ਇਲਾਵਾ ਸਹਿਕਾਰਤਾ ਵਿਭਾਗ/ਰਜਿਸਟਰਾਰ/ਸਹਿਕਾਰੀ ਸਭਾਵਾਂ ਦੇ ਅਧਿਕਾਰੀ ਕਰਮਚਾਰੀਆਂ (ਸੇਵਾ ਨਵਿਰਤ) ਅਤੇ ਭਾਈ ਘਨਈਆ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਦਾ ਵੀ ਭਾਈ ਘਨਈਆ ਸਿਹਤ ਸੇਵਾ ਸਕੀਮ ਦੇ ਅਧੀਨ ਇਲਾਜ ਚੰਗੇ ਹਸਪਤਾਲਾਂ ‘ਚ ਮੁਫਤ ਕਰਾਇਆ ਜਾਂਦਾ ਹੈ।ਵਧੀਕ ਡਿਪਟੀ ਕਮਿਸ਼ਨਰ ਡਾ. ਗਰੇਵਾਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਹਿਕਾਰਤਾ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ 8040 ਮੈਂਬਰਾਂ ਅਤੇ ਉਨ੍ਹਾਂ ਦੇ ਆਸ਼ਰਤਾਂ ਨੂੰ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 220 ਲਾਭਪਾਤਰੀ ਭਾਈ ਘਨਈਆ ਸਿਹਤ ਸੇਵਾ ਸਕੀਮ ਦਾ ਲਾਭ ਲੈ ਚੁੱਕੇ ਹਨ ਅਤੇ ਇਨ੍ਹਾਂ ਮਰੀਜਾਂ ਦੇ ਇਲਾਜ ਉੱਪਰ 25.20 ਲੱਖ ਰੁਪਏ ਖਰਚਾ ਆਇਆ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ। ਸ. ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭਾਈ ਘਨਈਆ ਸਿਹਤ ਸੇਵਾ ਸਕੀਮ ਕਿਸਾਨਾਂ ਲਈ ਬਹੁਤ ਲਾਹੇਵੰਦੀ ਸਾਬਤ ਹੋਈ ਹੈ ਅਤੇ ਕਿਸੇ ਸਰੀਰਕ ਅਰੋਗਤਾ ਤੇ ਬਿਮਾਰੀ ਦੀ ਹਾਲਤ ‘ਚ ਇਹ ਯੋਜਨਾਂ ਗਰੀਬ ਤੇ ਛੋਟੇ ਕਿਸਾਨਾਂ ਲਈ ਜੀਵਨਦਾਇਕ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰਤਾ ਲਹਿਰ ਨਾਲ ਜੁੜ ਕੇ ਪੰਜਾਬ ਸਰਕਾਰ ਦੀ ਭਾਈ ਘਨਈਆ ਸਿਹਤ ਸੇਵਾ ਸਕੀਮ ਦਾ ਲਾਭ ਉਠਾਉਣ।