ਮੁਕਾਬਲੇ ਦੇ ਦੌਰ ਵਿੱਚ ਸਿੱਖਿਆ ਦੇ ਨਾਲ ਸਭਿਆਚਾਰਕ ਗਤੀਵਿਧੀਆਂ ਤੇ ਖੇਡਾਂ ਵਿੱਚ ਭਾਗ ਲੈਣਾ ਬੇਹੱਦ ਜਰੂਰੀ – ਡੀ.ਐਸ. ਬੈਂਸ

0
2139
  • ਵਿਦਿਆਰਥੀਆਂ ਨੂੰ ਆਪਣੇ ਵਿਰਸ਼ੇ ਅਤੇ ਸੱਭਿਆਚਾਰ ਦੀ ਜਾਣਕਾਰੀ ਦੇਣਾ ਸਾਡਾ ਫਰਜ਼
  • ਦਿੱਲੀ ਪਬਲਿਕ ਸਕੂਲ, ਖੰਨਾ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਖੰਨਾ, ਲੁਧਿਆਣਾ, 09 ਅਪ੍ਰੈਲ (ਸੀ ਐਨ ਆਈ ) – ਦਿੱਲੀ ਪਬਲਿਕ ਸਕੂਲ, ਖੰਨਾ ਵਿਖੇ ਵਿਸਾਖੀ ਦਾ ਮੇਲਾ ਬੜੇ ਹੀ ਉਤਸ਼ਾਹ ਭਰਪੂਰ ਢੰਗ ਨਾਲ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਤਾ ਪਿਤਾ, ਸਕੂਲ ਸਟਾਫ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਦੇ ਚੇਅਰ ਪਰਸਨ ਸ. ਧੰਨਵੀਰ ਸਿੰਘ ਬੈਂਸ ਨੇ ਇਸ ਮਨਾਏ ਗਏ ਵਿਸਾਖੀ ਮੇਲੇ ਦੌਰਾਨ ਸਕੂਲ ਦੇ ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਤਾ-ਪਿਤਾ, ਸਕੂਲ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲੀ ਪੱਧਰ ‘ਤੇ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਦਾ ਆਯੋਜਨ ਹੁੰਦਾ ਰਹਿਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਵਿੱਚ ਆਪਣੇ ਸੱਭਿਆਚਾਰ ਅਤੇ ਵਿਰਸ਼ੇ ਦੀ ਜਾਣਕਾਰੀ ਵਿੱਚ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਦੇ ਮੁਕਾਬਲੇ ਦੇ ਦੌਰ ਵਿੱਚ ਉੱਤਮ ਅਤੇ ਮਿਆਰੀ ਸਿੱਖਿਆ ਵੱਲ ਅਧਿਆਪਕ, ਮਾਪੇ ਅਤੇ ਵਿਦਿਆਰਥੀ ਤਰਜ਼ੀਹ ਦੇ ਰਹੇ ਹਨ ਅਤੇ ਇਹ ਸਮੇਂ ਦੀ ਜਰੂਰਤ ਵੀ ਹੈ ਪਰੰਤੂ ਸਾਡੇ ਬੱਚਿਆਂ ਨੂੰ ਇਤਿਹਾਸ, ਵਿਰਸ਼ੇ ਅਤੇ ਸਭਿਆਚਾਰ ਦੀ ਜਾਣਕਾਰੀ ਹੋਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਵਿਦਿਆਰਥੀ ਸੰਸਾਰ ਭਰ ਵਿੱਚ ਇੱਕ ਪਲੇਟ ਫਾਰਮ ਉੱਤੇ ਮੁਕਾਬਲੇ ਦੇ ਦੌਰ ਵਿੱਚੋਂ ਲੰਘ ਰਹੇ ਹਨ ਅਜਿਹੇ ਸਮੇਂ ਵਿੱਚ ਮਾਨਸਿਕ ਤਨਾਅ ਦੂਰ ਕਰਨ ਲਈ ਸਭਿਆਚਾਰਕ ਗਤੀਵਿਧੀਆਂ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਇਸ ਦੇ ਨਾਲ ਹੀ ਖੇਡਾਂ ਦੇ ਵਿੱਚ ਦਿਲਚਸਪੀ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਵਿਸ਼ੇਸ ਤੌਰ ‘ਤੇ ਸੱਦਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਪਣੀ ਪ੍ਰਭਾਵਸ਼ਾਲੀ ਗਤੀਵਿਧੀਆਂ ਦਰਸਾਉਣ ਦਾ ਅਵਸਰ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ, ਡਾਂਸ, ਸੋਲੋ ਡਾਂਸ, ਬੋਲੀਆਂ ਅਤੇ ਮਾਂ-ਬੱਚੇ ਦਾ ਵਧੀਆ ਡਾਂਸ ਆਦਿ ਪੇਸ਼ ਕੀਤੇ ਗਏ। ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਜਿੱਤਣ ਵਾਲੀਆਂ ਮਾਤਾਵਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਸਾਖੀ ਮੇਲੇ ਦੌਰਾਨ ਸਭ ਦਾ ਉਤਸ਼ਾਹ ਪੂਰੇ ਜੋਬਨ ਉੱਤੇ ਸੀ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸਭਿਆਚਾਰਕ ਪ੍ਰੋਗਰਾਮ ਦੀ ਭਰਪੂਰ ਸਲ਼ਾਘਾ ਕੀਤੀ।
ਸਕੂਲ ਦੇ ਪ੍ਰਿਸੀਪਲ ਐਸ. ਮੁਖ਼ਰਜੀ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਹਾਜ਼ਰ ਪਤਵੰਤੇ ਸੱਜਣਾ, ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਪਿਆਂ ਦਾ ਇਸ ਮੇਲੇ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।