ਮੋਗਾ ਪੰਜਾਬ ਦੇ ਬਹੁਚਰਚਿਤ ਓਰਬਿਟ ਬੱਸ ਕਾਂਡ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਇਸ ਕੇਸ ਨਾਲ ਸੰਬੰਧਤ ਗਵਾਹਾਂ ਨੇ ਅਦਾਲਤ ‘ਚ ਘਟਨਾ ਸੰਬੰਧੀ ਕਿਸੇ ਕਿਸਮ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ

0
1470

ਮੋਗਾ12 ਦਿਸ੍ਬਰ (ਗੁਰਦੇਵ ਭਾਮ ))- ਪੰਜਾਬ ਦੇ ਬਹੁਚਰਚਿਤ ਓਰਬਿਟ ਬੱਸ ਕਾਂਡ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਇਸ ਕੇਸ ਨਾਲ ਸੰਬੰਧਤ ਗਵਾਹਾਂ ਨੇ ਅਦਾਲਤ ‘ਚ ਘਟਨਾ ਸੰਬੰਧੀ ਕਿਸੇ ਕਿਸਮ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। 30 ਅਪ੍ਰੈਲ 2015 ਨੂੰ ਮੋਗਾ-ਕੋਟਕਪੂਰਾ ਸੜਕ ‘ਤੇ ਬਾਘਾਪੁਰਾਣਾ ਨਜ਼ਦੀਕ ਓਰਬਿਟ ਕੰਪਨੀ ਦੀ ਬੱਸ ‘ਚੋਂ ਡਿੱਗਣ ਨਾਲ ਇਕ ਦਲਿਤ ਲੜਕੀ ਦੀ ਮੌਤ ਅਤੇ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ ਸੀ, ਜਿਸ ਕਾਰਨ ਇਹ ਮਾਮਲਾ ਮੀਡੀਆ ‘ਚ ਆਉਣ ਤੋਂ ਬਾਅਦ ਸਰਕਾਰ ਵਿਰੁੱਧ ਇਕ ਵੱਡਾ ਮੁੱਦਾ ਬਣ ਕੇ ਉੱਭਰਿਆ ਸੀ। ਇਸ ਮਾਮਲੇ ‘ਚ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ (ਮੋਗਾ) ਗੁਰਜੰਟ ਸਿੰਘ ਦੀ ਅਦਾਲਤ ‘ਚ ਬੱਸ ‘ਚ ਸਫਰ ਕਰਨ ਵਾਲੇ ਜੋੜੇ ਨੇ ਆਪਣੇ ਬਿਆਨ ‘ਚ ਕਿਹਾ ਕਿ ਉਹ ਘਟਨਾ ਵਾਲੇ ਦਿਨ ਉਕਤ ਬੱਸ ‘ਚ ਸਫਰ ਜ਼ਰੂਰ ਕਰ ਰਹੇ ਸਨ ਪਰ ਉਨ੍ਹਾਂ ਨੂੰ ਪੂਰੀ ਘਟਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਨੇ ਪਹਿਲਾਂ ਦੀ ਤਰਾਂ ਅਦਾਲਤ ‘ਚ ਇਹ ਬਿਆਨ ਦਿੱਤਾ ਕਿ ਬੱਸ ‘ਚ ਹੋਈ ਘਟਨਾ ਦੀ ਜਾਣਕਾਰੀ ਉਸ ਨੂੰ ਆਪਣੀ ਪਤਨੀ ਤੋਂ ਮਿਲੀ ਸੀ। ਓਰਬਿਟ ਕੰਪਨੀ ਦੀ ਉਕਤ ਬੱਸ ਵੀ ਅਦਾਲਤ ‘ਚ ਪੇਸ਼ ਕੀਤੀ ਗਈ। ਇਸ ਮਾਮਲੇ ‘ਚ ਪੁਲਸ ਵਲੋਂ ਥਾਣਾ ਬਾਘਾਪੁਰਾਣਾ ‘ਚ ਸੁਖਵਿੰਦਰ ਸਿੰਘ ਉਰਫ ਪੰਮਾ ਨਿਵਾਸੀ ਅਬੋਹਰ, ਗੁਰਦੀਪ ਸਿੰਘ ਜਿੰਮੀ ਨਿਵਾਸੀ ਮੋਗਾ, ਰਣਜੀਤ ਸਿੰਘ ਨਿਵਾਸੀ ਚੱਕ ਰਾਮ ਸਿੰਘ ਤੇ ਅਮਰ ਰਾਮ ਵਾਸੀ ਚੱਕ ਭਗਤੂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ।