ਲੋਧੀਨੰਗਲ ਨੇ ਵਿਧਾਇਕ ਸੇਖੜੀ ਨੂੰ ਲਗਾਏ ਸ਼ਬਦੀ ਰਗੜੇ
ਵਿਧਾਇਕ ਸੇਖੜੀ ਕੇਵਲ ਚਿੱਠੀਆਂ ਲਿਖ ਕੇ ਆਪਣੀ ਜਿੰਮੇਵਾਰੀ ਤੋਂ ਨਾ ਭੱਜਣ – ਲੋਧੀਨੰਗਲ
ਬਟਾਲਾ, 13 ਅਗਸਤ (ਯੂਵੀ ਸਿੰਘ ਮਾਲਟੂ )-
ਬਟਾਲਾ ਸ਼ਹਿਰ ਦੀ ਬਦਤਰ ਹਾਲਤ ਲਈ ਕਾਂਗਰਸੀ ਤੇ ਭਾਜਪਾਈ ਸਾਂਝੇ ਤੌਰ ‘ਤੇ ਜਿੰਮੇਵਾਰ ਹਨ ਅਤੇ ਕਾਂਗਰਸੀ ਵਿਧਾਇਕ ਗੁੰਮਰਾਹਕਰਨ ਬਿਆਨਬਾਜ਼ੀ ਕਰਕੇ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਇਹ ਗੱਲ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਵਿਧਾਇਕ ਸੇਖੜੀ ਦੇ ਬਟਾਲਾ ‘ਚ ਮਾੜੇ ਸੀਵਰੇਜ ਪ੍ਰਬੰਧਾਂ ਨੂੰ ਲੈ ਕੇ ਕੀਤੀ ਅਲੋਚਨਾ ਦਾ ਜੁਆਬ ਦਿੰਦਿਆਂ ਕਹੀ ਹੈ। ਸ. ਲੋਧੀਨੰਗਲ ਨੇ ਕਿਹਾ ਕਿ ਬਟਾਲਾ ਸ਼ਹਿਰ ਦੀ ਐਮ.ਐਲ.ਏ. ਸੀਟ ਅਤੇ ਨਗਰ ਕੌਂਸਲ ‘ਤੇ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦਾ ਕਬਜਾ ਰਿਹਾ ਹੈ ਅਤੇ ਦਹਾਕਿਆਂ ਬਾਅਦ ਵੀ ਜੇਕਰ ਬਟਾਲਾ ਵਾਸੀ ਸੀਵਰੇਜ ਦੀ ਨਿਕਾਸੀ ਵਰਗੇ ਬੁਨਿਆਦੀ ਹੱਕਾਂ ਤੋਂ ਵਾਂਝੇ ਹਨ ਤਾਂ ਇਸ ਲਈ ਸਿਰਫ ਕਾਂਗਰਸ ਤੇ ਭਾਜਪਾ ਦੇ ਆਗੂ ਹੀ ਜਿੰਮੇਵਾਰ ਹਨ।
ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਬਟਾਲਾ ਦੀ ਵਿਧਾਨਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਪ੍ਰਤੀਨਿਧਤਾ ਕਰ ਰਹੇ ਹਨ ਅਤੇ ਬਟਾਲਾ ਨਗਰ ਕੌਂਸਲ ‘ਤੇ ਭਾਜਪਾ ਤੇ ਕਾਂਗਰਸ ਗਠਜੋੜ ਦਾ ਕਬਜਾ ਹੈ, ਇਸ ਲਈ ਕਾਂਗਰਸ ਤੇ ਭਾਜਪਾ ਸਿਰਫ ਏਧਰ-ਓਧਰ ਦੀਆਂ ਗੱਲਾਂ ਕਰਕੇ ਸ਼ਹਿਰ ਦੇ ਵਿਕਾਸ ਤੋਂ ਟਾਲਾ ਨਹੀਂ ਵੱਟ ਸਕਦੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਇਸ ਗੱਲ ਦੇ ਚਰਚੇ ਆਮ ਸੁਣਾਈ ਦੇ ਰਹੇ ਹਨ ਕਿ ਨਗਰ ਕੌਂਸਲ ‘ਤੇ ਕਾਬਜ ਭਾਜਪਾ ਤੇ ਕਾਂਗਰਸ ਵਿੱਚ 60-40 ਅਨੁਪਾਤ ਦਾ ਸਮਝੌਤਾ ਹੋਇਆ ਹੈ ਅਤੇ ਇਹ ਦੋਵੇਂ ਪਾਰਟੀਆਂ ਬਟਾਲਾ ਸ਼ਹਿਰ ਦੇ ਵਿਕਾਸ ਲਈ ਆਈਆਂ ਗ੍ਰਾਂਟਾ ਨੂੰ ਰਲ ਕੇ ਆਪਣੀਆਂ ਜੇਬਾਂ ‘ਚ ਪਾ ਰਹੀਆਂ ਹਨ। ਸ. ਲੋਧੀਨੰਗਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਰੱਖਣਾ ਸਿੱਧੇ ਤੌਰ ‘ਤੇ ਨਗਰ ਕੌਂਸਲ ਦੇ ਅਧੀਨ ਆਉਂਦਾ ਹੈ ਅਤੇ ਇਸ ਕੰਮ ਲਈ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਬਟਾਲਾ ਨਿਵਾਸੀ ਭਾਜਪਾ ਤੇ ਕਾਂਗਰਸ ਦੇ ਨਾ-ਪਾਕ ਗੱਠਜੋੜ ਦਾ ਖਾਮਿਆਜਾ ਭੁਗਤ ਰਹੇ ਹਨ ਜੋ ਕਿ ਖਤਮ ਹੋਣਾ ਚਾਹੀਦਾ ਹੈ।
ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਜੇਕਰ ਸ਼ਹਿਰ ਦਾ ਸੀਵਰੇਜ ਜਾਮ ਹੈ ਤਾਂ ਵਿਧਾਇਕ ਨੂੰ ਚਿੱਠੀਆਂ ਲਿਖਣ ਦੀ ਬਜਾਏ ਆਪਣੀ ਨਗਰ ਕੌਂਸਲ ਨਾਲ ਮਿਲਕੇ ਸੀਵਰੇਜ ਬੋਰਡ ਤੋਂ ਇਸਦਾ ਹੱਲ ਕਢਾਉਣਾ ਚਾਹੀਦਾ ਹੈ ਨਾ ਕਿ ਹਵਾਈ ਗੱਲਾਂ ਕਰਕੇ ਸ਼ਹਿਰੀਆਂ ਨੂੰ ਹੋਰ ਪਰੇਸ਼ਾਨ ਕੀਤਾ ਜਾਵੇ। ਸ. ਲੋਧੀਨੰਗਲ ਨੇ ਕਿਹਾ ਕਿ ਦੇਸ਼ ਅਜ਼ਾਦ ਹੋਏ ਨੂੰ 7 ਦਹਾਕੇ ਹੋ ਗਏ ਹਨ ਅਤੇ ਕਾਂਗਰਸੀ ਤੇ ਭਾਜਪਾਈ ਅੱਜ ਤੱਕ ਬਟਾਲਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਦੇ ਸਕੇ ਇਸ ਲਈ ਬਟਾਲਾ ਦੀ ਮੰਦਹਾਲੀ ਲਈ ਦੋਵੇਂ ਪਾਰਟੀਆਂ ਹੀ ਜਿੰਮੇਵਾਰ ਹਨ।