ਲੜਕੀਆਂ/ਔਰਤਾਂ ਲਈ ਟੈਕਸਟਾਈਲ ਇੰਡਸਟਰੀ ਨਾਲ ਸੰਬੰਧਤ ਰੋਜ਼ਗਾਰ ਮੇਲਾ 3 ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰਨਗੇ ਉਦਘਾਟਨ,

0
1523

ਲੁਧਿਆਣਾ, 2 ਨਵੰਬਰ (ਸੀ ਐਨ ਆਈ )-ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਮਿਤੀ 3 ਨਵੰਬਰ, 2017 ਨੂੰ 10:00 ਵਜੇ ਸਵੇਰੇ ਜਿਲਾ ਉਦਯੋਗ ਕੇਂਦਰ ਦਫ਼ਤਰ, ਮਿਲਰਗੰਜ ਰੋਡ, ਨਿਰੰਕਾਰੀ ਮੁਹੱਲਾ, ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਸਿਰਫ ਲੜਕੀਆਂ/ਔਰਤਾਂ ( ਜਿਲਾ ਦੀ ਉਮਰ 18 ਸਾਲ ਤੋਂ ਉੱਪਰ ਹੋਵੇ) ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਕਰਨਗੇ। ਇਸ ਮੇਲੇ ਵਿੱਚ 3400 ਤੋਂ ਵਧੇਰੇ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕਰਨ ਲਈ ਸ਼ਹਿਰ ਅਤੇ ਸੂਬੇ ਨਾਲ ਸੰਬੰਧਤ 40 ਤੋਂ ਵਧੇਰੇ ਕੰਪਨੀਆਂ ਪੁੱਜਣਗੀਆਂ।
ਇਸ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵਿਸ਼ੇਸ਼ ਤੌਰ ‘ਤੇ ਪੁੱਜੇ। ਉਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਮੰਤਰੀ ਸ੍ਰ. ਬਾਦਲ ਦੇ ਨਾਲ ਸਥਾਨਕ ਸਾਰੇ ਵਿਧਾਇਕ ਅਤੇ ਹੋਰ ਚੁਣੇ ਹੋਏ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਪੁੱਜਣਗੇ। ਇਸ ਮੇਲੇ ‘ਚ ਟੈਕਸਟਾਈਲ ਇੰਡਸਟਰੀ ਵਿੱਚ ਸਿਲਾਈ ਮਸ਼ੀਨ ਆਪਰੇਟਰ, ਚੈਕਿੰਗ-ਪੈਕਿੰਗ, ਸਪਿਨਿੰਗ ਆਦਿ ਲਈ 8ਵੀਂ, 10ਵੀ ਤੇ 12ਵੀਂ ਪਾਸ ਜਾਂ ਕਟਿੰਗ ਟੇਲਰਿੰਗ ਵਾਲੀਆਂ ਲੜਕੀਆਂ ਲਈ ਤਕਰੀਬਨ 3400 ਤੋਂ ਵਧੇਰੇ ਨੌਕਰੀਆਂ ਉਪਲੱਬਧ ਹੋਣਗੀਆਂ। ਭਰਤੀ ਹੋਣ ਵਾਲੀਆਂ ਲੜਕੀਆਂ/ਔਰਤਾਂ ਨੂੰ ਉਨਾ ਦੀ ਯੋਗਤਾ ਮੁਤਾਬਿਕ ਤਨਖ਼ਾਹ ਮਿਲੇਗੀ, ਜੇਕਰ ਯੋਗਤਾ ਘੱਟ ਵੀ ਹੋਵੇਗੀ ਤਾਂ ਵੀ ਘੱਟੋ-ਘੱਟ ਡੀ. ਸੀ. ਰੇਟ ਜ਼ਰੂਰ ਮਿਲੇਗਾ। ਉਨਾ ਯੋਗ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਭਰਪੂਰ ਲਾਭ ਲੈਣ।
ਇਸ ਮੌਕੇ ਹਾਜ਼ਰ ਸ੍ਰ. ਅਮਰਜੀਤ ਸਿੰਘ ਬੈਂਸ ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ), ਸ੍ਰ. ਅਮਰਜੀਤ ਸਿੰਘ ਜਨਰਲ ਮੈਨੇਜਰ ਜਿਲਾ ਉਦਯੋਗਿਕ ਕੇਂਦਰ ਅਤੇ ਰੋਜ਼ਗਾਰ ਜਨਰੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਉਮੀਦਵਾਰਾਂ ਲਈ ਐਂਟਰੀ ਜਿਲਾ ਉਦਯੋਗ ਕੇਂਦਰ ਦੇ ਪੰਜਾਬ ਟਰੇਡ ਸੈਂਟਰ ਇਮਾਰਤ ਵਾਲੀ ਸਾਈਡ (ਮੰਜੂ ਸਿਨੇਮਾ ਦੇ ਸਾਹਮਣੇ) ਤੋਂ ਹੋਵੇਗੀ। ਉਨਾ ਦੱਸਿਆ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੇ ਪਹੁੰਚਣ ਦੀ ਸੰਭਾਵਨਾ ਦੇ ਚੱਲਦਿਆਂ ਹਰ ਤਰਾਂ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।