ਵੱਖ-ਵੱਖ ਹੱਤਿਆਵਾਂ ਦਾ ਪੰਜਵਾਂ ਪ੍ਰਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ,ਯੂ. ਕੇ. ਇਟਲੀ ਅਤੇ ਕੈਨੇਡਾ ਵਿੱਚ ਬੈਠੇ ਸੰਚਾਲਕਾਂ ਬਾਰੇ ਅਹਿਮ ਜਾਣਕਾਰੀ ਮਿਲੀ, ਪੰਜਾਬ ਪੁਲਿਸ ਮੁੱਖੀ ਵੱਲੋਂ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ

0
1543

ਲੁਧਿਆਣਾ, 10 ਨਵੰਬਰ (ਸੀ ਐਨ ਆਈ )-ਪੰਜਾਬ ਪੁਲਿਸ ਨੇ ਲੰਘੇ ਸਮੇਂ ਦੌਰਾਨ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤੀਆਂ ਗਈਆਂ ਹੱਤਿਆਵਾਂ ਦੇ ਪ੍ਰਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਨਾ ਹੱਤਿਆਵਾਂ ਵਿੱਚ ਬ੍ਰਿਗੇਡੀਅਰ ਗਗਨੇਜਾ ਕਤਲ ਅਤੇ ਹੋਰ ਮਾਮਲੇ ਸ਼ਾਮਿਲ ਹਨ। ਆਰ. ਐੱਸ. ਐੱਸ., ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਨੇਤਾਵਾਂ ਦੀਆਂ ਹੱਤਿਆਵਾਂ ਨਾਲ ਸੰਬੰਧਤ ਇਨਾ ਸੱਤ ਮਾਮਲਿਆਂ ਵਿੱਚੋਂ 6 ਮਾਮਲਿਆਂ ਵਿੱਚ ਹੁਣ ਤੱਕ 5 ਕਥਿਤ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਪੰਜਾਬ ਪੁਲਿਸ ਨੇ ਇਨਾ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਵੱਲੋਂ ਘੜੀ ਗਈ ਸਾਜਿਸ਼ ਤਹਿਤ ਹੱਤਿਆਰਿਆਂ ਦਾ ਸੰਚਾਲਨ ਕਰਨ ਵਾਲੇ ਯੂ. ਕੇ., ਇਟਲੀ ਅਤੇ ਕੈਨੇਡਾ ਨਾਲ ਸੰਬੰਧਤ ਵਿਅਕਤੀਆਂ ਬਾਰੇ ਵੀ ਅਹਿਮ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਪੰਜਾਬ ਪੁਲਿਸ ਦੇ ਮੁੱਖੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨਾ ਹੱਤਿਆਵਾਂ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ਼.) ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜਾਂਚ ਹਾਲੇ ਮੁੱਢਲੇ ਗੇੜ ਵਿੱਚ ਹੀ ਹੋਣ ਕਰਕੇ ਹਾਲੇ ਜਿਆਦਾ ਵੇਰਵੇ ਸਾਂਝੇ ਕੀਤੇ ਜਾਣੇ ਸੰਭਵ ਨਹੀਂ ਹਨ। ਉਨਾ ਕਿਹਾ ਕਿ ਇਨਾ ਸਾਜਿਸ਼ਾਂ ਲਈ ਵਿਦੇਸ਼ਾਂ ਤੋਂ ਫੰਡਿੰਗ ਬਾਰੇ ਪਤਾ ਲੱਗਿਆ ਹੈ ਪਰ ਇਸ ਸੰਬੰਧੀ ਹੋਰ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।
ਡੀ. ਜੀ. ਪੀ. (ਇੰਟੈਲੀਜੈਂਸ) ਸ੍ਰੀ ਦਿਨਕਰ ਗੁਪਤਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਇਨਾ ਹੱਤਿਆਵਾਂ ਲਈ ਜਿੰਮੇਵਾਰ ਪੰਜਵਾਂ ਦੋਸ਼ੀ ਹਰਦੀਪ ਸਿੰਘ ਉਰਫ਼ ਸ਼ੇਰਾ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਾਜਰੀ ਕੀਹਨੇਵਾਲੀ ਡਾਕਖਾਨਾ ਅਮਲੋਹ ( ਜਿਲਾ ਫਤਹਿਗੜ• ਸਾਹਿਬ) ਰਮਨਦੀਪ ਸਿੰਘ ਉਰਫ਼ ਕੈਨੇਡੀਅਨ ਉਰਫ਼ ਬਿੱਲਾ ਉਰਫ਼ ਚੂਟੀ ਭੈਣ ਪੁੱਤਰ ਗੁਰਦੇਵ ਸਿੰਘ ਵਾਸੀ ਚੂਹੜਵਾਲ, ਪੁਲਿਸ ਸਟੇਸ਼ਨ ਮੇਹਰਬਾਨ (ਲੁਧਿਆਣਾ) ਨਾਲ ਰਲ• ਕੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਹੱਤਿਆਵਾਂ ਨੂੰ ਅੰਜ਼ਾਮ ਦਿੰਦਾ ਸੀ।
ਦੱਸਣਯੋਗ ਹੈ ਕਿ ਰਮਨਦੀਪ ਨੂੰ ਲੰਘੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਹਰਦੀਪ ਸਿੰਘ ਨੂੰ ਅੱਜ ਫਤਹਿਗੜ• ਸਾਹਿਬ ਸਥਿਤ ਬਾਜਵਾ ਜਿੰਮ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਉਥੇ ਸਵੇਰੇ 7.30 ਵਜੇ ਵਰਜਿਸ਼ ਕਰਨ ਗਿਆ ਸੀ। ਸ੍ਰੀ ਅਰੋੜਾ ਨੇ ਕਿਹਾ ਕਿ ਹਰਦੀਪ ਸਿੰਘ ਹਰੇਕ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿਦੇਸ਼ ਨੂੰ ਚਲਾ ਜਾਂਦਾ ਸੀ, ਜਿਸ ਕਾਰਨ ਉਸਨੂੰ ਇਨਾ ਸਾਰੇ ਮਾਮਲਿਆਂ ਨਾਲ ਜੋੜਨ ਵਿੱਚ ਦਿੱਕਤ ਪੇਸ਼ ਆ ਰਹੀ ਸੀ। ਉਨਾ ਦੱਸਿਆ ਕਿ ਹਰਦੀਪ 6 ਅਗਸਤ, 2016 ਨੂੰ ਆਰ. ਐੱਸ. ਐੱਸ. ਨੇਤਾ ਗਗਨੇਜਾ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ 12 ਅਗਸਤ, 2016 ਨੂੰ ਇਟਲੀ ਨੂੰ ਚਲਾ ਗਿਆ ਸੀ। ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪਿਆ ਗਿਆ ਸੀ ਪਰ ਇਸ ਮਾਮਲੇ ਵਿੱਚ ਕੋਈ ਵੀ ਸੂਹ ਨਾ ਮਿਲਣ ਦੇ ਚੱਲਦਿਆਂ ਕੇਂਦਰੀ ਜਾਂਚ ਬਿਊਰੋ ਨੂੰ ਵੀ ਕੋਈ ਸਫ਼ਲਤਾ ਹਾਸਿਲ ਨਾ ਹੋਈ ਸੀ।
ਸ੍ਰੀ ਅਰੋੜਾ ਨੇ ਦੱਸਿਆ ਕਿ ਇਨਾ ਮਾਮਲਿਆਂ ਵਿੱਚ ਪਹਿਲਾਂ ਵੀ ਤਿੰਨ ਦੋਸ਼ੀਆਂ ਵਿੱਚੋਂ ਜੰਮੂ ਵਾਸੀ ਜਿੰਮੀ ਸਿੰਘ, ਜੋ ਕਿ ਕਈ ਸਾਲ ਯੂ. ਕੇ. ਬਿਤਾਉਣ ਉਪਰੰਤ ਭਾਰਤ ਪਰਤਿਆ ਸੀ, ਨੂੰ 1 ਨਵੰਬਰ, 2017 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਜਗਤਾਰ ਸਿੰਘ ਜੌਹਲ ਉਰਫ਼ ਜੱਗੀ (ਜੋ ਕਿ ਯੂ. ਕੇ. ਦਾ ਨਾਗਰਿਕ ਹੈ ਅਤੇ ਉਸਨੇ ਪਿਛਲੇ ਮਹੀਨੇ ਹੀ ਵਿਆਹ ਕੀਤਾ ਸੀ) ਅਤੇ ਧਰਮਿੰਦਰ ਉਰਫ਼ ਗੁਗਨੀ (ਮੇਹਰਬਾਨ ਲੁਧਿਆਣਾ ਦਾ ਗੈਂਗਸਟਰ ਜੋ ਕਿ ਹੱਤਿਆਰਿਆਂ ਨੂੰ ਹਥਿਆਰ ਸਪਲਾਈ ਕਰਦਾ ਸੀ) ਨੂੰ ਗ੍ਰਿਫ਼ਤਾਰ ਕੀਤਾ ਸੀ।
ਉਨ•ਾਂ ਕਿਹਾ ਕਿ ਇਨਾ ਗ੍ਰਿਫ਼ਤਾਰੀਆਂ ਨਾਲ ਸੱਤ ਨੇਤਾਵਾਂ ਦੇ ਕਤਲਾਂ ਤੋਂ ਇਲਾਵਾ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ਅਤੇ ਲੁਧਿਆਣਾ ਦੇ ਹਿੰਦੂ ਨੇਤਾ ਅਮਿਤ ਅਰੋੜਾ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਵੀ ਸੁਲਝਾ ਲਿਆ ਹੈ। ਇਨਾ ਕਿਹਾ ਕਿ ਅਪ੍ਰੈੱਲ 2016 ਤੋਂ ਫਰਵਰੀ 2017 ਤੱਕ ਪੰਜ ਘਟਨਾਵਾਂ ਵਾਪਰੀਆਂ, ਜਦਕਿ ਦੋ ਘਟਨਾਵਾਂ ਨੂੰ ਜੁਲਾਈ ਅਤੇ ਅਕਤੂਬਰ 2017 ਵਿੱਚ ਅੰਜ਼ਾਮ ਦਿੱਤਾ ਗਿਆ।
ਇਨਾ ਕਿਹਾ ਕਿ ਘੱਟ ਗਿਣਤੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ ਵਿੱਚ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਵਿਗਾੜਨ ਦੀ ਸਾਜ਼ਿਸ਼ ਪਿੱਛੇ ਪਾਕਿਸਤਾਨ, ਯੂ. ਕੇ., ਇਟਲੀ, ਕੈਨੇਡਾ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਅੱਤਵਾਦੀਆਂ ਦਾ ਹੱਥ ਸੀ। ਪੁਲਿਸ ਮੁੱਖੀ ਨੇ ਕਿਹਾ ਕਿ ਪੁਲਿਸ ਕੋਲ ਇਨਾ ਵਿਅਕਤੀਆਂ ਬਾਰੇ ਪੁਖ਼ਤਾ ਜਾਣਕਾਰੀ ਹੈ, ਜੋ ਕਿ ਹਾਲੇ ਸਾਂਝੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।
ਉਨ•ਾਂ ਕਿਹਾ ਕਿ ਇਨਾ ਹੱਤਿਆਵਾਂ ਦੌਰਾਨ ਵਰਤੇ ਗਏ ਤਿੰਨ ਮੋਟਰਸਾਈਕਲ ਅਤੇ ਪੰਜ ਹਥਿਆਰ ਬਰਾਮਦ ਕਰ ਲਏ ਗਏ ਹਨ। ਹਥਿਆਰਾਂ ਵਿੱਚ 9 ਐੱਮ. ਐੱਮ. ਪਿਸਤੌਲ, 32 ਬੋਰ ਪਿਸਤੌਲ, 30 ਬੋਰ ਪਿਸਤੌਲ, 315 ਬੋਰ ਪਿਸਟਲ (ਸਿੰਗਲ ਸ਼ਾਟ ਕੰਟਰੀ ਮੇਡ), ਏਅਰ ਪਿਸਟਲ (ਸਵਿੱਸ ਮੇਡ) ਅਤੇ 60 ਕਾਰਤੂਸ ਸ਼ਾਮਿਲ ਹਨ। ਏਅਰ ਪਿਸਟਲ ਨੂੰ ਦੋਸ਼ੀਆਂ ਵੱਲੋਂ ਟਰੇਨਿੰਗ ਲਈ ਵਰਤਿਆ ਜਾਂਦਾ ਸੀ।
ਇਨਾ ਕਿਹਾ ਕਿ ਗਗਨੇਜਾ ਦੀ ਮੌਤ ਲਈ ਵਰਤਿਆ ਗਿਆ ਮੋਟਰਸਾਈਕਲ ਘਟਨਾ ਉਪਰੰਤ ਹਤਿਆਰਿਆਂ ਵੱਲੋਂ ਸਰਹਿੰਦ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਜੋ ਕਿ ਅੱਜ ਹਰਦੀਪ ਦੀ ਗ੍ਰਿਫ਼ਤਾਰ ਉਪਰੰਤ ਉਸਦੀ ਸ਼ਨਾਖ਼ਤ ‘ਤੇ ਬਰਾਮਦ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਇਹ ਅੰਤਰਰਾਸ਼ਟਰੀ ਸਾਜਿਸ਼ ਵਿਦੇਸ਼ੀ ਧਰਤੀ ‘ਤੇ ਘੜੀ ਗਈ ਸੀ।
ਉਨਾ ਕਿਹਾ ਕਿ ਇਹ ਸਾਜਿਸ਼ ਪੇਸ਼ੇਵਰ ਵਿਅਕਤੀਆਂ ਵੱਲੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਰਚੀ ਗਈ ਸੀ, ਜਿਸ ਤਹਿਤ ਅਪਰਾਧੀ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਕੋਈ ਵੀ ਨਿਸ਼ਾਨ ਪਿੱਛੇ ਨਹੀਂ ਛੱਡਦੇ ਸਨ, ਜਿਸ ਕਾਰਨ ਕੇਂਦਰੀ ਜਾਂਚ ਏਜੰਸੀਆਂ ਨੂੰ ਵੀ ਇਨਾ ਘਟਨਾਵਾਂ ਨੂੰ ਸੁਲਝਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ। ਦੂਜੇ ਪਾਸੇ ਘੱਟ ਗਿਣਤੀ ਫਿਰਕਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਸੀ।
ਉਨਾ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਹੀ ਆਰ. ਐੱਸ. ਐੱਸ. ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਉਹ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਬਕਾਇਦਾ ਆਪਣੇ ਨਿਸ਼ਾਨੇ ਦੀ ਰੇਕੀ ਕਰਦੇ ਸਨ। ਬ੍ਰਿਗੇਡੀਅਰ ਗਗਨੇਜਾ ਮਾਮਲੇ ਵਿੱਚ ਦੋਸ਼ੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਤਿੰਨ ਵਾਰ ਜਲੰਧਰ ਗਏ ਅਤੇ ਚੌਥੇ ਦਿਨ ਘਟਨਾ ਨੂੰ ਅੰਜ਼ਾਮ ਦਿੱਤਾ। ਉਹ ਘਟਨਾ ਨੂੰ ਅੰਜ਼ਾਮ ਦੇਣ ਵੇਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਚਣ ਲਈ ਮੂੰਹ ਢਕ ਲੈਂਦੇ ਸਨ ਅਤੇ ਹਰੇਕ ਘਟਨਾ ਤੋਂ ਬਾਅਦ ਆਪਣੇ ਕੱਪੜੇ ਨਸ਼ਟ ਕਰ ਦਿੰਦੇ ਸਨ।
ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਯੂ. ਕੇ., ਕੈਨੇਡਾ ਅਤੇ ਇਟਲੀ ਵਿੱਚ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਇਸ ਪੂਰੇ ਨੈੱਟਵਰਕ ਨੂੰ ਕੰਟਰੋਲ ਕਰ ਰਹੇ ਇਨਾ ਆਕਾਵਾਂ ਤੱਕ ਪੁੱਜਣ ਵਾਲੀ ਹੈ। ਇਹ ਲੋਕ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀਆਂ ਨਾਲ ਸੰਪਰਕ ਕਰਕੇ ਉਨਾ ਨੂੰ ਇਸ ਪਾਸੇ ਤੋਰਦੇ ਹਨ। ਉਨਾ ਕਿਹਾ ਕਿ ਹਰਦੀਪ ਅਤੇ ਰਮਨਦੀਪ ਦੋਵੇਂ ਹੀ ਫੇਸਬੁੱਕ ਰਾਹੀਂ ਇਨਾ ਦੇ ਸੰਪਰਕ ਵਿੱਚ ਆਏ ਸਨ।
ਉਨਾ ਕਿਹਾ ਕਿ ਭਾਵੇਂਕਿ ਹਰਦੀਪ ਅਤੇ ਰਮਨਦੀਪ ਇੱਕ ਦੂਜੇ ਬਾਰੇ ਬਹੁਤਾ ਕੁਝ ਨਹੀਂ ਜਾਣਦੇ ਸਨ ਪਰ ਫਿਰ ਵੀ ਉਹਨਾਂ ਕਾਫੀ ਤਾਲਮੇਲ ਨਾਲ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਉਨਾ ਨੂੰ ਮੋਬਾਈਲ ਐਪਲੀਕੇਸ਼ਨ ਸਿਗਨਲ ਨਾਲ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਸਨ ਅਤੇ ਸੌਖ਼ੇ ਨਿਸ਼ਾਨਿਆਂ ਦੀ ਭਾਲ ਕਰਨ ਲਈ ਕਿਹਾ ਜਾਂਦਾ ਸੀ। ਬ੍ਰਿਗੇਡੀਅਰ ਗਗਨੇਜਾ ਅਤੇ ਪਾਸਟਰ ਨੂੰ ਨਿਸ਼ਾਨਾ ਬਣਾਉਣ ਬਾਰੇ ਇਨਾ ਨੂੰ ਇਨਾ ਦੇ ਆਕਾਵਾਂ ਵੱਲੋਂ ਨਿਰਦੇਸ਼ ਦਿੱਤੇ ਗਏ ਸਨ, ਜਦਕਿ ਬਾਕੀ ਨਿਸ਼ਾਨੇ ਇਨਾ ਵੱਲੋਂ ਖੁਦ ਹੀ ਨਿਰਧਾਰਤ ਕੀਤੇ ਗਏ ਸਨ।
ਇਸ ਮੌਕੇ ਸ੍ਰੀ ਅਰੋੜਾ ਨੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੂਰੀ ਟੀਮ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ।