ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਦੀ ਮੈੱਸ ਤੋਂ 3 ਬਾਲ ਮਜ਼ਦੂਰ ਛੁਡਾਏ, ਜਿਲਾ ਪ੍ਰਸਾਸ਼ਨ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਬਾਲ ਮਜ਼ਦੂਰੀ -ਡਾ. ਪੂਨਮ ਪ੍ਰੀਤ ਕੌਰ

0
1475

ਲੁਧਿਆਣਾ, 31 ਅਕਤੂਬਰ (ਸੀ ਐਨ ਆਈ ) ਸਰਾਭਾ (ਲੁਧਿਆਣਾ), 31 ਅਕਤੂਬਰ (000)-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ ‘ਤੇ ਜਿਲਾ ਪੱਧਰੀ ਟਾਸਕ ਫੋਰਸ ਕਮੇਟੀ ਵੱਲੋਂ ਅੱਜ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਪਿੰਡ ਸਰਾਭਾ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਦੀ ਮੈੱਸ ਤੋਂ 3 ਬਾਲ ਮਜ਼ਦੂਰ ਛੁਡਵਾਏ ਗਏ ਹਨ। ਇਹ ਕਾਰਵਾਈ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮ ਪ੍ਰੀਤ ਕੌਰ ਦੀ ਅਗਵਾਈ ਵਿੱਚ ਕੀਤੀ ਗਈ।
ਇਸ ਰੇਡ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਕਮੇਟੀ ਨੂੰ ਇਹ ਇਤਲਾਹ ਮਿਲੀ ਸੀ ਕਿ ਪਿੰਡ ਸਰਾਭਾ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਦੀ ਮੈੱਸ ਵਿੱਚ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਹੈ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਟਾਸਕ ਫੋਰਸ ਕਮੇਟੀ ਨੇ ਇਸ ਕਾਲਜ ਦੇ ਹੋਸਟਲ ਵਿੱਚ ਛਾਪੇਮਾਰੀ ਕੀਤੀ ਅਤੇ 3 ਬਾਲ ਮਜ਼ਦੂਰ ਜੋ ਕਿ ਖਾਣਾ ਤਿਆਰ ਕਰ ਰਹੇ ਸਨ, ਛੁਡਾਏ। ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਿਕ ਇਨਾ ਬਾਲ ਮਜ਼ਦੂਰਾਂ ਨੂੰ ਹਸਪਤਾਲ ਘੱਟ ਮਿਹਨਤਾਨੇ ‘ਤੇ ਕੰਮ ਕਰਵਾਇਆ ਜਾਂਦਾ ਸੀ। ਇਸ ਸੰਬੰਧੀ ਪੁਲਿਸ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਬਾਲਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ, ਜਿਸ ਉਪਰੰਤ ਇਨਾ ਨੂੰ ਜਿਲਾ ਬਾਲ ਭਲਾਈ ਕਮੇਟੀ ਮੂਹਰੇ ਪੇਸ਼ ਕੀਤਾ ਜਾਵੇਗਾ। ਕਮੇਟੀ ਵੱਲੋਂ ਇਨਾ ਬਾਲਾਂ ਦੀ ਕੌਂਸਲਿੰਗ ਕਰਕੇ ਇਨਾ ਦੇ ਮਾਪਿਆਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਜੇਕਰ ਇਨਾ ਦੇ ਮਾਪਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਦਾ ਤਾਂ ਕਮੇਟੀ ਵੱਲੋਂ ਇਨਾ ਨੂੰ ‘ਚਾਈਲਡ ਕੇਅਰ ਹੋਮ’ ਵਿਖੇ ਭੇਜ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਰੇਡ ਦੌਰਾਨ ਕਮੇਟੀ ਵਿੱਚ ਬਚਪਨ ਬਚਾਓ ਅੰਦੋਲਨ ਸੰਸਥਾ ਦੇ ਸ੍ਰੀ ਦਿਨੇਸ਼, ਫੂਡ ਸੇਫਟੀ ਦਫ਼ਤਰ ਤੋਂ ਸ੍ਰੀ ਰੌਬਿਨ ਤੋਂ ਇਲਾਵਾ ਕਿਰਤ ਵਿਭਾਗ ਤੇ ਫੈਕਟਰੀਜ਼ ਵਿਭਾਗ ਦੇ ਅਧਿਕਾਰੀ, ਬਾਲ ਸੁਰੱਖਿਆ ਅਫ਼ਸਰ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ। ਉਹਨਾਂ ਕਿਹਾ ਕਿ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਿਲਾ ਲੁਧਿਆਣਾ ਵਿੱਚ ਕਿਸੇ ਵੀ ਤਰਾਂ ਦੀ ਬਾਲ ਮਜ਼ਦੂਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।