ਸ਼ਾਨਦਾਰ ਸਭਿਆਚਾਰਕ ਸਮਾਰੋਹ ਦੇ ਨਾਲ ‘ਇਲੀਟ ਕਲੱਬ’ ਮੁੜ ਹੋਇਆ ਆਰੰਭ

0
1344

* ਇਲੀਟ ਕਲੱਬ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਸਾਰਥਕ ਜ਼ਰੀਆ ਸਾਬਤ ਹੋਵੇਗਾ: ਵਰੁਣ ਰੂਜਮ
* ਕਾਮੇਡੀਅਨ ਰਾਣਾ ਰਣਬੀਰ ਸਮੇਤ ਹੋਰਾਂ ਨੇ ਕੀਤਾ ਦਰਸ਼ਕਾਂ ਦਾ ਭਰਵਾਂ ਮਨੋਰੰਜਨ
ਪਟਿਆਲਾ, 20 ਸਤੰਬਰ: (ਧਰਮਵੀਰ ਨਾਗਪਾਲ) ਅਰਬਨ ਅਸਟੇਟ ਅਤੇ ਇਸਦੇ ਨਾਲ ਲਗਦੀਆਂ ਵੱਖ-ਵੱਖ ਕਲੋਨੀਆਂ ਦੇ ਵਸਨੀਕਾਂ ਨੂੰ ਪਰਿਵਾਰਕ ਸਮਾਰੋਹਾਂ ਲਈ ਮਿਆਰੀ ਸਥਾਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੜ ਸ਼ੁਰੂ ਕੀਤੇ ਗਏ ‘ਇਲੀਟ ਕਲੱਬ’ ਨੂੰ ਇੱਕ ਸ਼ਾਨਦਾਰ ਸਭਿਆਚਾਰਕ ਸਮਾਰੋਹ ਦੌਰਾਨ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਲੋਕਾਂ ਦੇ ਰੂਬਰੂ ਹੁੰਦਿਆਂ ਸ਼੍ਰੀ ਰੂਜਮ ਨੇ ਕਿਹਾ ਕਿ ਇਹ ਕਲੱਬ ਪਰਿਵਾਰਕ ਤੇ ਸਭਿਆਚਾਰਕ ਗਤੀਵਿਧੀਆਂ ਨੂੰ ਪ੍ਰਫੁਲਿਤ ਕਰਦੇ ਹੋਏ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਸ਼ਾਨਦਾਰ ਜ਼ਰੀਆ ਸਾਬਤ ਹੋਵੇਗਾ। ਕਲੱਬ ਦੇ ਚੀਫ਼ ਪੈਟਰਨ ਅਤੇ ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਸ. ਮਨਜੀਤ ਸਿੰਘ ਨਾਰੰਗ ਨੇ ਇਲੀਟ ਕਲੱਬ ਵਿੱਚ ਹੋਣ ਵਾਲੀਆਂ ਸਰਗਰਮੀਆਂ ਅਤੇ ਇਥੇ ਮੁਹੱਈਆ ਕਰਵਾਈਆਂ ਗਈਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਲੱਬ ਵਿੱਚ ਸਥਾਪਤ ਰੈਸਟੋਰੈਂਟ ਇਸ ਦੇ ਮੈਂਬਰਾਂ ਲਈ ਕਿਫਾਇਤੀ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮਹੀਨਾਵਾਰ ਸਭਿਆਚਾਰਕ ਪ੍ਰੋਗਰਾਮਾਂ ਅਤੇ ਖੇਡ ਗਤੀਵਿਧੀਆਂ ਵੀ ਇਸ ਕਲੱਬ ਦਾ ਹਿੱਸਾ ਹੋਣਗੀਆਂ। ਕਲੱਬ ਦੇ ਪ੍ਰਧਾਨ ਅਤੇ ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ ਨੇ ਕਿਹਾ ਕਿ ਕਰੀਬ ਤਿੰਨ ਸਾਲਾਂ ਦੇ ਸਮੇਂ ਮਗਰੋਂ ਲੋਕਾਂ ਦੀ ਜ਼ੋਰਦਾਰ ਮੰਗ ’ਤੇ ਆਰੰਭ ਕੀਤੇ ਗਏ ਇਲੀਟ ਕਲੱਬ ਨੂੰ ਮੋਹਰੀ ਕਲੱਬਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ ਅਤੇ ਇਸ ਦੀਆਂ ਸਹੂਲਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾਵੇਗਾ। ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਅਦਾਕਾਰ ਤੇ ਕਾਮੇਡੀਅਨ ਰਾਣਾ ਰਣਬੀਰ ਵੱਲੋਂ ਆਪਣੇ ਵਿਲੱਖਣ ਅੰਦਾਜ਼ ਵਿੱਚ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਗਾਇਕਾਂ ਵੱਲੋਂ ਆਪਣੇ ਗੀਤਾਂ ਨਾਲ ਹਾਜ਼ਰੀ ਲਵਾਈ ਗਈ। ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਾਜੇਸ਼ ਤ੍ਰਿਪਾਠੀ, ਡਾਇਰੈਕਟਰ ਐਨ.ਜੈਡ.ਸੀ.ਸੀ. ਸ਼੍ਰੀ ਰਜਿੰਦਰ ਸਿੰਘ ਗਿੱਲ, ਸ਼੍ਰੀ ਮਨਜੀਤ ਸਿੰਘ ਚੀਮਾ, ਸ਼੍ਰੀ ਕਰਮਜੀਤ ਸਿੰਘ ਜਟਾਣਾ, ਸ਼੍ਰੀ ਜੇ.ਕੇ ਬਾਂਸਲ, ਸ਼੍ਰੀ ਮਨਮੋਹਨ ਅਰੋੜਾ, ਸ਼੍ਰੀ ਨਵਦੀਪ ਸਿੰਘ, ਸ਼੍ਰੀ ਬੀ.ਡੀ. ਗੁਪਤਾ, ਸ਼੍ਰੀ ਅਮਰਜੀਤ ਸਿੰਘ ਵੜੈਚ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਸ. ਪਰਮਜੀਤ ਸਿੰਘ ਪਰਵਾਨਾ ਨੇ ਕੀਤਾ।