ਸਕੂਲ ਤੋਂ ਘਰੇ ਆਉਂਦੀ ਸਿੱਖ ਵਿਦਿਆਰਥਣ ਨਾਲ ਬਦਮਾਸ਼ਾਂ ਵਲੋਂ ਸ਼ਰੇਆਮ ਬਦਸਲੂਕੀ , ਪੁਲਿਸ ਬਦਮਾਸ਼ਾਂ ਨੂੰ ਕਾਬੂ ਕਰਨ ਵਿਚ ਅਸਫਲ

0
1615

ਸਕੂਲ ਤੋਂ ਘਰੇ ਆਉਂਦੀ ਸਿੱਖ ਵਿਦਿਆਰਥਣ ਨਾਲ ਬਦਮਾਸ਼ਾਂ ਵਲੋਂ ਕੀਤੀ ਭਾਰੀ ਬਦਸਲੂਕੀ , ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਪੁਲਸ ਰਹੀ ਅਸਫਲ

ਸੰਗਰੂਰ ਦੀ ਦਲਿਤ ਵਿਦਿਆਰਥਣ ਤੋਂ ਬਾਅਦ ਬਟਾਲਾ ਦੀ ਧੀ ਬਣੀ ਬਦਮਾਸ਼ਾਂ ਦੀ ਗੁੰਡਾਗਰਦੀ ਦਾ ਸ਼ਿਕਾਰ

ਸ਼ਰੇਆਮ ਸੜਕ ‘ਤੇ ਘੇਰ ਲੜਕੀ ਵਲੋਂ ਸਿਰ ਉਤੇ ਸਜਾਇਆ ਦੁਮਾਲਾ ਉਤਾਰ ਕੇ ਜਮੀਨ ‘ਤੇ ਸੁੱਟਿਆ ਅਤੇ ਫੋਟੋਆਂ ਖਿੱਚੀਆਂ

ਬਟਾਲਾ, 12 ਅਗਸਤ ( ਯੂਵੀ ਸਿੰਘ ਮਾਲਟੂ)- ਬਟਾਲਾ ਦੇ ਬੇਰਿੰਗ ਸਕੂਲ ਵਿਚ ਗਿਆਰਵੀਂ ਜਮਾਤ ਵਿਚ ਪੜ੍ਹਨ ਵਾਲੀ ਇਕ ਸਿੱਖ ਵਿਦਿਆਰਥਣ ਉਮਰ ਤਕਰੀਬਨ 16-17 ਸਾਲ ਦੇ ਕਰੀਬ ਹੈ ਜਦ ਸਕੂਲ ਤੋਂ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਕੁੱਝ ਬਦਮਾਸ਼ਾਂ ਨੇ ਸ਼ਰੇਆਮ ਉਕਤ ਵਿਦਿਆਰਥਣ ਨੂੰ ਰੋਕ ਕੇ ਜਿੱਥੇ ਉਸਦੇ ਨਾਲ ਛੇੜਛਾੜ ਕੀਤੀ ਉਥੇ ਨਾਲ ਹੀ ਤੇਜ਼ਧਾਰ ਹਥਿਆਰ ਦੇ ਨਾਲ ਪੀੜਤ ਲੜਕੀ ਉਤੇ ਹਮਲਾ ਵੀ ਕੀਤਾ ਜਿਸ ਦੇ ਸਿੱਟੇ ਵਜੋਂ ਉਕਤ ਲੜਕੀ ਵਲੋਂ ਸਿਰ ਉਤੇ ਸਜਾਇਆ ਗਿਆ ਦੁਮਾਲਾ ਉਤਰ ਕੇ ਧਰਤੀ ਉਤੇ ਡਿੱਗ ਗਿਆ ਅਤੇ ਉਸ ਉਪਰੰਤ ਉਕਤ ਬਦਮਾਸ਼ਾਂ ਵਲੋਂ ਸ਼ਰੇਆਮ ਪੀੜਤ ਲੜਕੀ ਦੀਆਂ ਫੋਟੋਆਂ ਖਿੱਚੀਆਂ ਗਈਆਂ ਅਤੇ ਉਸਦੇ ਪਰਸ ਵਿੱਚੋਂ 500 ਰੁਪਏ ਕਢ ਕੇ ਪੀੜਤ ਵਿਦਿਆਰਥਣ ਨੂੰ ਧਮਕੀ ਦਿੱਤੀ ਗਈ ਕਿ ਜੇ ਜੇਕਰ ਉਹ ਆਪਣੇ ਘਰੋਂ 10, 000/- ਨਾ ਲੈ ਕੇ ਆਈ ਤਾਂ ਉਸ ਦੀਆਂ ਫੋਟੋਆਂ ਅਤੇ ਰਿਕਾਰਡਿੰਗ ਇੰਟਰਨੈੱਟ ਅਤੇ ਸ਼ੋਸ਼ਲ ਨੈਟਵਰਕ ਸਾਈਟਾਂ ਉਤੇ ਵਾਇਰਲ ਕਰ ਦਿਤੀਆਂ ਜਾਣਗੀਆਂ । ਗੌਰਤਲਬ ਹੈ ਕਿ ਪਿਛਲੇ ਦਿਨੀਂ ਛੇੜਛਾੜ ਤੋਂ ਤੰਗ ਆ ਕੇ ਪੰਜਾਬ ਦੇ ਇਕ ਸਕੂਲ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ ਸੀ ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ ਅਤੇ ਹੁਣ ਪੰਜਾਬ ਦੇ ਇਤਿਹਾਸਕ ਸ਼ਹਿਰ ਬਟਾਲਾ ਵਿਚ ਸਿਰਫਿਰੇ ਆਸ਼ਕਾਂ ਵਲੋਂ ਇਸ ਵਿਦਿਆਰਥਣ ਨੂੰ ਸ਼ਰੇਆਮ ਆਪਣੀ ਘਿਨਾਉਣੀ ਹਰਕਤ ਦਾ ਸ਼ਿਕਾਰ ਬਣਾਇਆ ਉਥੇ ਹੀ ਇਸ ਘਿਨਾਉਣੇ ਘਟਨਾਕ੍ਰਮ ਨੇ ਬਟਾਲਾ ਪੁਲਸ ਨੂੰ ਵੀ ਸਵਾਲਾਂ ਦੇ ਕਟਹਿਰੇ ਵਿੱਚ ਘਸੀਟ ਲਿਆਂਦਾ ਹੈ ਕਿਉਂਕਿ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਹੋਣ ਦਾ ਦਾਅਵਾ ਕਰਨ ਵਾਲੀ ਬਟਾਲਾ ਪੁਲਸ ਦੇ ਦਾਅਵੇ ਨੂੰ ਬਦਮਾਸ਼ਾਂ ਦੀ ਇਸ ਹਰਕਤ ਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਇਲਾਕੇ ਵਿੱਚ ਨਿੱਤ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸਬੰਧਤ ਪੁਲਸ ਥਾਣਾ ਤੇ ਪੁਲਸ ਚੌਕੀ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ! ਬੇਸ਼ੱਕ ਪੁਲਸ ਵਲੋਂ ਪੀੜਤ ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਨਿੰਦਰ ਸਿੰਘ ਪੁੱਤਰ ਬਲਦੇਵ ਸਿੰਘ , ਕਾਕਾ ਸ਼ਾਹ ਪੁੱਤਰ ਜਸਬੀਰ ਸਿੰਘ , ਮਹਿਕ ਵਾਸੀ ਪੰਜ ਗਰਾਈਆਂ ਦੇ ਖਿਲਾਫ ਪੁਲਸ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ – 122 , ਮਿਤੀ – 11/8/2015 , ਧਾਰਾ – 341, 354 , 354-ਏ , 354-ਬੀ , 354-ਡੀ , 295-ਏ , 506 , 379 , 323 , 34 ਭਾਰਤੀ ਦੰਡਾਵਲੀ ਅਤੇ 7, 8 ਪ੍ਰੋਟੈਕਸ਼ਨ ਆਫ ਚਿਲਡਰਨ ਸੈਕਸੁਅਲ ਔਫੈਂਸ ਐਕਟ 2012 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪੁਲਸ ਅਜੇ ਤੱਕ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਨਹੀਂ ਹੋ ਸਕੀ ਤੇ ਉਕਤ ਬਦਮਾਸ਼ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਅਜੇ ਵੀ ਸ਼ਰੇਆਮ ਘੁੰਮ ਰਹੇ ਹਨ ।