ਸਬੂਤਾਂ ਦੇ ਆਧਾਰ ‘ਤੇ ਹਰੇਕ ਨਸ਼ਾ ਕਾਰੋਬਾਰੀ ਨੂੰ ਸਜ਼ਾ ਮਿਲੇਗੀ,ਕਿਹਾ! ਗੁਰਦਾਸਪੁਰ ਲੋਕ ਸਭਾ ਚੋਣ ਵਿੱਚ ਜੀ.ਐਸ.ਟੀ. ਅਤੇ ਨੋਟਬੰਦੀ ਦਾ ਅਸਰ ਸਾਫ਼ ਦਿਖਿਆ,

0
1426

ਲੁਧਿਆਣਾ, 27 ਅਕਤੂਬਰ (ਸੀ ਐਨ ਆਈ )-ਅੱਜ ਇੱਥੇ ਇੱਕ ਸਮਾਗਮ ‘ਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰੀ ਭਾਵੇਂ ਕਿੰਨੇ ਵੱਡੇ ਰੁਤਬੇ ਜਾਂ ਅਹੁਦੇ ਦਾ ਮਾਲਕ ਰਹਿ ਚੁੱਕਿਆ ਹੋਵੇ, ਉਸ ਨੂੰ ਸਜ਼ਾ ਮਿਲਣਾ ਤੈਅ ਹੈ। ਉਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਭਾਵੇਂਕਿ ਨਸ਼ਾ ਮਾਮਲਿਆਂ ਨਾਲ ਨਾਮ ਕਥਿਤ ਤੌਰ ‘ਤੇ ਜੁੜਿਆ ਹੋਇਆ ਹੈ, ਪ੍ਰੰਤੂ ਅਜੇ ਇਸ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਉਪਰੰਤ ਸਬੂਤਾਂ ਦੇ ਅਧਾਰ ‘ਤੇ ਉਸ ਨੂੰ ਵੀ ਕਾਨੂੰਨ ਮੁਤਾਬਿਕ ਸਜ਼ਾ ਮਿਲੇਗੀ।
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੂੰ ਮਿਲੀ ਇਤਿਹਾਸਕ ਜਿੱਤ ‘ਤੇ ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਸ੍ਰ. ਬਿੱਟੂ ਨੇ ਕਿਹਾ ਹੈ ਕਿ ਇਸ ਜਿੱਤ ਨਾਲ ਸੂਬੇ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਅਤੇ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਜੀ.ਐਸ.ਟੀ. ਅਤੇ ਨੋਟਬੰਦੀ ਨੇ ਆਮ ਲੋਕਾਂ ਸਮੇਤ ਹਰੇਕ ਵਰਗ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ, ਜਿਸ ਦੀ ਸਜ਼ਾ ਲੋਕ ਆਉਂਦੀਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ।
ਉਹਨਾਂ ਦੱਸਿਆ ਕਿ ਨੋਟਬੰਦੀ ਨਾਲ ਬੀ.ਜੇ.ਪੀ. ਸਰਕਾਰ ਨੇ ਆਪਣੇ ਚਹੇਤਿਆਂ ਦੇ ਕਾਲੇ ਧਨ ਨੂੰ ਸਫੇਦ ਕੀਤਾ ਅਤੇ ਆਮ ਲੋਕਾਂ ‘ਤੇ ਲਾਠੀਆਂ ਚਲਾਈਆਂ ਹਨ, ਜਿਸ ਦਾ ਖਮਿਆਜ਼ਾ ਬੀ.ਜੇ.ਪੀ. ਨੂੰ ਭੁਗਤਣਾ ਪਵੇਗਾ। ਉਨਾਂ ਕਿਹਾ ਕਿ ਪਿਛਲੀ ਸੂਬਾ ਸਰਕਾਰ ਨੇ ਆਖਰੀ ਸਮੇਂ ਖਜ਼ਾਨੇ ‘ਤੇ 31 ਹਜ਼ਾਰ ਕਰੋੜ ਰੁਪਏ ਦਾ ਬੋਝ ਪਾਇਆ, ਜਿਸ ਕਰਕੇ ਆਰਥਿਕਤਾ ਵਿੱਚ ਖੜੋਤ ਆਉਣੀ ਸ਼ੁਰੂ ਹੋ ਗਈ।
ਉਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਆਰਥਿਕਤਾ ਵਿੱਚ ਲਿਆਂਦੀ ਖੜੋਤ ਨੂੰ ਤੋੜਿਆ ਜਾ ਰਿਹਾ ਹੈ ਅਤੇ ਸੂਬੇ ਵਿੱਚ ਕਾਂਗਰਸ ਪਾਰਟੀ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਵਿੱਚ ਕੋਈ ਵੀ ਧੜੇਬੰਦੀ ਨਹੀਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਤਕਰੀਬਨ 25-30 ਵਿਧਾਇਕਾਂ ਅਤੇ ਯੂਥ ਕਾਂਗਰਸੀ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਉਨਾਂ ਕਿਹਾ ਕਿ ਲੋਕ ਜੀ.ਐਸ.ਟੀ.ਅਤੇ ਨੋਟਬੰਦੀ ਦੀ ਸਜ਼ਾ ਆਉਂਦੀਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਦੇਣਗੇ।