ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ’ਚ ਮਿਡ ਡੇਅ ਮੀਲ ਮੁਹੱਈਆ ਕਰਵਾਉਣ ਵਾਲੀ ਫਰਮ ਦੀ ਅਚਨਚੇਤ ਜਾਂਚ

0
1317

* ਸ਼ਿਕਾਇਤਾਂ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕੀਤੀ ਅਚਨਚੇਤ ਜਾਂਚ
* ਭਵਿੱਖ ’ਚ ਬੇਨਿਯਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਰੂਜਮ

ਪਟਿਆਲਾ, 7 ਅਗਸਤ: (ਧਰਮਵੀਰ ਨਾਗਪਾਲ) ਪਟਿਆਲਾ ਸ਼ਹਿਰ ਦੇ 90 ਤੋਂ ਵੱਧ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਮਿਡ ਡੇਅ ਮੀਲ ਭੇਜਣ ਵਾਲੀ ਫਰਮ ਦੀ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਵੱਲੋਂ ਅਚਨਚੇਤ ਜਾਂਚ ਕੀਤੀ ਗਈ ਅਤੇ ਮੌਕੇ ’ਤੇ ਸਾਹਮਣੇ ਆਈਆਂ ਬੇਨਿਯਮੀਆਂ ਨੂੰ ਫੌਰੀ ਤੌਰ ’ਤੇ ਦੂਰ ਕਰਨ ਦੀ ਹਦਾਇਤ ਕੀਤੀ ਗਈ। ਸ਼੍ਰੀ ਰੂਜਮ ਨੇ ਦੱਸਿਆ ਕਿ ਫਰਮ ਵੱਲੋਂ ਮੁਹੱਈਆ ਕਰਵਾਏ ਜਾਂਦੇ ਭੋਜਨ ਵਿੱਚ ਕੁਝ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਬੇਨਿਯਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਖਾਣਾ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਦੀ ਗੁਣਵੱਤਾ, ਕਣਕ ਅਤੇ ਆਟੇ ਸਮੇਤ ਹੋਰ ਸਮੱਗਰੀ ਨੂੰ ਭੰਡਾਰ ਕਰਨ ਵਾਲੇ ਗੋਦਾਮਾਂ, ਰੋਟੀਆਂ ਤਿਆਰ ਕਰਨ ਵਾਲੇ ਕਮਰਿਆਂ ਸਮੇਤ ਸਟੋਰ ਆਦਿ ਦੀ ਜਾਂਚ ਵੀ ਕੀਤੀ ਅਤੇ ਕੁਝ ਥਾਂਵਾਂ ’ਤੇ ਸਫ਼ਾਈ ਨਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਫਰਮ ਦੇ ਮਾਲਕਾਂ ਨੂੰ ਸੁਧਾਰ ਲਈ ਤੁਰੰਤ ਢੁਕਵੇਂ ਕਦਮ ਪੁੱਟਣ ਦੀ ਹਦਾਇਤ ਕੀਤੀ। ਜ਼ਿਕਰਯੋਗ ਹੈ ਕਿ ਇਸ ਫਰਮ ਵੱਲੋਂ ਸ਼ਹਿਰ ਦੇ 90 ਤੋਂ ਵੱਧ ਸਕੂਲਾਂ ਵਿੱਚ ਪੜ•ਦੇ ਕਰੀਬ ਸਾਢੇ 16 ਹਜ਼ਾਰ ਵਿਦਿਆਰਥੀਆਂ ਨੂੰ ਭੋਜਨ ਤਿਆਰ ਕਰਵਾ ਕੇ ਭੇਜਿਆ ਜਾਂਦਾ ਹੈ ਅਤੇ ਇਸ ਦੌਰਾਨ ਕੁਝ ਸਕੂਲਾਂ ਨੇ ਰੋਟੀ ਦੇ ਮਿਆਰ ਸਬੰਧੀ ਸ਼ਿਕਾਇਤਾਂ ਕੀਤੀਆਂ ਸਨ ਜਿਸ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਰੂਜਮ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੇਸ਼ ਤ੍ਰਿਪਾਠੀ, ਜ਼ਿਲ•ਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਬਹਾਦਰ ਸਿੰਘ, ਮਿਡ ਡੇਅ ਮੀਲ ਦੇ ਕੋਆਰਡੀਨੇਟਰ ਸ਼੍ਰੀ ਗੁਰਪ੍ਰਤਾਪ ਸਿੰਘ ਸਮੇਤ ਫੋਕਲ ਪੁਆਇੰਟ ’ਤੇ ਸਥਿਤ ਫਰਮ ਦੀ ਅਚਨਚੇਤ ਜਾਂਚ ਕੀਤੀ ਗਈ ਅਤੇ ਸੁਧਾਰ ਲਈ ਤੁਰੰਤ ਢੁਕਵੇਂ ਕਦਮ ਪੁੱਟਣ ਦੀ ਹਦਾਇਤ ਕੀਤੀ ਗਈ।