ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਾਓ ਸੰੰਬੰਧੀ ਅਗਵਾਈ ਲੀਹਾਂ ਜਾਰੀ ਖਾਲੀ ਪਏ ਭਾਂਡਿਆਂ ਤੇ ਵਸਤਾਂ ‘ਚ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ-ਸਿਵਲ ਸਰਜਨ

0
1786

ਲੁਧਿਆਣਾ, 25 ਅਕਤੂਬਰ (ਸੀ ਐਨ ਆਈ )-ਡਾ. ਹਰਦੀਪ ਸਿੰਘ ਘਈ, ਸਿਵਲ ਸਰਜਨ ਲੁਧਿਆਣਾ ਨੇ ਵੈਕਟਰ ਬੋਰਨ ਡਜ਼ੀਜ ਕੰਟਰੋਲ ਪ੍ਰੋਗਰਾਮ ਅਧੀਨ ਡੇਂਗੂ, ਚਿਕਨਗੁਨੀਆ ਬੁਖ਼ਾਰ ਨੂੰ ਕੰਟਰੋਲ ਕਰਨ ਲਈ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨਾ ਬੀਮਾਰੀਆਂ ਤੋਂ ਬਚਣ ਲਈ ਭਾਵੇਂਕਿ ਸਿਹਤ ਵਿਭਾਗ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ਪਰ ਇਸ ਸੰਬੰਧੀ ਹਰੇਕ ਵਿਅਕਤੀ ਨੂੰ ਕੁਝ ਬਚਾਅ ਵੀ ਰੱਖਣੇ ਚਾਹੀਦੇ ਹਨ ਤਾਂ ਹੀ ਇਨਾ ਬਿਮਾਰੀਆਂ ਤੋਂ ਪੂਰੀ ਤੌਰ ‘ਤੇ ਬਚਿਆ ਜਾ ਸਕਦਾ ਹੈ। ਇਨਾ ਕਿਹਾ ਕਿ ਡੇਂਗੂ ਇੱਕ ਵਾਇਰਲ ਬੁਖ਼ਾਰ ਹੈ, ਜੋ ਕਿ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਤੇਜ਼ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆ ਵਿੱਚ ਦਰਦ, ਚਮੜੀ ‘ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਡੇਂਗੂ ਬੁਖਾਰ ਦੇ ਲੱਛਣ ਹਨ। ਇਹ ਸਾਫ ਅਤੇ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਸਿਰਫ ਦਿਨ ਵੇਲੇ ਹੀ ਕੱਟਦਾ ਹੈ।
ਇਸ ਤੋਂ ਬਚਣ ਲਈ ਕੂਲਰਾਂ ਅਤੇ ਗ਼ਮਲਿਆਂ ਦੀਆਂ ਟਰੇਆਂ ਵਿੱਚ ਖੜੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕਰੋ, ਕੱਪੜੇ ਅਜਿਹੇ ਪਹਿਨੇ ਜਿਸ ਨਾਲ ਪੂਰਾ ਸਰੀਰ ਢੱਕਿਆ ਰਹੇ ਅਤੇ ਮੱਛਰ ਦੇ ਕੱਟਣ ਤੋਂ ਬਚਿਆ ਰਹੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਬੁਖ਼ਾਰ ਹੋਣ ‘ਤੇ ਐਸਪ੍ਰੀਨ ਅਤੇ ਬਰੂਫਨ ਦਵਾਈਆਂ ਨਾ ਲਵੋ, ਸਿਰਫ ਪੈਰਾਸੀਟਾਮੋਲ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਕਰੋ। ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਅਤੇ ਢੱਕਣਾ ਨੂੰ ਚੰਗੀ ਤਰਾਂ ਬੰਦ ਰੱਖੋ, ਟੁੱਟੇ ਬਰਤਨਾਂ, ਡਰੱਮਾਂ ਅਤੇ ਟਾਇਰਾਂ ਆਦਿ ਨੂੰ ਖਲੇ ਵਿੱਚ ਨਾ ਰੱਖੋ। ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ‘ਤੇ ਲੰਘਾਇਆ ਜਾਵੇ। ਪਾਣੀ ਜਾਂ ਤਰਲ ਚੀਜ਼ਾਂ ਦੀ ਵਰਤੋਂ ਜ਼ਿਆਦਾ ਕਰੋ ਅਤੇ ਅਰਾਮ ਕਰਨਾ ਚਾਹੀਦਾ ਹੈ। ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਕੂਲਰਾਂ, ਗਮਲੇ, ਫ੍ਰਿਜ਼ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਹਰ ਸ਼ੁੱਕਰਵਾਰ ਨੂੰ ਸੁੱਕਾ ਰੱਖਿਆ ਜਾਵੇ, ਤਾਂ ਜੋ ਮੱਛਰਾਂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਐਂਟੀ ਲਾਰਵਾ ਸਕੀਮ ਅਧੀਨ ਲੁਧਿਆਣਾ, ਖੰਨਾ ਅਤੇ ਜਗਰਾਂਓ ਵਿਖੇ ਡੇਂਗੂ, ਚਿਕਨ ਗੁਨੀਆ ਬੁਖਾਰ ਨੂੰ ਕੰਟਰੋਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਡੇਂਗੂ ਬੁਖਾਰ ਨੂੰ ਕੰਟਰੋਲ ਕਰਨ ਲਈ ਜਿਲਾ ਪੱਧਰ ‘ਤੇ ਜਿਲਾ ਪੱਧਰੀ ਡੇਂਗੂ ਮੋਨੀਟਰਿੰਗ ਕਮੇਟੀ ਦੀਆਂ ਮੀਟਿੰਗਾਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨਾਲ ਕੀਤੀਆਂ ਗਈਆਂ ਹਨ, ਜਿਸ ਵਿੱਚ ਸਬੰਧਤ ਵੱਖ-ਵੱਖ ਵਿਭਾਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਮਹੀਨਾ ਅਪ੍ਰੈਲ 2017 ਤੋਂ ਲਗਾਤਾਰ ਆਈ.ਈ.ਸੀ. ਐਕਟੀਵਿਟੀ ਕੀਤੀਆਂ ਗਈਆਂ ਹਨ, ਜਿਸ ਵਿੱਚ ਸਾਰੇ ਸ਼ਹਿਰ ਵਿੱਚ ਫਲੈਕਸ ਬੈਨਰ, ਬੋਰਡ, ਪੰਪਲੈਟ, ਪੋਸਟਰ, ਰੈਲੀਆਂ, ਗਰੁੱਪ ਮੀਟਿੰਗਾਂ ਅਤੇ ਮਾਇਕਿੰਗ ਦੁਆਰਾ ਲੋਕਾਂ ਨੂੰ ਬਚਾਓ ਸਬਧੀ ਜਾਣਕਾਰੀ ਦਿੱਤੀ ਗਈ ਹੈ। ਐਂਟੀ ਲਾਰਵਾ ਵਿੰਗ ਦੀਆਂ 18 ਟੀਮਾਂ ਬੀਟ ਵਾਈਜ਼ ਪ੍ਰੋਗਰਾਮ ਅਨੁਸਾਰ ਸ਼ਹਿਰ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਐਂਟੀ ਲਾਰਵਾ ਵਿੰਗ ਵੱਲੋਂ ਮੱਛਰ ਦਾ ਲਾਰਵਾ ਚੈੱਕ ਕੀਤਾ ਜਾਂਦਾ ਹੈ, ਜਿਸ ਥਾਂ ‘ਤੇ ਪਾਜ਼ੀਟਿਵ ਲਾਰਵਾ ਮਿਲਦਾ ਹੈ ਉਥੇ ਮੌਕੇ ‘ਤੇ ਹੀ ਲਾਰਵਾ ਨਸ਼ਟ ਕਰਵਾਇਆ ਜਾਂਦਾ ਹੈ ਅਤੇ ਇਸ ਦੀ ਸੂਚਨਾ ਨਗਰ ਨਿਗਮ ਜਾਂ ਨਗਰ ਕੌਂਸਲ ਨੂੰ ਚਲਾਨ ਕਰਨ ਸਬੰਧੀ ਭੇਜ ਦਿੱਤੀ ਜਾਂਦੀ ਹੈ।
ਜੁਲਾਈ ਮਹੀਨਾ ਸਾਰੇ ਜ਼ਿਲ•ੇ ਵਿੱਚ ਐਂਟੀ ਡੇਂਗੂ ਮਹੀਨੇ ਵਜੋਂ ਮਨਾਇਆ ਗਿਆ, ਜਿਸ ਵਿੱਚ ਹਰ ਇੱਕ ਬਲਾਕ, ਪੀ.ਐਚ.ਸੀ., ਸਬ-ਸੈਂਟਰ ਅਤੇ ਅਰਬਨ ਏਰੀਏ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ। ਹਾਈ ਰਿਸਕ ਏਰੀਏ ਵਿੱਚ ਡੇਂਗੂ ਬੁਖਾਰ ਤੋਂ ਬਚਾਓ ਸਬੰਧੀ ਸਿਹਤ ਸਿੱਖਿਆ ਦਿੱਤੀ ਜਾ ਰਹੀ ਹੈ। ਸ਼ਹਿਰੀ ਖੇਤਰਾਂ ਵਿੱਚ ਫੌਗਿੰਗ ਕਰਨ ਸਬੰਧੀ ਨਗਰ ਨਿਗਮ ਨੂੰ ਲਿਖਿਆ ਗਿਆ ਹੈ। ਸਿਵਲ ਹਸਪਤਾਲ ਲੁਧਿਆਣਾ ਅਤੇ ਸਾਰੇ ਸਬ-ਡਵੀਜ਼ਨਲ ਹਸਪਤਾਲ, ਬਲਾਕ ਪੱਧਰ ‘ਤੇ ਇਨਸੈਕਟੀਸਾਈਟ ਮੱਛਰਦਾਨੀ ਲਗਾ ਕੇ ਡੇਂਗੂ ਵਾਰਡ ਤਿਆਰ ਰੱਖੇ ਗਏ ਹਨ। ਡੇਂਗੂ ਕੇਸਾਂ ਦਾ ਸਮੇਂ ਸਿਰ ਇਲਾਜ ਲਈ ਸਿਵਲ ਹਸਪਤਾਲ, ਸੀ.ਐਚ.ਸੀ. ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਰ ਸ਼ੱਕੀ ਕੇਸ ਦਾ ਟੈਸਟ ਸਿਵਲ ਹਸਪਤਾਲ ਲੁਧਿਆਣਾ ਵਿਖੇ ਕਰਾਸ ਚੈੱਕ ਲਈ ਭੇਜਿਆ ਜਾ ਰਿਹਾ ਹੈ। ਪਾਜ਼ੀਟਿਵ ਡੇਂਗੂ ਕੇਸਾਂ ਦਾ ਸਪੋਰਟਿਵ ਇਲਾਜ਼ ਸਿਹਤ ਵਿਭਾਗ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਜ਼ਿਲ•ਾ ਲੁਧਿਆਣਾ ਵਿੱਚ ਡੇਂਗੂ ਪਾਜ਼ੀਟਿਵ ਕੇਸ ਨਾਲ ਸਬੰਧਤ ਕੋਈ ਵੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਕਤੂਬਰ 2016 ਵਿੱਚ ਡੇਂਗੂ ਦੇ 577 ਪਾਜ਼ੀਟਿਵ ਕੇਸ ਸਨ ਅਤੇ ਸਾਲ 2017 ਵਿੱਚ ਉਪਰੋਕਤ ਗਤੀਵਿਧੀਆਂ ਕਾਰਨ ਮਿਤੀ 25 ਅਕਤੂਬਰ, 2017 ਤੱਕ ਡੇਂਗੂ ਦੇ 329 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।